ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟਰੇਲੀਆ ਦੀ ਨਿਰੰਤਰ ਕਾਰਜਸ਼ੀਲ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬ ਤੋਂ ਆਏ ਨਾਮਵਰ ਲੇਖਕ ਡਾ. ਸੁਰਿੰਦਰ ਗਿੱਲ ਦੇ ਸਨਮਾਨ ਵਿਚ ਇਕ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਸਥਾਨਿਕ ਅਤੇ ਬਾਹਰੋਂ ਆਏ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਉਪਰੰਤ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਲੈਨਿਨ ਕਿਤਾਬ ਘਰ ਦੇ ਸੰਚਾਲਕ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਸਮਾਗਮ ਦੇ ਪਹਿਲੇ ਭਾਗ ਵਿਚ ਸੰਸਥਾ ਦੇ ਕਨਵੀਨਰ ਰੁਪਿੰਦਰ ਸੋਜ਼ ਨੇ ਸਟੇਜ ਦਾ ਸੰਚਾਲਨ ਕੀਤਾ। ਕਵੀ ਦਰਬਾਰ ਵਿਚ ਹਰਜੀਤ ਕੌਰ ਸੰਧੂ, ਦਲਵੀਰ ਹਲਵਾਰਵੀ, ਇਕਬਾਲ ਸਿੰਘ ਧਾਮੀ, ਬਲਵਿੰਦਰ ਸੰਧੂ, ਸੈਮੀ ਸਿਧੂ, ਆਤਮਾ ਸਿੰਘ ਹੇਅਰ, ਦਲਵੀਰ ਹਲਵਾਰਵੀ, ਨਿਰਮਲ ਸਿੰਘ ਦਿਓਲ, ਰੁਪਿੰਦਰ ਸੋਜ਼, ਚੇਤਨਾ ਗਿੱਲ, ਤੇਜਪਾਲ ਕੌਰ ਆਦਿ ਕਵੀਆਂ ਅਤੇ ਗੀਤਕਾਰਾਂ ਨੇ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਸੁਖਮਨ ਸੰਧੂ ਨੇ ਬਾਲ ਕਵਿਤਾ ਨਾਲ ਹਾਜ਼ਰੀ ਲਵਾਈ। ਤਜਿੰਦਰ ਭੰਗੂ ਦੀ ਕਮੇਡੀ ਨਾਲ ਭਰਪੂਰ ਹਾਜ਼ਰੀ ਨੇ ਸਭ ਨੂੰ ਬਹੁਤ ਹਸਾਇਆ। ਗੁਰਜਿੰਦਰ ਸੰਧੂ ਅਤੇ ਹਰਕੀ ਵਿਰਕ ਨੇ ਤਰੰਨਮ ਵਿਚ ਆਪਣੀਆਂ ਰਚਨਾਵਾਂ ਬੋਲ ਕੇ ਸਮਾਂ ਬੰਨ ਦਿੱਤਾ।
