ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਵਿਚ ਸਮੱਸਿਆ ਹੈ ਭਾਰਤ ਵਿਚ ਨਹੀਂ। ਨਾਲ ਹੀ ਉਨ੍ਹਾਂ ਨੇ ਓਟਾਵਾ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਸਿਆਸੀ ਵਕਾਲਤ ਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਅਤਿਵਾਦੀ ਗਤੀਵਿਧੀਆਂ ਵਿਚ ਫ਼ਰਕ ਕਰਨ। ਕੈਨੇਡਾ ਦੇ ਜਨਤਕ ਬਰਾਡਕਾਸਟਰ ਸੀ.ਪੀ.ਏ.ਸੀ ਨੂੰ ਦਿੱਤੇ ਇੰਟਰਵਿਊ ਵਿਚ ਪਟਨਾਇਕ ਨੇ ਕਿਹਾ ਕਿ ਭਾਰਤ ਵਿਚ ਖਾਲਿਸਤਾਨ ਨੂੰ ਲੈਕੇ ਕੋਈ ਸਿਆਸੀ ਮੁੱਦਾ ਨਹੀਂ ਹੈ। ਕੈਨੇਡਾ ਨੂੰ ਦੇਸ਼ ਵਿਚ ਰਹਿਣ ਵਾਲੇ ਅਤਿਵਾਦੀਆਂ ਦੇ ਛੋਟੇ ਸਮੂਹ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਨਾਲ ਨਜਿੱਠਣ ਦੀ ਲੋੜ ਹੈ ਅਤੇ ਉਹ ਵੀ ਉਨ੍ਹਾਂ ਦੀ ਤੁਲਨਾ ਸਿੱਖ ਭਾਈਚਾਰੇ ਨਾਲ ਕਿਤੇ ਬਿਨਾਂ।
ਉਨ੍ਹਾਂ ਨੇ ਅੱਗੇ ਕਿਹਾ,''ਕੈਨੇਡਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵੱਖਵਾਦੀ ਅੰਦੋਲਨ ਨਾਲ ਜੁੜੀਆਂ ਗਤੀਵਿਧੀਆਂ ਇਸ ਦੀ ਆਪਣੀ ਧਰਤੀ 'ਤੇ ਹੋ ਰਹੀਆਂ ਹਨ। ਸਿੱਖਾਂ ਨੂੰ ਵੱਖਰੇ ਦੇਸ਼ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾਉਣ ਦਾ ਪੂਰਾ ਹੱਕ ਹੈ ਪਰ ਭਾਰਤ ਹਿੰਸਾ, ਕਤਲ ਤੇ ਅਤਿਵਾਦ ਦੇ ਗੁਣਗਾਣ ਦਾ ਵਿਰੋਧ ਕਰਦਾ ਹੈ। ਕੈਨੇਡੀਅਨ ਨਾਗਰਿਕਾਂ, ਸਿੱਖਾਂ, ਭਾਰਤੀਆਂ, ਉਨ੍ਹਾਂ ਸਾਰਿਆਂ ਨੂੰ ਆਪਣੀ ਮਾਨਤਾ ਮੁਤਾਬਕ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਚੁੱਕਣ ਦਾ ਹੱਕ ਹੈ।'' ਉਨ੍ਹਾਂ ਕਿਹਾ, "ਕੈਨੇਡੀਅਨ, ਸਿੱਖ, ਭਾਰਤੀ, ਇਨ੍ਹਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਵਿੱਚ ਗੱਲ ਕਰਨ ਦਾ ਹੱਕ ਹੈ।" ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ 'ਤੇ ਭਾਰਤ ਨੂੰ ਕੋਈ ਇਤਰਾਜ਼ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- 70 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਕੈਨੇਡਾ ਦਾ ਵਪਾਰ ! ਕੈਨੇਡੀਅਨ ਮੰਤਰੀ ਨੇ ਕਰ'ਤਾ ਐਲਾਨ
ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਅਤੇ ਵੱਖਵਾਦੀ ਕੱਟੜਪੰਥੀਆਂ ਵਿਚਲਾ ਫ਼ਰਕ ਦਰਸਾਉਣ ਲਈ ਟੋਰਾਂਟੋ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੱਕ ਕੰਸਰਟ ਦੀ ਮਿਸਾਲ ਦਿੱਤੀ। ਉਨ੍ਹਾਂ ਦੱਸਿਆ ਕਿ ਜਿੱਥੇ ਲਗਪਗ 45,000 ਲੋਕਾਂ ਨੇ ਸ਼ੋਅ ਵਿੱਚ ਹਿੱਸਾ ਲਿਆ, ਉੱਥੇ ਹੀ ਕਰੀਬ 15 ਖਾਲਿਸਤਾਨੀ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, "ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਨਾਲ ਕਰਨ ਲੱਗ ਜਾਵੋਗੇ, ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ ਬਚੇਗਾ।"
