ਹਾਂਗਕਾਂਗ- ਹਾਂਗਕਾਂਗ ਦੀ ਇੱਕ ਅਦਾਲਤ ਨੇ ਅਧਿਕਾਰ ਕਾਰਜਕਰਤਾ ਅਤੇ ਪ੍ਰਮੁੱਖ ਪ੍ਰਕਾਸ਼ਕ ਜਿੰਮੀ ਲਾਈ ਦੁਆਰਾ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਲਾਈ (76) ਨੂੰ 2019 ਵਿੱਚ ਜਨਤਕ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਲਾਈ 'ਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਲਈ ਵਿਦੇਸ਼ੀ ਤਾਕਤਾਂ ਨਾਲ ਸਾਜ਼ਿਸ਼ ਰਚਣ ਅਤੇ ਦੇਸ਼ਧ੍ਰੋਹੀ ਕਿਸਮ ਦੀ ਸਮੱਗਰੀ ਪ੍ਰਕਾਸ਼ਿਤ ਕਰਨ ਦਾ ਦੋਸ਼ ਹੈ।
ਹੁਣ ਬੰਦ ਹੋ ਚੁੱਕੇ ਲੋਕਤੰਤਰ ਪੱਖੀ ਅਖਬਾਰ ‘ਐਪਲ ਡੇਲੀ’ ਨਾਲ ਸਬੰਧਤ ਇਸ ਕੇਸ ਦੀ ਵਿਦੇਸ਼ੀ ਸਰਕਾਰਾਂ, ਕਾਰੋਬਾਰੀ ਪੇਸ਼ੇਵਰ ਅਤੇ ਕਾਨੂੰਨੀ ਵਿਦਵਾਨ ਨੇੜਿਓਂ ਪੈਰਵੀ ਕਰ ਰਹੇ ਹਨ। ਇਸ ਅਖਬਾਰ ਦਾ ਸੰਸਥਾਪਕ ਲਾਈ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਕੇਸ ਦੇਸ਼ ਦੀ ਆਜ਼ਾਦੀ ਅਤੇ ਨਿਆਂਇਕ ਪਾਰਦਰਸ਼ਤਾ ਦੀ ਪ੍ਰੀਖਿਆ ਹੈ।
ਹਾਂਗਕਾਂਗ ਪਹਿਲਾਂ ਬ੍ਰਿਟਿਸ਼ ਉਪਨਿਵੇਸ਼ ਸੀ ਪਰ 1997 ਵਿੱਚ ਇਸ ਵਾਅਦੇ ਨਾਲ ਚੀਨ ਨੂੰ ਸੌਂਪ ਦਿੱਤਾ ਗਿਆ ਸੀ ਕਿ ਸ਼ਹਿਰ ਦੀ ਪੱਛਮੀ-ਸ਼ੈਲੀ ਦੀ ਨਾਗਰਿਕ ਆਜ਼ਾਦੀ ਅਗਲੇ 50 ਸਾਲਾਂ ਤੱਕ ਬਰਕਰਾਰ ਰਹੇਗੀ। ਹਾਲਾਂਕਿ ਨਵਾਂ ਸੁਰੱਖਿਆ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਹ ਵਾਅਦਾ ਪਿੱਛੇ ਰਹਿ ਗਿਆ ਅਤੇ ਇਸ ਕਾਨੂੰਨ ਤਹਿਤ ਬਹੁਤ ਸਾਰੇ ਲੋਕਤੰਤਰ ਪੱਖੀ ਕਾਰਜਕਰਤਾ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਹਫ਼ਤੇ ਦੇ ਸ਼ੁਰੂ ਵਿੱਚ ਜੱਜ ਐਸਥਰ ਟੋਹ, ਸੁਸਾਨਾ ਡੀ'ਅਲਮਾਡਾ ਰੇਮੇਡੀਓਸ ਅਤੇ ਅਲੈਕਸ ਲੀ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਕਿ ਕੀ ਇਸਤਗਾਸਾ ਪੱਖ ਨੇ ਲਾਈ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਉਣ ਦੀ ਸਮਾਂ ਸੀਮਾ ਪਾਰ ਕੀਤੀ ਸੀ। ਕਾਨੂੰਨ ਅਨੁਸਾਰ ਦੇਸ਼ਧ੍ਰੋਹ ਦੇ ਦੋਸ਼ 'ਤੇ ਮੁਕੱਦਮਾ ਕਥਿਤ ਅਪਰਾਧ ਕੀਤੇ ਜਾਣ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਸ਼ੁਰੂ ਕਰਨਾ ਜ਼ਰੂਰੀ ਹੈ। ਸ਼ੁੱਕਰਵਾਰ ਨੂੰ ਆਪਣੇ ਫ਼ੈਸਲੇ ਵਿੱਚ ਜੱਜਾਂ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਸਮੇਂ ਸਿਰ ਦੋਸ਼ ਦਾਇਰ ਕੀਤੇ ਹਨ। ਉਸਨੇ ਆਪਣੇ ਫ਼ੈਸਲੇ ਵਿੱਚ ਕਿਹਾ, "ਬਚਾਅ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।"
ਇਸ ਦੌਰਾਨ ਜਦੋਂ ਲਾਈ ਅਦਾਲਤ ਦੇ ਕਮਰੇ ਵਿਚ ਪਹੁੰਚਿਆ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਮੁਸਕਰਾ ਪਿਆ। ਅਮਰੀਕਾ ਅਤੇ ਬ੍ਰਿਟੇਨ ਨੇ ਮੁਕੱਦਮੇ ਦੀ ਆਲੋਚਨਾ ਕੀਤੀ ਹੈ, ਜਦਕਿ ਚੀਨ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਬੁਨਿਆਦੀ ਨਿਯਮਾਂ ਦੇ ਵਿਰੁੱਧ ਦੱਸਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੈਨੇਡਾ ਨੇ ਸੰਕਟ 'ਚ ਫਸੇ ਇਸ ਦੇਸ਼ ਦੇ ਨਾਗਰਿਕਾਂ ਲਈ ਅਸਥਾਈ ਵੀਜ਼ੇ ਦਾ ਕੀਤਾ ਐਲਾਨ
NEXT STORY