ਸਮਾਗਮ ਦੇ ਦੂਸਰੇ ਭਾਗ ਵਿਚ ਤਰਕਸ਼ੀਲ ਆਗੂ ਜਸਵੰਤ ਜੀਰਖ਼ ਨੇ ਤਰਕਸ਼ੀਲ ਲਹਿਰ ਬਾਰੇ ਜਾਣਕਾਰੀ ਦਿੱਤੀ। ਵਾਰਤਕ ਲੇਖਕ ਯਸ਼ਪਾਲ ਗੁਲਾਟੀ ਨੇ ਮਿੰਨੀ ਕਹਾਣੀ ਮੰਚ ਤੋਂ ਪੇਸ਼ ਕਰਦਿਆਂ ਸਰੋਤਿਆਂ ਦੀ ਦਾਦ ਵਸੂਲੀ। ਸਰਬਜੀਤ ਸੋਹੀ ਨੇ ਡਾ. ਸੁਰਿੰਦਰ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਖੋਜ ਪੁਸਤਕ ‘ਪੰਜਾਬੀ ਰਾਜਨੀਤਕ ਕਵਿਤਾ’ ਬਾਰੇ ਬੋਲਦਿਆਂ ਇਸ ਨੂੰ ਪੰਜਾਬੀ ਕਵਿਤਾ ਦੇ ਇਤਿਹਾਸ, ਮੁਲਾਂਕਣ ਅਤੇ ਵਿਸ਼ਲੇਸ਼ਣ ਦਾ ਮੁੱਲਵਾਨ ਦਸਤਾਵੇਜ਼ ਕਿਹਾ। ਡਾ. ਗਿੱਲ ਦੇ ਤੁਆਰਫ਼ ਵਿਚ ਉਸ ਨੇ ਉਹਨਾਂ ਨੂੰ ਨਿਰੰਤਰ ਸ਼ਬਦ ਪ੍ਰਵਾਹ ਦਾ ਸਾਰਥੀ ਆਖਦਿਆਂ ਉਹਨਾਂ ਦੇ ਹੁਣ ਤੱਕ ਦੇ ਸਾਹਿਤਕ ਸਫ਼ਰ 'ਤੇ ਰੌਸ਼ਨੀ ਪਾਈ।

ਡਾ. ਨੀਰਜ ਗਿੱਲ ਵੱਲੋਂ ਆਪਣੇ ਪਿਤਾ ਡਾ. ਸੁਰਿੰਦਰ ਗਿੱਲ ਦੀਆਂ ਕੁੱਝ ਰਚਨਾਵਾਂ ਸੁਣਾ ਕੇ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਅੰਤ ਵਿਚ ਡਾ. ਸੁਰਿੰਦਰ ਗਿੱਲ ਨੇ ਮੰਚ ਤੋਂ ਕਾਵਿਕ ਰੰਗ ਬਿਖੇਰਦੀ ਆਪਣੀ ਹਾਜ਼ਰੀ ਨਾਲ ਸਭ ਨੂੰ ਸੰਮੋਹਿਤ ਕਰ ਲਿਆ। ਉਮਰ ਦੇ ਇਸ ਪੜਾਅ 'ਤੇ ਵੀ ਉਹਨਾਂ ਦੀ ਆਵਾਜ਼ ਅਤੇ ਅਲਫਾਜ਼ ਕੀਲਣ ਵਾਲੇ ਸਨ। ਰੁਪਿੰਦਰ ਸੋਜ਼ ਨੇ ਕੈਨੇਡੀਅਨ ਪੰਜਾਬੀ ਸ਼ਾਇਰ ਇੰਦਰਜੀਤ ਧਾਮੀ ਦੀ ਲੋਕ ਅਰਪਣ ਹੋ ਰਹੀ ਕਿਤਾਬ ‘ਚੈਰੀਆਂ ਰਸ ਜਾਣੀਆਂ’ ਬਾਰੇ ਸੰਖੇਪ ਵਿਚ ਆਪਣੇ ਵਿਚਾਰ ਦਿੱਤੇ ਅਤੇ ਉਹਨਾਂ ਦੀ ਗਜ਼ਲ ਕਲਾ ਬਾਰੇ ਗੱਲ-ਬਾਤ ਕੀਤੀ। ਸਮਾਗਮ ਵਿਚ ਤੇਜਪਾਲ ਕੌਰ ਦੀ ਕਿਤਾਬ ਸੂਰਜ 'ਤੇ ਬੈਠੀ ਤਿਤਲੀ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਗੀਤਕਾਰ ਸੁਰਜੀਤ ਸੰਧੂ, ਸ਼ਮਸ਼ੇਰ ਸਿੰਘ ਚੀਮਾ, ਅਜਾਇਬ ਸਿੰਘ ਵਿਰਕ, ਪਾਲ ਰਾਊਕੇ, ਕਿਰਨ ਵਿਰਕ, ਰਣਜੀਤ ਵਿਰਕ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।
ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ
NEXT STORY