ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਜੈਨੋਆ ਵਿਖੇ 13 ਅਗਸਤ ਨੂੰ ਪੁਲ ਡਿੱਗਣ ਕਾਰਨ 39 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਹੁਣ ਇਟਲੀ ਸਰਕਾਰ ਭਵਿੱਖ 'ਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੱਬਾਂ ਭਾਰ ਹੋ ਗਈ ਹੈ। ਇਸ ਤਹਿਤ ਸਾਰੇ ਪੁਰਾਤਨ ਪੁਲਾਂ ਅਤੇ ਸੜਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਯਤਨ ਜਾਰੀ ਹਨ। ਸਰਕਾਰ ਵਲੋਂ ਸਾਰੇ ਸ਼ਹਿਰਾਂ ਦੇ ਮੇਅਰਜ਼ ਤੋਂ ਆਪੋ-ਆਪਣੇ ਇਲਾਕਿਆਂ ਦੇ ਪੁਲਾਂ ਅਤੇ ਸੜਕਾਂ ਦੀ ਮਨਿਆਦ ਸਬੰਧੀ 10 ਦਿਨ ਦੇ ਅੰਦਰ-ਅੰਦਰ ਨਿਰੀਖਣ ਰਿਪੋਰਟ ਮੰਗੀ ਗਈ ਹੈ।
ਇਸੇ ਤਰ੍ਹਾਂ ਇਕ ਵਿਸ਼ੇਸ਼ ਟੀਮ ਵਲੋਂ ਵੀ ਬਹੁਤ ਜਲਦ ਇਟਲੀ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਦਾ ਬਾਰੀਕੀਆਂ ਨਾਲ ਨਿਰੀਖਣ ਕੀਤਾ ਜਾਵੇਗਾ। ਬਹੁਤ ਸਾਰੇ ਇਲਾਕਿਆਂ 'ਚ ਪੁਲਾਂ ਦੀ ਮੁਰੰਮਤ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਜੈਨੋਆ ਵਿਖੇ ਡਿੱਗੇ ਪੁਲ ਦੀ ਦੁਬਾਰਾ ਉਸਾਰੀ ਦਾ ਕੰਮ ਆਉਣ ਵਾਲੇ 5 ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਦੂਜੇ ਪਾਸੇ ਸੜਕਾਂ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਡਰਾਈਵਿੰਗ ਦੌਰਾਨ ਫੋਨ ਦੀ ਵਰਤੋਂ ਕਰਨ 'ਤੇ ਪੂਰਨ ਪਾਬੰਦੀ ਲਗਾਉਣ ਦੇ ਨੋਟੀਫਿਕੇਸ਼ਨ ਵੀ ਲਾਗੂ ਕਰ ਦਿੱਤੇ ਗਏ ਹਨ । ਡਰਾਈਵਿੰਗ ਦੌਰਾਨ ਫੋਨ ਜਾਂ ਚੈਟਿੰਗ ਕਰਦੇ ਫੜੇ ਜਾਣ ਵਾਲੇ ਦਾ ਲਾਇਸੈਂਸ ਜ਼ਬਤ ਕੀਤਾ ਜਾਵੇਗਾ ਅਤੇ ਸਖਤੀ ਨਾਲ ਇਸ ਦੀ ਪਾਲਣਾ ਕੀਤੀ ਜਾਵੇਗੀ।
ਟਰੰਪ ਦੀ ਪ੍ਰਵਾਸੀ ਨੀਤੀ ਠੀਕ ਨਹੀਂ : ਅਮਰੀਕੀ ਕੰਪਨੀਆਂ
NEXT STORY