ਨਿਊਯਾਰਕ (ਬਿਊਰੋ): ਭਾਰਤ ਦੇ ਲਈ ਸਾਲ 2021 ਦੀ ਸ਼ੁਰੂਆਤ ਕਾਫ਼ੀ ਖ਼ਾਸ ਹੋਣ ਵਾਲੀ ਹੈ। 1 ਜਨਵਰੀ ਤੋਂ ਭਾਰਤ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਦਾ ਅਸਥਾਈ ਮੈਂਬਰ ਬਣਨ ਲਈ ਤਿਆਰ ਹੈ। ਸਾਲ 2020 ਵਿਚ ਜਿਸ ਤਰ੍ਹਾਂ ਭਾਰਤ ਨੇ ਹਿਮਾਲਿਆ 'ਤੇ ਚੀਨ ਦੀ ਚੁਣੌਤੀ ਦਾ ਸਾਹਮਣਾ ਕੀਤਾ ਹੈ, ਉਸ ਦੇ ਮੱਦੇਨਜ਼ਰ ਦੁਨੀਆ ਭਰ ਦੀਆਂ ਨਜ਼ਰਾਂ ਭਾਰਤ 'ਤੇ ਟਿਕੀਆਂ ਹਨ। ਕਈ ਦੇਸ਼ਾਂ ਨੂੰ ਆਪਣੀਆਂ ਵਿਸਥਾਰਵਾਦੀ ਨੀਤੀਆਂ ਨਾਲ ਪਰੇਸ਼ਾਨ ਕਰਨ ਵਾਲੇ ਚੀਨ ਨੇ ਯੂ.ਐੱਨ.ਐੱਸ.ਸੀ. ਵਿਚ ਪਾਕਿਸਤਾਨ ਦਾ ਸਾਥ ਦਿੰਦੇ ਹੋਏ ਕਸ਼ਮੀਰ ਦਾ ਮੁੱਦਾ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਸੀ। ਅਜਿਹੇ ਵਿਚ ਇਹ ਦੋ ਸਾਲ ਦੀ ਮੈਂਬਰਸ਼ਿਪ ਭਾਰਤ ਦੇ ਲਈ ਇਕ ਵੱਡਾ ਮੌਕਾ ਸਾਬਤ ਹੋ ਸਕਦੀ ਹੈ।
ਚੀਨ ਨੇ ਮਜ਼ਬੂਤ ਕੀਤੀ ਆਪਣੀ ਸਥਿਤੀ
ਸੰਯੁਕਤ ਰਾਸ਼ਟਰ ਵਿਚ ਚੀਨ ਨੇ ਆਪਣੀ ਸਥਿਤੀ ਕਾਫੀ ਮਜ਼ਬੂਤ ਕੀਤੀ ਹੋਈ ਹੈ। ਚੀਨ ਨੇ ਸੰਯੁਕਤ ਰਾਸ਼ਟਰ ਦੇ ਬਜਟ ਵਿਚ ਨਾ ਸਿਰਫ ਹਿੱਸੇਦਾਰੀ ਵਧਾਈ ਹੈ ਸਗੋਂ ਉਸ ਦੇ ਕਈ ਸੰਗਠਨਾਂ ਦੇ ਉੱਚ ਅਹੁਦਿਆਂ 'ਤੇ ਉਸ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਹਨ। ਅਜਿਹੇ ਵਿਚ ਭਾਰਤ ਦੀ ਯੂ.ਐੱਨ.ਐੱਸ.ਸੀ. ਮੈਂਬਰਸ਼ਿਪ ਦਾ ਸਮਾਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਗੁਆਂਢੀ ਦੇਸ਼ ਹੋਣ ਦੇ ਨਾਲ-ਨਾਲ ਮੌਜੂਦਾ ਸਮੇਂ ਵਿਚ ਇਕ ਵੱਡਾ ਖ਼ਤਰਾ ਬਣ ਚੁੱਕੇ ਚੀਨ ਦਾ ਸਾਹਮਣਾ ਕਰਨ ਲਈ ਭਾਰਤ ਨੂੰ ਬਹੁਤ ਸੋਚ-ਸਮਝ ਕੇ ਇਸ ਮੌਕੇ ਦੀ ਵਰਤੋਂ ਕਰਨੀ ਹੋਵੇਗੀ। ਚੀਨ ਦੇ ਖਿਲਾਫ਼ ਆਰਥਿਕ ਮੋਰਚੇ 'ਤੇ ਕਈ ਫ਼ੈਸਲੇ ਲੈ ਚੁੱਕੇ ਭਾਰਤ ਨੂੰ ਇਹੀ ਰੁੱਖ਼ ਅੰਤਰਰਾਸ਼ਟਰੀ ਮੰਚ 'ਤੇ ਵੀ ਦਿਖਾਉਣਾ ਹੋਵੇਗਾ।
ਭਾਰਤ ਨੂੰ ਰਹਿਣਾ ਹੋਵੇਗਾ ਸਾਵਧਾਨ
ਪਰੀਸ਼ਦ ਨਾਲ ਜੁੜੇ ਫ਼ੈਸਲਿਆਂ ਦੇ ਕੇਂਦਰ ਵਿਚ ਭਾਰਤ ਨੂੰ ਆਪਣੇ ਰਾਜਨੀਤਕ ਅਤੇ ਰਣਨੀਤਕ ਹਿੱਤਾਂ ਦਾ ਖਿਆਲ ਰੱਖਣਾ ਹੋਵੇਗਾ। ਚੀਨ ਭਾਰਤ ਦੇ ਖਿਲਾਫ਼ ਕਸ਼ਮੀਰ ਦਾ ਮੁੱਦਾ ਚੁੱਕ ਕੇ ਪਾਕਿਸਤਾਨ ਦੀ ਮਦਦ ਕਰਨ ਦੀ ਕੋਸ਼ਿਸ਼ ਵਿਚ ਹੈ ਪਰ ਭਾਰਤ ਉਸ ਦੇ ਖਿਲਾਫ਼ ਹਾਂਗਕਾਂਗ ਅਤੇ ਤਾਇਵਾਨ ਨੂੰ ਲੈ ਕੇ ਉਸ ਦੇ ਤਾਨਾਸ਼ਾਹ ਕਦਮਾਂ 'ਤੇ ਨਿਸ਼ਾਨਾ ਵਿੰਨ੍ਹ ਸਕਦਾ ਹੈ। ਭਾਵੇਂਕਿ ਭਾਰਤ ਮਹੱਤਵਪੂਰਨ ਮੁੱਦਿਆਂ 'ਤੇ ਆਪਣਾ ਵੋਟ ਦੇਣ ਤੋਂ ਬਚਦਾ ਰਿਹਾ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਲੰਬੇਂ ਸਮੇਂ ਤੱਕ ਇਸ ਰਣਨੀਤੀ ਦਾ ਸਹਾਰਾ ਨਹੀਂ ਲਿਆ ਜਾ ਸਕੇਗਾ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : ਗਿਸਬੋਰਨ ਹਵਾਈ ਅੱਡੇ 'ਤੇ ਮਿਲੀ ਬੰਬ ਦੀ ਧਮਕੀ, ਮਚੀ ਹਫੜਾ-ਦਫੜੀ
ਭਾਰਤ ਲਈ ਮਹੱਤਵਪੂਰਨ ਮੁੱਦੇ
ਭਾਰਤ ਦੀ ਅਸਥਾਈ ਮੈਂਬਰਸ਼ਿਪ ਦੇ ਕਾਰਨ ਸਰਹੱਦ ਪਾਰ ਅੱਤਵਾਦ, ਅੱਤਵਾਦ ਨੂੰ ਫੰਡਿੰਗ, ਮਨੀ ਲਾਂਡਰਿੰਗ, ਕਸ਼ਮੀਰ ਜਿਹੇ ਮੁੱਦਿਆਂ 'ਤੇ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ। ਪਰੀਸ਼ਦ ਵਿਚ ਭਾਰਤ ਨਾਰਵੇ, ਕੀਨੀਆ, ਆਇਰਲੈਂਡ ਅਤੇ ਮੈਕਸੀਕੋ ਦੇ ਇਲਾਵਾ ਪੰਜ ਸਥਾਈ ਮੈਂਬਰਾਂ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਤੇ ਅਸਥਾਈ ਮੈਂਬਰਾਂ ਐਸਤੋਨੀਆ, ਨਾਈਜ਼ਰ, ਸੈਂਟ ਵਿੰਸੇਂਟ, ਟਿਊਨੀਸ਼ੀਆ ਅਤੇ ਵਿਅਤਨਾਮ ਦੇ ਨਾਲ ਬੈਠੇਗਾ। ਭਾਰਤ ਅਗਸਤ 2021 ਵਿਚ 15 ਦੇਸ਼ਾਂ ਵਾਲੀ ਸ਼ਕਤੀਸ਼ਾਲੀ ਪਰੀਸਦ ਦੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਨਿਭਾਏਗਾ। ਹਰ ਮੈਂਬਰ ਦੇਸ਼ ਵਾਰੀ-ਵਾਰੀ ਨਾਲ ਇਕ ਮਹੀਨੇ ਦੇ ਲਈ ਪਰੀਸ਼ਦ ਦੀ ਪ੍ਰਧਾਨਗੀ ਕਰਦੇ ਹਨ।
ਜਾਣੇ ਯੂ.ਐੱਨ.ਐੱਸ.ਸੀ. ਦੇ ਬਾਰੇ ਵਿਚ
ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ, ਸੰਯੁਕਤ ਰਾਸ਼ਟਰ ਸੰਘ ਦੇ 6 ਪ੍ਰਮੁੱਖ ਹਿੱਸਿਆਂ ਵਿਚੋਂ ਇਕ ਹੈ। ਇਸ ਦਾ ਮੁੱਖ ਕੰਮ ਦੁਨੀਆ ਭਰ ਵਿਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਕਰਨਾ ਹੁੰਦਾ ਹੈ। ਇਸ ਦੇ ਇਲਾਵਾ ਸੰਯੁਕਤ ਰਾਸ਼ਟਰ ਸੰਘ ਵਿਚ ਨਵੇਂ ਮੈਂਬਰਾਂ ਨੂੰ ਜੋੜਨਾ ਅਤੇ ਇਸ ਦੇ ਚਾਰਟਰ ਵਿਚ ਤਬਦੀਲੀ ਨਾਲ ਜੁੜਿਆ ਕੰਮ ਵੀ ਸੁਰੱਖਿਆ ਪਰੀਸ਼ਦ ਦੇ ਕੰਮ ਦਾ ਹਿੱਸਾ ਹੈ। ਇਹ ਪਰੀਸ਼ਦ ਦੁਨੀਆ ਭਰ ਦੇ ਦੇਸ਼ਾਂ ਵਿਚ ਸ਼ਾਂਤੀ ਮਿਸ਼ਨ ਵੀ ਭੇਜਦਾ ਹੈ।ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਮਿਲਟਰੀ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਸੁਰੱਖਿਆ ਪਰੀਸ਼ਦ ਰੈਜੋਲੂਸ਼ਨ ਦੇ ਜ਼ਰੀਏ ਉਸ ਨੂੰ ਲਾਗੂ ਵੀ ਕਰਦਾ ਹੈ।
ਨਿਊਜ਼ੀਲੈਂਡ : ਗਿਸਬੋਰਨ ਹਵਾਈ ਅੱਡੇ 'ਤੇ ਮਿਲੀ ਬੰਬ ਦੀ ਧਮਕੀ, ਮਚੀ ਹਫੜਾ-ਦਫੜੀ
NEXT STORY