ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਸਿਰਮੌਰ ਅਦਬੀ ਸੰਸਥਾ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਅਤੇ ਅਦਬੀ ਕੌਂਸਲ ਆਫ ਆਸਟ੍ਰੇਲੀਆ ਦੀ ਸਾਂਝੀ ਪਹਿਲ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਇੰਡੋਜ਼ ਪੰਜਾਬੀ ਲਾਇਬ੍ਰੇਰੀ, ਇਨਾਲਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਰੂਪ ਧਾਰਨ ਕਰਦੇ ਹੋਏ ਪੰਜਾਬੀ, ਹਿੰਦੀ, ਸਿੰਧੀ, ਉਰਦੂ, ਡੋਗਰੀ, ਮੈਥਲੀ ਅਤੇ ਹਰਿਆਣਵੀ ਸਮੇਤ ਕਈ ਭਾਸ਼ਾਵਾਂ ਦੇ ਬੁਲਾਰਿਆਂ ਨੂੰ ਇਕ ਮੰਚ ‘ਤੇ ਸ਼ਾਮਲ ਹੋਣ ਦਾ ਇਹ ਨਿਵੇਕਲਾ ਮੌਕਾ ਸੀ। ਇਸ ਮੌਕੇ ਅਮਰ ਆਰਟਿਸਟ ਦੀ ਚਿੱਤਰ ਪ੍ਰਦਰਸ਼ਨੀ ਦਰਸ਼ਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਹੀ, ਜਦਕਿ ਨਿਰਮਲ ਸਿੰਘ ਦਿਓਲ ਦੀ ਕਿਤਾਬ “ਛਾਂਵਾ ਠੰਡੀਆਂ ਨੇ ਬੋਹੜ ਦੀਆਂ” ਦਾ ਲੋਕ ਅਰਪਣ ਵੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਲੇਖਿਕਾ ਅਤੇ ਨਾਰੀ ਐਕਟੀਵਿਸਟ ਰੀਤਿਕਾ ਅਹੀਰ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਮਾਤ ਭਾਸ਼ਾ ਦੀ ਅਹਿਮੀਅਤ ਅਤੇ ਉਸਦੀ ਪਛਾਣ ਬਰਕਰਾਰ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਰੂਪਿੰਦਰ ਸੋਜ਼ ਨੇ ਆਪਣੀ ਗ਼ਜ਼ਲ “ਮੈਂ ਪੰਜਾਬੀ ਬੋਲੀ ਹਾਂ” ਰਾਹੀਂ ਮਾਹੌਲ ਨੂੰ ਭਾਵੁਕ ਅਤੇ ਰੰਗੀਨ ਬਣਾਇਆ। ਬੰਗਲਾਦੇਸ਼ ਤੋਂ ਪਹੁੰਚੇ ਜੇ.ਡੀ. ਨੇ ਭਾਸ਼ਾ ਅੰਦੋਲਨ ਦੇ ਇਤਿਹਾਸਕ ਪ੍ਰਸੰਗਾਂ ‘ਤੇ ਵਿਸਥਾਰ ਨਾਲ ਚਾਨਣ ਪਾਇਆ ਅਤੇ ਦੱਸਿਆ ਕਿ ਭਾਸ਼ਾ ਲਈ ਸ਼ਹਾਦਤ ਦੇਣ ਵਾਲੇ ਪਹਿਲੇ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਵਿਸ਼ੇਸ਼ ਤੌਰ ‘ਤੇ ਬੰਗਲਾਦੇਸ਼ ਵਿੱਚ ਇਹ ਦਿਨ ਬੇਹੱਦ ਅਦਬ ਅਤੇ ਸਨਮਾਨ ਨਾਲ ਮਨਾਇਆ ਜਾਂਦਾ ਹੈ।
ਕਿਸ਼ੋਰ ਮਿਸ਼ਰਾ, ਧਰੁਵ ਮਿਸ਼ਰਾ ਅਤੇ ਵਿਭਾ ਦਾਸ ਦੀਆਂ ਹਿੰਦੀ ਕਵਿਤਾਵਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਸਰਬਜੀਤ ਸੋਹੀ ਨੇ ਪੰਜਾਬੀ ਕਵਿਤਾ ਰਾਹੀਂ ਮਾਤ ਭਾਸ਼ਾ ਨਾਲ ਜੁੜੀ ਗਹਿਰੀ ਭਾਵਨਾ ਨੂੰ ਪ੍ਰਗਟਾਇਆ, ਜਦਕਿ ਮਨਜੀਤ ਬੋਪਰਾਏ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਿਰ ਕਰਦਿਆਂ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਅਲੀ ਰਿਆਜ਼ ਦੀ ਗ਼ਜ਼ਲ ਅਤੇ ਮੁਕੇਸ਼ ਦੂਬੇ ਦੀ ਹਿੰਦੀ ਕਵਿਤਾ ਨੇ ਸਮਾਗਮ ਨੂੰ ਹੋਰ ਵੀ ਰੰਗਤ ਬਖ਼ਸ਼ੀ।
ਆਤਮਾ ਹੇਅਰ ਨੇ ਪੰਜਾਬੀ ਗੀਤ ਰਾਹੀਂ ਸੱਭਿਆਚਾਰਕ ਰੰਗ ਭਰੇ, ਜਦਕਿ ਜਤਿੰਦਰ ਸਿੰਘ ਨੇ ਡੋਗਰੀ ਭਾਸ਼ਾ ਦੇ ਇਤਿਹਾਸ ਅਤੇ ਗੀਤਾਂ ਰਾਹੀਂ ਭਾਸ਼ਾਈ ਵਿਭਿੰਨਤਾ ਦੀ ਸੁੰਦਰ ਝਲਕ ਪੇਸ਼ ਕੀਤੀ। ਨੀਤੂ ਸਿੰਘ ਨੇ ਹਰਿਆਣਵੀ ਭਾਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਸ਼ਾਵਾਂ ਦੀ ਆਪਸੀ ਸਾਂਝ ਨੂੰ ਰੌਸ਼ਨ ਕੀਤਾ। ਤਬਲਾ ਵਾਦਕ ਪਰਮਜੀਤ ਸਿੰਘ ਅਤੇ ਗ਼ਜ਼ਲ ਗਾਇਕ ਜਤਿੰਦਰ ਸਿੰਘ ਜੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਜਸਕਰਨ ਸ਼ੀਂਹ ਵੱਲੋਂ ਬੜੀ ਸੁਚੱਜੀ ਤਰ੍ਹਾਂ ਨਿਭਾਈ ਗਈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪਾਲ ਰਾਊਕੇ, ਪੁਸ਼ਪਿੰਦਰ ਤੂਰ, ਬਿਕਰਮਜੀਤ ਚੰਦੀ, ਸ਼ਮਸ਼ੇਰ ਚੀਮਾ, ਹਰਭਜਨ ਲਾਲ, ਅਜਾਇਬ ਸਿੰਘ ਵਿਰਕ, ਚਰਨ ਕਮਲ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸੰਗਤ ਦੀ ਭਰਪੂਰ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਾਡੀ ਪਹਿਚਾਣ ਅਤੇ ਸੱਭਿਆਚਾਰ ਦੀ ਆਤਮਾ ਹੈ। ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣ ਦੇ ਸੰਕਲਪ ਨੂੰ ਦੁਹਰਾਇਆ ਗਿਆ।
ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ 'ਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ 'ਚ ਚੱਲਣ ਦੀ ਇਜਾਜ਼ਤ
NEXT STORY