ਨੈਰੋਬੀ- ਅਫਰੀਕੀ ਦੇਸ਼ ਕੀਨੀਆ 'ਚ ਪਾਦਰੀ ਦੇ ਕਹਿਣ 'ਤੇ 47 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲਸ ਨੂੰ ਇਹ ਲਾਸ਼ਾਂ ਇੱਕ ਪਾਦਰੀ ਦੀ ਜ਼ਮੀਨ ਤੋਂ ਮਿਲੀਆਂ ਹਨ। ਕੀਨੀਆ ਦੇ ਸ਼ਾਕਾਹੋਲਾ ਜੰਗਲ ਵਿਚ ਪੁਲਸ ਨੂੰ ਅਜੇ ਵੀ ਹੋਰ ਲਾਸ਼ਾਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਦੇ ਇਕ ਪਾਦਰੀ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਉਹ ਭੁੱਖੇ ਮਰ ਜਾਣ ਤਾਂ ਉਹ ਸਵਰਗ ਵਿਚ ਜਾ ਕੇ ਯਿਸੂ ਨੂੰ ਮਿਲਣਗੇ। ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਪੁਲਸ ਵੱਲੋਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲਾਸ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਪੁਲਸ ਨੇ ਦਿੱਤੀ ਜਾਣਕਾਰੀ
ਮਾਲਿੰਦੀ ਉਪ-ਕਾਉਂਟੀ ਦੇ ਪੁਲਸ ਮੁਖੀ ਜੌਨ ਕੇਮਬੋਈ ਨੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਦਰੀ ਪਾਲ ਮੈਕੇਂਜੀ ਦੀ ਜ਼ਮੀਨ ’ਤੇ ਹੋਰ ਕਬਰਾਂ ਪੁੱਟੀਆਂ ਜਾਣਗੀਆਂ। ਇਸ ਤੋਂ ਬਾਅਦ ਹੀ ਖੁਦਕੁਸ਼ੀ ਕਰਨ ਵਾਲੇ ਲੋਕਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਲਾਸ਼ ਮਿਲਣ ਤੋਂ ਬਾਅਦ ਪਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਪਾਦਰੀ ਦੀ ਸਲਾਹ 'ਤੇ ਹੀ ਇਹ ਕਦਮ ਚੁੱਕਿਆ। ਮੰਨਿਆ ਜਾ ਰਿਹਾ ਹੈ ਕਿ ਪੁਲਸ ਨੂੰ ਇਸ ਸਬੰਧੀ ਖ਼ੁਫ਼ੀਆ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਪੁਲਸ ਨੇ ਮਲਿੰਦੀ 'ਚ ਪਾਦਰੀ ਦੀ ਜਾਇਦਾਦ 'ਤੇ ਛਾਪਾ ਮਾਰਿਆ| ਇਸ ਤੋਂ ਬਾਅਦ ਜਾਂਚ ਵਿੱਚ ਪੁਲਸ ਨੂੰ ਇੱਕ ਤੋਂ ਬਾਅਦ ਇੱਕ ਲਾਸ਼ਾਂ ਮਿਲਦੀਆਂ ਰਹੀਆਂ। ਨਿਊਜ਼ ਵੈੱਬਸਾਈਟ 'ਕੇਨੀਆ ਡੇਲੀ' ਮੁਤਾਬਕ ਪੁਲਸ ਹੁਣ ਸਾਰੀਆਂ ਲਾਸ਼ਾਂ ਤੋਂ ਡੀਐਨਏ ਸੈਂਪਲ ਇਕੱਠੇ ਕਰ ਰਹੀ ਹੈ। ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਇਹ ਲੋਕ ਭੁੱਖਮਰੀ ਕਾਰਨ ਮਰੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ, ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਦਾ 'ਸੋਨਾ' ਚੋਰੀ
ਪਾਦਰੀ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ
ਗ੍ਰਿਫ਼ਤਾਰੀ ਤੋਂ ਬਾਅਦ ਪਾਲ ਮੈਕੇਂਜੀ ਯਾਨੀ ਪਾਦਰੀ ਦਾ ਕਹਿਣਾ ਹੈ ਕਿ ਉਸ ਨੇ ਲੋਕਾਂ ਨੂੰ ਖੁਦਕੁਸ਼ੀ ਲਈ ਪ੍ਰੇਰਿਆ ਨਹੀਂ ਸੀ। ਉਸਨੇ ਇਹ ਵੀ ਕਿਹਾ ਹੈ ਕਿ ਉਸਨੇ ਸਾਲ 2019 ਵਿੱਚ ਹੀ ਚਰਚ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਦਰੀ ਪਾਲ ਮੈਕੇਂਜੀ ਦਾ ਨਾਂ ਅੰਧਵਿਸ਼ਵਾਸ ਨਾਲ ਜੁੜਿਆ ਹੋਵੇ। ਇਸ ਤੋਂ ਪਹਿਲਾਂ 2019 'ਚ ਅਤੇ ਇਸ ਸਾਲ ਮਾਰਚ 'ਚ ਵੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। 2019 ਵਿੱਚ ਇਸ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਸੀ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਉਸ ਸਮੇਂ ਦੌਰਾਨ ਪੁਲਸ ਨੇ ਉਸ ਨੂੰ 10,000 ਕੀਨੀਅਨ ਸ਼ਿਲਿੰਗ ਯਾਨੀ 6,000 ਰੁਪਏ ਦੇ ਜੁਰਮਾਨੇ 'ਤੇ ਰਿਹਾਅ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਫਿਰ ਦੇਖਣ ਨੂੰ ਮਿਲੀ ਹੈ। ਜਿਸ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੁਲਜਾਨੋ ਇਟਲੀ 'ਚ ਖਾਲਸਾਈ ਸ਼ਾਨੋ-ਸ਼ੌਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ ਮਹਾਨ ਨਗਰ ਕੀਰਤਨ
NEXT STORY