ਪਟਨਾਇਕ ਨੇ ਦਲੀਲ ਦਿੱਤੀ ਕਿ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਤੱਤਾਂ ਨਾਲ ਜੋੜ ਕੇ ਵੇਖਣ ਕਾਰਨ ਕੈਨੇਡਾ ਵਿੱਚ ਸਿੱਖਾਂ ਪ੍ਰਤੀ ਗ਼ਲਤ ਧਾਰਨਾ ਅਤੇ ਨਫ਼ਰਤ ਭਰੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰ ਪ੍ਰਗਟਾਵੇ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਜਬਰੀ ਵਸੂਲੀ ਵਰਗੇ ਅਪਰਾਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਭਾਰਤੀ ਅਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਵਧ ਰਹੇ ਸਹਿਯੋਗ ਵੱਲ ਵੀ ਇਸ਼ਾਰਾ ਕੀਤਾ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਬਿਆਨ ਉਸ ਵੇਲੇ ਆਏ ਹਨ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਕ ਵਿਵਾਦ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਸਮੇਂ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ੱਕੀ ਸਬੰਧ ਹੋਣ ਦਾ ਦੋਸ਼ ਲਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।
ਪਟਨਾਇਕ ਨੇ ਕਿਹਾ ਕਿ ਭਾਰਤ ਨੇ ਸ਼ੁਰੂ ਤੋਂ ਹੀ ਇਸ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਕੈਨੇਡੀਅਨ ਅਧਿਕਾਰੀ ਅਜਿਹੇ ਸਬੂਤ ਸਾਂਝੇ ਕਰਨ ਜੋ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ ਨਾਲ ਜੋੜਦੇ ਹੋਣ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਕੱਟੜਪੰਥੀ ਤੱਤਾਂ ਦੇ ਇੱਕ ਛੋਟੇ ਸਮੂਹ ਨੂੰ ਦਹਾਕਿਆਂ ਤੋਂ ਬਣੇ ਆਪਸੀ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ, "ਅਜਿਹੇ ਗੂੜ੍ਹੇ ਰਿਸ਼ਤੇ ਨੂੰ ਸੰਭਾਲਣ ਦੀ ਲੋੜ ਹੈ। ਅਸੀਂ ਮੁੱਠੀ ਭਰ ਤੱਤਾਂ ਨੂੰ ਅਜਿਹੇ ਸਬੰਧਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ, ਜਿਨ੍ਹਾਂ ਦੀ ਬੁਨਿਆਦ ਆਪਸ ਵਿੱਚ ਏਨੀ ਮਜ਼ਬੂਤੀ ਨਾਲ ਜੁੜੀ ਹੋਈ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ ਹੜ੍ਹ ; ਬਚਾਈਆਂ ਗਈਆਂ 95 ਜਾਨਾਂ, ਲਾਪਤਾ ਲੋਕਾਂ ਦੀ ਭਾਲ ਜਾਰੀ
NEXT STORY