ਵਾਸ਼ਿੰਗਟਨ (ਇੰਟ.)-ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ ਤੋਂ 6 ਘੰਟੇ ਬਾਅਦ ਹਮਾਸ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੋ ਗਿਆ ਹੈ। ਹਮਾਸ ਨੇ ਸ਼ੁੱਕਰਵਾਰ ਰਾਤ ਨੂੰ ਐਲਾਨ ਕੀਤਾ ਕਿ ਉਹ ਟਰੰਪ ਦੇ ਪਲਾਨ ’ਚ ਦੱਸੇ ਗਏ ਫਾਰਮੂਲੇ ਅਨੁਸਾਰ ਸਾਰੇ ਜ਼ਿੰਦਾ ਅਤੇ ਮਰੇ ਹੋਏ ਬੰਧਕਾਂ ਨੂੰ ਰਿਹਾਅ ਕਰਨ ਅਤੇ ਗਾਜ਼ਾ ਦਾ ਪ੍ਰਸ਼ਾਸਨ ਛੱਡਣ ਲਈ ਵੀ ਤਿਆਰ ਹੈ।
ਹਮਾਸ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਇਸ ਹਫਤੇ ਪੇਸ਼ ਕੀਤੀ ਗਈ 20 ਪੁਆਇੰਟ ਦੀ ਪੀਸ ਡੀਲ ਦੇ ਕੁਝ ਪਹਿਲੂਆਂ ’ਤੇ ਗੱਲਬਾਤ ਜ਼ਰੂਰੀ ਹੈ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਹਮਾਸ ਵੱਲੋਂ ਜੋ ਜਵਾਬ ਆਇਆ ਹੈ, ਉਸ ’ਚ ਹਥਿਆਰ ਛੱਡਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਹਮਾਸ ਦੇ ਐਲਾਨ ਤੋਂ ਬਾਅਦ ਟਰੰਪ ਨੇ ਇਜ਼ਰਾਈਲ ਨੂੰ ਗਾਜ਼ਾ ’ਚ ਹਮਲੇ ਤੁਰੰਤ ਰੋਕਣ ਲਈ ਕਿਹਾ ਹੈ। ਉਥੇ ਹੀ, ਇਜ਼ਰਾਈਲ ਨੇ ਕਿਹਾ ਕਿ ਉਹ ਟਰੰਪ ਦੇ ਗਾਜ਼ਾ ਪਲਾਨ ’ਤੇ ਕੰਮ ਕਰਨ ਲਈ ਤਿਆਰ ਹੈ। ਦੂਜੇ ਪਾਸੇ ਪਾਕਿਸਤਾਨ ਵੀ ਕੱਲ ਇਸ ਜੰਗਬੰਦੀ ਪਲਾਨ ਦਾ ਵਿਰੋਧ ਕਰਨ ਤੋਂ ਬਾਅਦ ਅੱਜ ਇਸ ਦੇ ਸਮਰਥਨ ’ਚ ਆ ਗਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਰੰਪ ਦੇ ਗਾਜ਼ਾ ਜੰਗਬੰਦੀ ਪਲਾਨ ਦੀ ਸ਼ਲਾਘਾ ਕੀਤੀ ਹੈ। ਇਹ ਪਲਾਨ ਗਾਜ਼ਾ ਵਿਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ। ਅਸੀਂ ਹੁਣ ਗਾਜ਼ਾ ਵਿਚ ਜੰਗਬੰਦੀ ਦੇ ਬਹੁਤ ਨੇੜੇ ਹਾਂ। ਹਮਾਸ ਦੇ ਬਿਆਨ ਨੇ ਸ਼ਾਂਤੀ ਦਾ ਰਸਤਾ ਖੋਲ੍ਹ ਦਿੱਤਾ ਹੈ, ਜਿਸ ਨੂੰ ਸਾਨੂੰ ਬੰਦ ਨਹੀਂ ਹੋਣ ਦੇਣਾ ਚਾਹੀਦਾ। ਪਾਕਿਸਤਾਨ ਫਿਲਸਤੀਨ ’ਚ ਸ਼ਾਂਤੀ ਲਿਆਉਣ ਲਈ ਕੰਮ ਕਰੇਗਾ।
ਪਲਾਨ ਦਾ ਪਹਿਲਾ ਪੜਾਅ ਲਾਗੂ ਕਰਨ ਲਈ ਤਿਆਰ ਇਜ਼ਰਾਈਲ
ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਜ਼ਰਾਈਲ ਟਰੰਪ ਦੇ ਪਲਾਨ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ ਲਈ ਉਹ ਟਰੰਪ ਅਤੇ ਉਨ੍ਹਾਂ ਦੀ ਟੀਮ ਨਾਲ ਮਿਲਕੇ ਕੰਮ ਕਰਨਗੇ ਤਾਂ ਕਿ ਜੰਗ ਖਤਮ ਹੋ ਸਕੇ। ਇਸ ਦੇ ਨਾਲ ਇਜ਼ਰਾਈਲ ਗਾਜ਼ਾ ਵਿਚ ਹਮਲੇ ਰੋਕਣ ਲਈ ਤਿਆਰ ਹੋ ਗਿਆ ਹੈ। ਸਰਕਾਰ ਨੇ ਫੌਜ ਨੂੰ ਗਾਜ਼ਾ ’ਤੇ ਕਬਜ਼ੇ ਦੀ ਕਾਰਵਾਈ ਨੂੰ ਰੋਕਣ ਦਾ ਹੁਕਮ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਸਿਰਫ ਜ਼ਰੂਰਤ ਪੈਣ ’ਤੇ ਹੀ ਕਾਰਵਾਈ ਕੀਤੀ ਜਾਵੇ।
ਹਮਾਸ 48 ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ
ਹਮਾਸ ਸਾਰੇ 48 ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਇਨ੍ਹਾਂ ’ਚੋਂ 20 ਦੇ ਜ਼ਿੰਦਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੰਧਕ ਜੰਗਬੰਦੀ ਲਾਗੂ ਹੋਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਰਿਹਾਅ ਕੀਤੇ ਜਾਣਗੇ ਅਤੇ ਬਦਲੇ ’ਚ 2,000 ਤੋਂ ਵੱਧ ਫਿਲਸਤੀਨੀ ਕੈਦੀਆਂ ਅਤੇ ਮਾਰੇ ਗਏ ਗਾਜ਼ਾ ਵਾਸੀਆਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਇਜ਼ਰਾਈਲ ਗਾਜ਼ਾ ਤੋਂ ਆਪਣੀ ਵਾਪਸੀ ਦਾ ਪਹਿਲਾ ਪੜਾਅ ਪੂਰਾ ਕਰੇਗਾ। ਬੰਧਕਾਂ ਨੂੰ ਸਿਰਫ਼ ਜ਼ਰੂਰੀ ਸ਼ਰਤਾਂ ਪੂਰੀਆਂ ਹੋਣ ’ਤੇ ਹੀ ਰਿਹਾਅ ਕੀਤਾ ਜਾਵੇਗਾ। ਹਾਲਾਂਕਿ ਹਮਾਸ ਨੇ ਇਨ੍ਹਾਂ ਸ਼ਰਤਾਂ ਬਾਰੇ ਹੋਰ ਕੋਈ ਵੇਰਵਾ ਨਹੀਂ ਦਿੱਤਾ ਹੈ। ਹਮਾਸ ਪੋਲਿਤ ਬਿਊਰੋ ਦੇ ਮੈਂਬਰ ਮੂਸਾ ਅਬੂ ਮਰਜ਼ੁਕ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਜਦੋਂ ਤੱਕ ਗਾਜ਼ਾ ’ਤੇ ਇਜ਼ਰਾਈਲੀ ਕਬਜ਼ਾ ਖਤਮ ਨਹੀਂ ਹੋ ਜਾਂਦਾ, ਉਹ ਹਥਿਆਰ ਨਹੀਂ ਛੱਡੇਗਾ।
ਦੁਖਦ ਘਟਨਾ: ਅਮਰੀਕਾ 'ਚ ਇੱਕ ਮਹੀਨੇ ਬਾਅਦ ਇੱਕ ਹੋਰ ਭਾਰਤੀ ਦਾ ਕਤਲ
NEXT STORY