ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਅਤੇ ਸਥਿਤੀ ਦਾ ਮੁੱਦਾ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵਿੱਚ ਜ਼ੋਰ-ਸ਼ੋਰ ਨਾਲ ਗੂੰਜਿਆ। ਵਿਰੋਧੀ ਧਿਰ ਦੀ ਮੁੱਖ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਨੇ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਮੰਗ ਕੀਤੀ ਹੈ ਕਿ ਇਮਰਾਨ ਖਾਨ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਤੁਰੰਤ ਮਿਲਣ ਦਿੱਤਾ ਜਾਵੇ।
ਸੰਸਦ 'ਚ PTI ਦੀਆਂ ਮੰਗਾਂ
PTI ਦੇ ਸੰਸਦ ਮੈਂਬਰ ਫੈਜ਼ਲ ਜਾਵੇਦ ਨੇ ਨੈਸ਼ਨਲ ਅਸੈਂਬਲੀ ਵਿੱਚ ਇਸ ਮੁੱਦੇ ਨੂੰ ਉਠਾਇਆ। ਉਨ੍ਹਾਂ ਨੇ ਮੰਗ ਕੀਤੀ ਕਿ ਅਗਲੇ 24 ਘੰਟਿਆਂ ਵਿੱਚ ਇਮਰਾਨ ਖਾਨ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਦਿੱਤਾ ਜਾਵੇ। ਫੈਜ਼ਲ ਜਾਵੇਦ ਨੇ ਸਵਾਲ ਕੀਤਾ ਕਿ ਇਮਰਾਨ ਖਾਨ ਨੂੰ ਪੂਰੀ ਤਰ੍ਹਾਂ ਨਾਲ ਇਕਾਂਤ ਕੈਦ ਵਿੱਚ ਕਿਉਂ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਨਾਲ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਇਸ ਮਾਮਲੇ 'ਤੇ ਸਰਕਾਰ ਤੋਂ ਜਵਾਬ ਮੰਗਿਆ ਅਤੇ ਇਸ ਮੁੱਦੇ ਨੂੰ ਸੈਨੇਟ ਵਿੱਚ ਵੀ ਉਠਾਉਣ ਦੀ ਇਜਾਜ਼ਤ ਮੰਗੀ।
ਗ੍ਰਹਿ ਰਾਜ ਮੰਤਰੀ ਦੇ ਬਿਆਨ 'ਤੇ ਹੰਗਾਮਾ
ਇਸ ਮੁੱਦੇ 'ਤੇ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਜਦੋਂ ਨਿਯਮਾਂ ਦਾ ਹਵਾਲਾ ਦਿੱਤਾ ਤਾਂ ਸਦਨ 'ਚ ਬਵਾਲ ਹੋ ਗਿਆ ਤੇ ਸੰਸਦ ਦੀ ਕਾਰਵਾਈ ਅੱਗੇ ਨਹੀਂ ਚੱਲ ਸਕੀ। ਚੌਧਰੀ ਨੇ ਕਿਹਾ ਕਿ ਇਮਰਾਨ ਖਾਨ 'ਮੋਸਟ ਵੀਆਈਪੀ ਕੈਦੀ' ਹਨ। ਉਨ੍ਹਾਂ ਨੇ PTI 'ਤੇ ਦੋਸ਼ ਲਗਾਇਆ ਕਿ ਉਹ ਇਮਰਾਨ ਖਾਨ ਨਾਲ ਮੁਲਾਕਾਤ ਦੇ ਮਾਮਲੇ 'ਤੇ ਡਰਾਮਾ ਕਰ ਰਹੀ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਇਮਰਾਨ ਨੂੰ ਜੇਲ੍ਹ ਦੇ ਮੈਨੂਅਲ ਦੇ ਹਿਸਾਬ ਨਾਲ ਹੀ ਮਿਲਣ ਦਿੱਤਾ ਜਾਵੇਗਾ।
ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਗਰਮ
ਇਮਰਾਨ ਖਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਇਨ੍ਹਾਂ ਅਫਵਾਹਾਂ ਨੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਇਮਰਾਨ ਖਾਨ ਦੀਆਂ ਤਿੰਨਾਂ ਭੈਣਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਤੋਂ ਇਮਰਾਨ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਵਕੀਲਾਂ ਨੂੰ ਵੀ ਇਜਾਜ਼ਤ ਨਹੀਂ ਹੈ। ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਇਮਰਾਨ ਖਾਨ ਨੂੰ ਜ਼ਹਿਰ ਦਿੱਤਾ ਗਿਆ ਹੈ, ਜਾਂ ਉਨ੍ਹਾਂ ਨੂੰ ਅਦਿਆਲਾ ਜੇਲ੍ਹ ਤੋਂ ਕਿਤੇ ਹੋਰ ਸ਼ਿਫਟ ਕਰ ਦਿੱਤਾ ਗਿਆ ਹੈ। ਕੁਝ ਅਫਵਾਹਾਂ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦੀ ਬਿਮਾਰੀ ਕਾਰਨ ਮੌਤ ਹੋਣ ਬਾਰੇ ਵੀ ਹਨ। ਹਾਲਾਂਕਿ, ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਪ੍ਰਸ਼ਾਸਨ ਅਤੇ ਸ਼ਾਹਬਾਜ਼ ਸਰਕਾਰ ਵਾਰ-ਵਾਰ ਦਾਅਵਾ ਕਰ ਰਹੇ ਹਨ ਕਿ ਇਮਰਾਨ ਖਾਨ ਬਿਲਕੁਲ ਠੀਕ ਅਤੇ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਜੇਲ੍ਹ ਦੇ ਅੰਦਰ ਸਹੂਲਤਾਂ ਦਾ ਲਾਭ ਲੈ ਰਹੇ ਹਨ।
ਕਿਸ ਮਾਮਲੇ 'ਚ ਹਨ ਕੈਦ?
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਸਤ 2023 ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਇਮਰਾਨ ਨੇ ਆਪਣੀ ਪਤਨੀ ਬੁਸ਼ਰਾ ਬੀਬੀ ਨਾਲ ਮਿਲ ਕੇ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਕੀਤਾ।
ਨੈਸ਼ਨਲ ਅਸੈਂਬਲੀ ਦਾ ਐਮਰਜੈਂਸੀ ਸੈਸ਼ਨ
ਇਹ ਸੰਸਦੀ ਸੈਸ਼ਨ 27 ਨਵੰਬਰ ਨੂੰ ਸ਼ਾਮ 5 ਵਜੇ ਬੁਲਾਇਆ ਗਿਆ ਸੀ। ਇਹ ਸੈਸ਼ਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਵਿੱਚ ਸੁਰੱਖਿਆ ਦੇ ਹਾਲਾਤ ਬੇਹੱਦ ਖ਼ਰਾਬ ਹਨ।
100 ਰੁਪਏ ਦੇ ਨੋਟ 'ਤੇ ਨੇਪਾਲ ਨੇ ਛਾਪ'ਤਾ ਭਾਰਤ ਵਿਰੋਧੀ ਨਕਸ਼ਾ, ਮਿਲੀ ਸਖਤ ਚਿਤਾਵਨੀ
NEXT STORY