ਜਲੰਧਰ (ਇੰਟ.)- ਕੈਨੇਡਾ ’ਚ ਪਿਛਲੇ ਸਾਲ 23 ਜੂਨ ਨੂੰ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਨੇ ਇੰਨਾਂ ਤੂਲ ਫੜਿਆ ਕਿ ਇਸ ਨਾਲ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ’ਚ ਤਣਾਅ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਇਸੇ ਦੌਰਾਨ ਜਸਟਿਨ ਟਰੂਡੋ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 25 ਫੀਸਦੀ ਤੱਕ ਘਟਾਉਣ ਦੇ ਨੀਤੀਗਤ ਫੈਸਲੇ ਨੇ ਕੈਨੇਡਾ ’ਚ ਪੜ੍ਹ ਰਹੇ ਪੰਜਾਬ ਸਮੇਤ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਲਈ ਸੰਕਟ ਪੈਦਾ ਕਰ ਦਿੱਤਾ ਹੈ। ਹਾਲ ਹੀ ਦੇ ਸਾਲਾਂ ’ਚ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ’ਚ ਪੜ੍ਹਨ ਲਈ ਵੀਜ਼ਾ ਪ੍ਰਾਪਤ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਕੇ ਪੰਜਾਬ ਦੇ ਦੋਆਬਾ ਅਤੇ ਮਾਲਵੇ ਦੇ ਲੱਖਾਂ ਵਿਦਿਆਰਥੀ ਇਸ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਇਸ ਘਟਨਾ ਨੇ ਭਾਰਤ ’ਚ ਅਸੰਤੁਸ਼ਟੀ ਅਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨਾ ਘਟਿਆ ਤਾਂ ਇਸ ਦਾ ਅਸਰ ਕਾਰੋਬਾਰ ਸਮੇਤ ਕਈ ਸੈਕਟਰਾਂ ’ਤੇ ਪਵੇਗਾ ਅਤੇ ਜਿਹੜੇ ਭਾਰਤੀ ਵਿਦਿਆਰਥੀ ਕੈਨੇਡਾ ’ਚ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਜ਼ਿਆਦਾ ਭੁਗਤਣਾ ਪਵੇਗਾ।
ਕੈਨੇਡਾ ’ਚ ਵਿਦੇਸ਼ੀ ਵਿਦਿਆਰਥੀਆਂ ’ਚ 40 ਫੀਸਦੀ ਭਾਰਤੀ
ਕੈਨੇਡੀਅਨ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ’ਚ ਉਨ੍ਹਾਂ ਦੀ ਗਿਣਤੀ 40 ਫੀਸਦੀ ਦੇ ਕਰੀਬ ਹੈ। ਅੰਕੜੇ ਦੱਸਦੇ ਹਨ ਕਿ ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ ਭਾਰਤੀ ਵਿਦਿਆਰਥੀਆਂ ਦੇ ਆਧਾਰ ’ਤੇ ਹਰ ਸਾਲ 75 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ ਪਰ ਕੈਨੇਡਾ ਦੇ ਇਸ ਨੀਤੀਗਤ ਫੈਸਲੇ ਤੋਂ ਬਾਅਦ ਇਨ੍ਹਾਂ ਦੇਸ਼ਾਂ ਦੀਆਂ ਸਿੱਖਿਆ ਸੰਸਥਾਵਾਂ ਨੇ ਵੀ ਫੀਸਾਂ ਨੂੰ ਲੈ ਕੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੀਸਾਂ ’ਚ ਵਾਧਾ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਹਰ ਖੇਤਰ ’ਚ ਬਹੁਤ ਮਜ਼ਬੂਤ ਰਹੇ ਹਨ। ਇਸ ਲਈ ਭਾਰਤ ਅਤੇ ਕੈਨੇਡਾ ਦੋਵਾਂ ਨੂੰ ਸਿਆਸੀ ਤੌਰ ’ਤੇ ਵਿਵਾਦਪੂਰਨ ਮੁੱਦਿਆਂ ਤੋਂ ਅੱਗੇ ਵਧ ਕੇ ਸਹਿਯੋਗ ਦੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਰ ਸਾਲ ਲਗਭਗ 6 ਬਿਲੀਅਨ ਡਾਲਰ ਦਾ ਕਾਰੋਬਾਰ
