ਤੇਲ ਅਵੀਵ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਰੋਜ਼ਾ ਇਜ਼ਰਾਈਲ ਦੌਰੇ ਦੌਰਾਨ ਇਤਿਹਾਸ ਰਚ ਦਿੱਤਾ ਹੈ। ਉਹ ਇਜ਼ਰਾਈਲ ਦੀ ਸੰਸਦ 'ਨੇਸੇਟ' ਨੂੰ ਸੰਬੋਧਨ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। ਆਪਣੇ ਸੰਬੋਧਨ ਦੌਰਾਨ ਪੀਐੱਮ ਮੋਦੀ ਨੇ ਮੱਧ ਪੂਰਬ ਦੀ ਬਦਲਦੀ ਸਥਿਤੀ ਅਤੇ ਅੱਤਵਾਦ ਵਿਰੁੱਧ ਭਾਰਤ ਦੇ ਦ੍ਰਿੜ ਇਰਾਦੇ ਨੂੰ ਦੁਨੀਆ ਸਾਹਮਣੇ ਰੱਖਿਆ।
ਪੀਐੱਮ ਮੋਦੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ 'ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਹੱਤਿਆ ਅਤੇ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਦਾ ਮੁਕਾਬਲਾ ਕਰਨ ਲਈ ਵਿਸ਼ਵ ਪੱਧਰ 'ਤੇ ਨਿਰੰਤਰ ਕਾਰਵਾਈ ਦੀ ਲੋੜ ਹੈ। ਪੀਐੱਮ ਮੋਦੀ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਗਏ ਵਹਿਸ਼ੀਆਨਾ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਇਸ ਦੁੱਖ ਦੀ ਘੜੀ ਵਿੱਚ ਇਜ਼ਰਾਈਲ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਅਬਰਾਹਮ ਸਮਝੌਤਾ: ਸ਼ਾਂਤੀ ਦਾ ਨਵਾਂ ਰਾਹ
ਆਪਣੇ ਭਾਸ਼ਣ ਵਿੱਚ ਪੀਐੱਮ ਮੋਦੀ ਨੇ 'ਅਬਰਾਹਮ ਸਮਝੌਤੇ' ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਇਜ਼ਰਾਈਲ ਵੱਲੋਂ ਕਈ ਦੇਸ਼ਾਂ ਨਾਲ ਕੀਤੇ ਗਏ ਇਹ ਸਮਝੌਤੇ ਇਸ ਅਸ਼ਾਂਤ ਖੇਤਰ ਲਈ ਨਵੀਂ ਉਮੀਦ ਦਾ ਪਲ ਸਨ। ਉਨ੍ਹਾਂ ਮੰਨਿਆ ਕਿ ਭਾਵੇਂ ਰਸਤਾ ਚੁਣੌਤੀਪੂਰਨ ਹੈ, ਪਰ ਸ਼ਾਂਤੀ ਦੀ ਉਸ ਉਮੀਦ ਨੂੰ ਬਣਾਈ ਰੱਖਣਾ ਜ਼ਰੂਰੀ ਹੈ।
ਕੀ ਹੈ ਅਬਰਾਹਮ ਸਮਝੌਤਾ?
ਸਤੰਬਰ 2020 ਵਿੱਚ ਅਮਰੀਕਾ ਦੀ ਮੌਜੂਦਗੀ ਵਿੱਚ ਇਜ਼ਰਾਈਲ, ਬਹਿਰੀਨ ਅਤੇ ਯੂਏਈ (UAE) ਨੇ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਜਿਸ ਵਿੱਚ ਬਾਅਦ ਵਿੱਚ ਮੋਰੱਕੋ ਅਤੇ ਸੂਡਾਨ ਵੀ ਸ਼ਾਮਲ ਹੋ ਗਏ। ਇਸ ਦਾ ਮੁੱਖ ਮਕਸਦ ਖੇਤਰ ਵਿੱਚ ਸ਼ਾਂਤੀ, ਸਥਿਰਤਾ, ਆਰਥਿਕ ਸਹਿਯੋਗ ਅਤੇ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤ ਨੇ ਹਮੇਸ਼ਾ ਇਸ ਸਮਝੌਤੇ ਦਾ ਸਵਾਗਤ ਕੀਤਾ ਹੈ ਕਿਉਂਕਿ ਇਹ ਭਾਰਤ ਦੇ ਰਣਨੀਤਕ ਹਿੱਤਾਂ ਲਈ ਫਾਇਦੇਮੰਦ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗਾਜ਼ਾ ਵਿੱਚ ਸ਼ਾਂਤੀ ਦੀ ਹਰ ਪਹਿਲ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ 1.4 ਅਰਬ ਭਾਰਤੀਆਂ ਵੱਲੋਂ ਦੋਸਤੀ, ਸਨਮਾਨ ਅਤੇ ਸਾਂਝੇਦਾਰੀ ਦਾ ਸੁਨੇਹਾ ਲੈ ਕੇ ਆਏ ਹਨ। ਭਾਰਤ ਇਸ ਖੇਤਰ ਵਿੱਚ ਗੱਲਬਾਤ ਅਤੇ ਸਥਿਰਤਾ ਲਈ ਇਜ਼ਰਾਈਲ ਅਤੇ ਵਿਸ਼ਵ ਦੇ ਨਾਲ ਖੜ੍ਹਾ ਹੈ।
ਸੰਸਦ ਵਿੱਚ ਲੱਗੇ 'ਮੋਦੀ-ਮੋਦੀ' ਦੇ ਨਾਅਰੇ ਪ੍ਰਧਾਨ ਮੰਤਰੀ ਦੇ ਸੰਸਦ ਪਹੁੰਚਣ 'ਤੇ ਇਜ਼ਰਾਈਲੀ ਸਾਂਸਦਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਂਸਦਾਂ ਨੇ ਖੜ੍ਹੇ ਹੋ ਕੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ ਅਤੇ ਪੂਰੇ ਭਾਸ਼ਣ ਦੌਰਾਨ ਕਈ ਵਾਰ ਮੇਜ਼ਾਂ ਥਪਥਪਾ ਕੇ ਉਨ੍ਹਾਂ ਦੀਆਂ ਗੱਲਾਂ ਦਾ ਸਮਰਥਨ ਕੀਤਾ।
ਗੁਜਰਾਤ ’ਚ ਡਬਲ ਲੈਂਡਿੰਗ : ਨਿਤਿਨ ਦੀ ਮੁਲਾਕਾਤ ਕੇਜਰੀਵਾਲ ਦੇ ਸੁਪਨੇ ਨਾਲ
NEXT STORY