ਰੋਮ (ਕੈਂਥ)— ਭਾਰਤੀ ਅੰਬੈਂਸੀ ਰੋਮ ਦੇ ਸਮੁੱਚੇ ਸਟਾਫ਼ ਨੇ ਸਤਿਕਾਰਯੋਗ ਅੰਬੈਸਡਰ ਮੈਡਮ ਰੀਨਤ ਸੰਧੂ ਦੀ ਦਿਸ਼ਾ-ਨਿਰਦੇਸ਼ ਹੇਠ ਜਿਸ ਤਰ੍ਹਾਂ ਹੁਣ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਇਟਲੀ ਦੇ ਭਾਰਤੀਆਂ ਦੀਆਂ ਦੁੱਖ-ਤਕਲੀਫ਼ਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਹਨ, ਇਹ ਕਾਰਵਾਈ ਸੱਚੀ ਵਿਚ ਹੀ ਕਾਬਲੇ ਤਾਰੀਫ਼ ਅਤੇ ਸ਼ਲਾਘਾਯੋਗ ਹੈ। ਇਸ ਪਿਆਰ ਭਰੇ ਰਵੱਈਏ ਨਾਲ ਇਟਲੀ ਖਾਸ ਕਰ ਕੇ ਸੂਬਾ ਸੀਚੀਲੀਆ, ਲਾਸੀਓ ਅਤੇ ਕੰਪਾਨੀਆਂ ਦੇ ਭਾਰਤੀ ਭਾਈਚਾਰੇ ਦੇ ਲੋਕ ਕਾਫ਼ੀ ਖੁਸ਼ ਅਤੇ ਉਤਸ਼ਾਹਤ ਨਜ਼ਰੀ ਆ ਰਹੇ ਹਨ। ਜਿਹੜੇ ਭਾਰਤੀ ਕਦੇ ਭਾਰਤੀ ਅੰਬੈਂਸੀ ਰੋਮ ਜਾਣਾ ਬਹੁਤ ਔਖਾ ਅਤੇ ਮੁਸੀਬਤ ਵਾਂਗ ਮਹਿਸੂਸ ਕਰਦੇ ਸਨ, ਹੁਣ ਉਹ ਬਿਨਾਂ ਝਿੱਜਕ ਅਤੇ ਬਿਨਾਂ ਡਰ ਦੇ ਭਾਰਤੀ ਅੰਬੈਂਸੀ ਰੋਮ ਦੇ ਅਫ਼ਸਰ ਸਹਿਬਾਨ ਨੂੰ ਇਟਲੀ ਵਿਚ ਉਨ੍ਹਾਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਖੁੱਲ ਕੇ ਦੱਸਦੇ ਕਰਦੇ ਹਨ।
ਇਟਲੀ ਦੇ ਭਾਰਤੀਆਂ ਦੀਆਂ ਸਮੱਸਿਆਵਾਂ ਸੰਬਧੀ ਭਾਰਤੀ ਅੰਬੈਂਸੀ ਰੋਮ ਦੀ ਅੰਬੈਸਡਰ ਮੈਡਮ ਰੀਨਤ ਸੰਧੂ ਆਪਣੀ ਇਕ ਵਿਸ਼ੇਸ਼ ਫੇਰੀ ਦੌਰਾਨ ਇਟਲੀ ਦੇ ਸੂਬਾ ਸੀਚੀਲੀਆ ਦੇ ਸ਼ਹਿਰ ਕਤਾਨੀਆਂ ਵਿਖੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਨ ਅਤੇ ਸਮਝਣ ਲਈ ਉਚੇਚੇ ਤੌਰ 'ਤੇ ਪਹੁੰਚੀ। ਇਟਲੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ “ਇਕ ਓਂਕਾਰ ਏਕਤਾ ਇੰਡੀਅਨ ਕਤਾਨੀਆ ਇਟਲੀ'' ਅਤੇ ਸੀ.ਜੀ.ਆਈ.ਐਲ ਕਤਾਨੀਆਂ ਦੇ ਸਹਿਯੋਗ ਨਾਲ ਹੋਏ ਇਕ ਭਾਰਤੀ ਇਕੱਠ ਦੌਰਾਨ ਮੈਡਮ ਰੀਨਤ ਸੰਧੂ ਹੁਰਾਂ ਬਹੁਤ ਹੀ ਵਿਸਥਾਰਪੂਰਵਕ ਸੂਬੇ ਦੇ ਭਾਰਤੀ ਭਾਈਚਾਰੇ ਦੇ ਦੁੱਖੜੇ ਸੁਣੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਪ੍ਰੈੱਸ ਨੂੰ ਇਹ ਜਾਣਕਾਰੀ “ਇਕ ਓਂਕਾਰ ਏਕਤਾ ਇੰਡੀਅਨ ਕਤਾਨੀਆ ਇਟਲੀ'' ਦੇ ਆਗੂ ਪ੍ਰਗਟ ਸਿੰਘ ਗੌਸਲ, ਲੱਛਮਣ ਸਿੰਘ ਮੰਗਾ ਅਤੇ ਰਾਜਵਿੰਦਰ ਸਿੰਘ ਰਾਜੂ ਨੇ ਸਾਂਝੇ ਤੌਰ 'ਤੇ ਦਿੱਤੀ। ਉਹ ਅੱਗੇ ਕਿਹਾ ਅਸੀਂ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਖਾਸ ਕਰ ਕੇ ਸਤਿਕਾਰਯੋਗ ਅੰਬੈਸਡਰ ਮੈਡਮ ਰੀਨਤ ਸੰਧੂ ਦੇ ਬਹੁਤ ਧੰਨਵਾਦੀ ਹਾਂ, ਜਿਹੜੇ ਕਿ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਸਮਝਦਿਆਂ ਹੋਏ ਕਤਾਨੀਆਂ ਪਹੁੰਚੇ। ਉਮੀਦ ਹੈ ਕਿ ਇਟਲੀ ਵਿਚ ਜਿਹੜੇ ਭਾਰਤੀ ਬਿਨਾਂ ਪੇਪਰਾਂ ਦੇ ਜ਼ਿੰਦਗੀ ਬਸਰ ਕਰ ਰਹੇ ਹਨ ਤੇ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਵੀ ਨਹੀਂ ਹਨ, ਉਨ੍ਹਾਂ ਦੇ ਮਸਲੇ ਵੀ ਹੁਣ ਜਲਦ ਹੱਲ ਹੋਣਗੇ।
ਈਰਾਨ ਸਮਝੌਤੇ ਤੋਂ ਇੰਝ ਹੀ ਪਿੱਛਾ ਨਹੀਂ ਛੁਡਾਇਆ ਜਾ ਸਕਦਾ : ਮੈਕਰੋਨ
NEXT STORY