ਭਾਰਤ ਨੇ 1947 ’ਚ ਆਪਣੀ ਆਜ਼ਾਦੀ ਤੋਂ ਬਾਅਦ ਕੈਨੇਡਾ ਨਾਲ ਕੂਟਨੀਤਕ ਸਬੰਧ ਸਥਾਪਿਤ ਕੀਤੇ ਸਨ। ਭਾਰਤ ਅਤੇ ਕੈਨੇਡਾ ਵਿਚਕਾਰ ਲੋਕਤੰਤਰ, ਮਨੁੱਖੀ ਅਧਿਕਾਰਾਂ, ਕਾਨੂੰਨ ਦੇ ਸ਼ਾਸਨ ਅਤੇ ਬਹੁਲਵਾਦ ਦੇ ਸਾਂਝੇ ਸਿਧਾਂਤਾਂ ’ਤੇ ਆਧਾਰਿਤ ਲੰਬੇ ਸਮੇਂ ਤੋਂ ਦੁਵੱਲੇ ਸਬੰਧ ਰਹੇ ਹਨ। ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਲਗਭਗ 6 ਬਿਲੀਅਨ ਡਾਲਰ ਸੀ। ਕੈਨੇਡਾ ’ਚ ਭਾਰਤੀ ਨਿਵੇਸ਼ ਦਾ ਮੁੱਲ 4 ਬਿਲੀਅਨ ਡਾਲਰ ਤੋਂ ਵੱਧ ਦੱਸਿਆ ਜਾਂਦਾ ਹੈ। ਇਨਵੈਸਟ ਇੰਡੀਆ ਅਨੁਸਾਰ ਅਪ੍ਰੈਲ 2000 ਤੋਂ ਮਾਰਚ 2023 ਤੱਕ ਲਗਭਗ 3,306 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਨਾਲ ਕੈਨੇਡਾ ਭਾਰਤ ’ਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ।
ਵਿਗਿਆਨ ਤੇ ਤਕਨਾਲੋਜੀ ’ਚ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ
ਆਈ. ਸੀ. ਇੰਪੈਕਟ ਪ੍ਰੋਗਰਾਮ ਤਹਿਤ ਬਾਇਓਟੈਕਨਾਲੋਜੀ ਵਿਭਾਗ ਸਿਹਤ ਸੰਭਾਲ, ਐਗਰੀ-ਬਾਇਓਟੈਕ ਅਤੇ ਵੇਸਟ ਮੈਨੇਜਮੈਂਟ ’ਚ ਸਾਂਝੇ ਖੋਜ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ। ਆਈ.ਸੀ. ਇੰਪੈਕਟ ਹੀ ਦੋਵਾਂ ਦੇਸ਼ਾਂ ਵਿਚਕਾਰ ਪਹਿਲਾ ਅਤੇ ਇਕਲੌਤਾ ਕੈਨੇਡਾ ਇੰਡੀਆ ਰਿਸਰਚ ਸੈਂਟਰ ਆਫ ਐਕਸੀਲੈਂਸ ਹੈ। ਭਾਰਤ ਦੇ ਪ੍ਰਿਥਵੀ ਵਿਗਿਆਨ ਵਿਭਾਗ ਅਤੇ ‘ਪੋਲਰ ਕੈਨੇਡਾ’ ਨੇ ਠੰਡੇ ਜਲਵਾਯੂ (ਆਰਕਟਿਕ) ਅਧਿਐਨਾਂ ’ਤੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਵਿਗਿਆਨਕ ਖੋਜ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਪੁਲਾੜ ਖੇਤਰ ’ਚ ਐੱਮ.ਓ.ਯੂ.
ਇਸਰੋ ਅਤੇ ਕੈਨੇਡੀਅਨ ਪੁਲਾੜ ਏਜੰਸੀ ਸੀ.ਐੱਸ.ਏ. ਨੇ ਬਾਹਰੀ ਪੁਲਾੜ ਦੀ ਖੋਜ ਅਤੇ ਉਪਯੋਗਤਾ ’ਤੇ ਇਕ ਸਮਝੌਤਾ ਪੱਤਰ (ਐੱਮ.ਓ.ਯੂ.) ’ਤੇ ਹਸਤਾਖਰ ਕੀਤੇ ਹਨ। ਇਸਰੋ ਦੀ ਵਪਾਰਕ ਸ਼ਾਖਾ ਪੁਲਾੜ ਨੇ ਕੈਨੇਡਾ ਲਈ ਕਈ ਨੈਨੋ ਸੈਟੇਲਾਈਟ ਲਾਂਚ ਕੀਤੇ ਹਨ। ਇਸਰੋ ਵੱਲੋਂ ਸਾਲ 2018 ’ਚ ਭਾਰਤੀ ਪੁਲਾੜ ਕੇਂਦਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਕੈਨੇਡਾ ਦਾ ਪਹਿਲਾ ਲੀਓ (ਲੋਅ ਅਰਥ ਆਰਬਿਟ) ਸੈਟੇਲਾਈਟ ਵੀ ਸ਼ਾਮਲ ਸੀ।
ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ, ਲਿਖੇ ਗਏ ਨਾਅਰੇ
ਖਾਲਿਸਤਾਨੀ ਗਰੁੱਪਾਂ ’ਤੇ ਭਾਰਤ ਦੀ ਚਿੰਤਾ
ਭਾਰਤ ਸਰਕਾਰ ਕੈਨੇਡਾ ਅੰਦਰ ਕੁਝ ਗਰੁੱਪਾਂ ਦੀ ਮੌਜੂਦਗੀ ਅਤੇ ਸਰਗਰਮੀਆਂ ’ਤੇ ਚਿੰਤਾਵਾਂ ਦਾ ਪ੍ਰਗਟਾਵਾ ਕਰਦੀ ਰਹਿੰਦੀ ਹੈ, ਜੋ ਭਾਰਤ ’ਚ ਇਕ ਆਜ਼ਾਦ ਸਿੱਖ ਰਾਜ ‘ਖਾਲਿਸਤਾਨ’ ਦੇ ਵਿਚਾਰ ਦੇ ਹਮਦਰਦ ਹਨ।
ਕੈਨੇਡਾ ਨੇ ਇਕ ਅਜਿਹੀ ਪਰੇਡ ਦੀ ਇਜਾਜ਼ਤ ਦਿੱਤੀ, ਜਿਸ ’ਚ 1984 ’ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਅੰਗ ਰੱਖਿਅਕਾਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨੂੰ ਦਰਸਾਇਆ ਗਿਆ ਸੀ। ਇਸ ਘਟਨਾ ਨੂੰ ਸਿੱਖ ਵੱਖਵਾਦੀਆਂ ਵੱਲੋਂ ਹਿੰਸਾ ਦੀ ਵਡਿਆਈ ਵਜੋਂ ਦੇਖਿਆ ਗਿਆ ਸੀ। ਭਾਰਤ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਹਾਲ ਹੀ ’ਚ ਇਸੇ ਤਰ੍ਹਾਂ ਦੀ ਝਾਕੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਵੀ ਕੱਢੀ ਗਈ ਸੀ।
ਅੰਤਰਰਾਸ਼ਟਰੀ ਮੁੱਦਿਆਂ ’ਤੇ ਦੂਰੀਆਂ
ਹਾਲ ਹੀ ’ਚ ਨਵੀਂ ਦਿੱਲੀ ’ਚ ਹੋਏ ਜੀ-20 ਸੰਮੇਲਨ ਦੌਰਾਨ ਕੈਨੇਡਾ ਅਤੇ ਭਾਰਤ ਦਰਮਿਆਨ ਕੋਈ ਦੁਵੱਲੀ ਗੱਲਬਾਤ ਨਹੀਂ ਹੋਈ, ਇਹ ਰਸਮੀ ਮੀਟਿੰਗਾਂ ਤੱਕ ਸੀਮਤ ਰਹੀ। ਕਸ਼ਮੀਰ ਦੀ ਸਿਆਸੀ ਸਥਿਤੀ ਵਰਗੇ ਮੁੱਦਿਆਂ ’ਤੇ ਵੱਖ-ਵੱਖ ਵਿਚਾਰਾਂ ਕਾਰਨ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ’ਚ ਵੀ ਤਣਾਅ ਪੈਦਾ ਹੁੰਦਾ ਹੈ।
ਕੀ ਕਹਿੰਦੇ ਹਨ ਮਾਮਲੇ ਨਾਲ ਜੁੜੇ ਮਾਹਿਰ
ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ, ਭਾਰਤ ਸਰਕਾਰ ਦੇ ਨੁਮਾਇੰਦਿਆਂ ਅਤੇ ਕੈਨੇਡੀਅਨ ਅਧਿਕਾਰੀਆਂ ਸਮੇਤ ਸਾਰੇ ਹਿੱਸੇਦਾਰਾਂ ਵਿਚਕਾਰ ਖੁੱਲ੍ਹੀ ਅਤੇ ਸਮਾਵੇਸ਼ੀ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਨੂੰ ਕਿਸੇ ਵੀ ਸਿਆਸੀ ਕੱਟੜਵਾਦ ਨਾਲ ਨਜਿੱਠਣ ਲਈ ਕਾਨੂੰਨੀ ਕਦਮ ਚੁੱਕਣੇ ਚਾਹੀਦੇ ਹਨ। ਉੱਭਰਦੀਆਂ ਤਕਨਾਲੋਜੀਆਂ, ਨਵਿਆਉਣਯੋਗ ਊਰਜਾ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਨੂੰ ਸ਼ਾਮਲ ਕਰਨਾ ਆਰਥਿਕ ਵਿਕਾਸ ਲਈ ਨਵੇਂ ਮੌਕੇ ਖੋਲ੍ਹ ਸਕਦਾ ਹੈ। ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮਾਂ, ਕਲਾ ਪ੍ਰਦਰਸ਼ਨੀਆਂ ਅਤੇ ਫਿਲਮ ਤਿਉਹਾਰਾਂ ਨੂੰ ਉਤਸ਼ਾਹਿਤ ਕਰਨਾ, ਇਕ-ਦੂਜੇ ਦੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਤਣਾਅ ਦੇ ਬਾਵਜੂਦ ਕੈਨੇਡਾ ਤੋਂ ਦਰਾਮਦ 12 ਫੀਸਦੀ ਵਧੀ
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਬਾਵਜੂਦ ਵਪਾਰ ’ਚ ਕੋਈ ਖਾਸ ਕਮੀ ਨਹੀਂ ਆਈ ਹੈ। 9 ਸਤੰਬਰ, 2024 ਤੱਕ ਕੈਨੇਡਾ ਤੋਂ ਭਾਰਤੀ ਦਰਾਮਦ ’ਚ 12.60 ਫੀਸਦੀ ਦਾ ਵਾਧਾ ਹੋਇਆ ਹੈ, ਜਦ ਕਿ ਇਸੇ ਮਿਆਦ ’ਚ ਭਾਰਤ ਦੀ ਬਰਾਮਦ ’ਚ 3.5 ਫੀਸਦੀ ਦੀ ਗਿਰਾਵਟ ਆਈ ਹੈ। ਇਕ ਮੀਡੀਆ ਰਿਪੋਰਟ ਅਨੁਸਾਰ 1,000 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤੀ ਬਾਜ਼ਾਰ ’ਚ ਸਰਗਰਮੀ ਨਾਲ ਕਾਰੋਬਾਰ ਕਰ ਰਹੀਆਂ ਹਨ। ਦੋਵੇਂ ਦੇਸ਼ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ.ਈ.ਪੀ.ਏ.) ਲਈ ਤਕਨੀਕੀ ਗੱਲਬਾਤ ’ਚ ਵੀ ਸ਼ਾਮਲ ਹਨ, ਜਿਸ ’ਚ ਵਸਤੂਆਂ ਅਤੇ ਸੇਵਾਵਾਂ ’ਚ ਵਪਾਰ, ਨਿਵੇਸ਼ ਅਤੇ ਵਪਾਰ ਦੀ ਸਹੂਲਤ ਵਰਗੇ ਵਿਸ਼ੇ ਸ਼ਾਮਲ ਹਨ।
ਕੈਨੇਡਾ ਦੀ ਕੁੱਲ ਆਬਾਦੀ ’ਚ 3 ਫੀਸਦੀ ਭਾਰਤੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀਆਂ ਦੀ ਆਬਾਦੀ ਦੀ ਮੇਜ਼ਬਾਨੀ ਕਰਦਾ ਹੈ, ਜਿਥੇ ਲਗਭਗ 16 ਲੱਖ ਭਾਰਤੀ ਮੂਲ ਦੇ ਲੋਕ ਕੈਨੇਡਾ ’ਚ ਰਹਿੰਦੇ ਹਨ। ਇਹ ਕੈਨੇਡਾ ਦੀ ਕੁੱਲ ਆਬਾਦੀ ਦਾ 3 ਫੀਸਦੀ ਤੋਂ ਵੱਧ ਹਨ ਅਤੇ ਇਨ੍ਹਾਂ ’ਚੋਂ 7 ਲੱਖ ਗੈਰ-ਨਿਵਾਸੀ ਭਾਰਤੀ (ਐੱਨ.ਆਰ.ਆਈ.) ਹਨ। ਖੇਤਰ ’ਚ ਭਾਰਤ ਦੇ ਵਧ ਰਹੇ ਆਰਥਿਕ ਅਤੇ ਜਨਸੰਖਿਆ ਦੇ ਮਹੱਤਵ ਨੂੰ ਦੇਖਦੇ ਹੋਏ ਅਤੇ ਕੈਨੇਡੀਅਨ ਅਰਥ ਵਿਵਸਥਾ ’ਚ ਵਿਭਿੰਨਤਾ ਲਿਆਉਣ ਲਈ ਕੈਨੇਡਾ ਦੀ ਇੰਡੋ-ਪੈਸੀਫਿਕ ਰਣਨੀਤੀ ’ਚ ਭਾਰਤ ਇਕ ਮਹੱਤਵਪੂਰਨ ਹਿੱਸੇਦਾਰ ਵਜੋਂ ਮੌਜੂਦਗੀ ਰੱਖਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਸਵਾਮੀਨਾਰਾਇਣ ਮੰਦਰ 'ਚ ਭੰਨਤੋੜ, ਲਿਖੇ ਗਏ ਨਾਅਰੇ
NEXT STORY