ਲੰਡਨ/ਸਟੁਟਗਾਟ, (ਸਰਬਜੀਤ ਸਿੰਘ ਬਨੂੜ) - ਜਰਮਨੀ ਵਿੱਚ ਸਿੱਖ ਭਾਈਚਾਰੇ ਨੂੰ ਦਰਪੇਸ਼ ਧਾਰਮਿਕ, ਸਮਾਜਿਕ, ਵਿਦਿਅਕ ਅਤੇ ਕਾਨੂੰਨੀ ਚੁਣੌਤੀਆਂ ਦੇ ਹੱਲ ਲਈ ਸਟੁਟਗਾਟ ਵਿਖੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਪ੍ਰਚਾਰਕਾਂ ਅਤੇ ਸੁਹਿਰਦ ਸਿੱਖਾਂ ਦੀ ਭਰਵੀਂ ਪੰਥਕ ਇਕੱਤਰਤਾ ਹੋਈ। ਇਕੱਤਰਤਾ ਦੌਰਾਨ ਸਾਂਝੇ ਪੱਧਰ ’ਤੇ ਕੰਮ ਕਰਨ ਲਈ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਇਕੱਤਰਤਾ ਵਿੱਚ ਜਰਮਨੀ ਦੇ 16 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸਮੇਤ ਸਿੱਖ ਪ੍ਰਚਾਰਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨਾਲ ਸਬੰਧਤ ਮਸਲਿਆਂ ਉੱਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਦੇ ਪ੍ਰਬੰਧਕ ਸੇਵਾਦਾਰ ਭਾਈ ਰਵੇਲ ਸਿੰਘ ਨੇ ਆਏ ਪ੍ਰਤੀਨਿਧਾਂ ਦਾ ਸਵਾਗਤ ਕੀਤਾ। ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਚੀਮਾ ਨੇ ਸਿੱਖ ਰਹਿਤ ਮਰਯਾਦਾ ਦੀ ਮਹੱਤਤਾ ਬਾਰੇ ਵਿਚਾਰ ਰੱਖੇ, ਜਦਕਿ ਭਾਈ ਸੁਖਦੇਵ ਸਿੰਘ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਇਤਿਹਾਸਕ ਅਤੇ ਪੰਥਕ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਕੱਤਰਤਾ ਦਾ ਮੁੱਖ ਏਜੰਡਾ ਪੇਸ਼ ਕਰਨ ਅਤੇ ਸਟੇਜ ਸੰਚਾਲਨ ਦੀ ਸੇਵਾ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਈ।
ਇਕੱਤਰਤਾ ਦੌਰਾਨ ਸਕੂਲਾਂ, ਯੂਨੀਵਰਸਿਟੀਆਂ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਦਸਤਾਰ, ਕੇਸ, ਕਿਰਪਾਨ ਅਤੇ ਸਿੱਖ ਧਾਰਮਿਕ ਪਛਾਣ ਨਾਲ ਸਬੰਧਤ ਕਾਨੂੰਨੀ ਮਸਲਿਆਂ ਦੀ ਪੈਰਵੀ ਲਈ ਸਾਂਝੀ ਕਾਰਜ-ਪ੍ਰਣਾਲੀ ਵਿਕਸਿਤ ਕਰਨ ਉੱਤੇ ਜ਼ੋਰ ਦਿੱਤਾ ਗਿਆ। ਨਸਲਵਾਦ, ਧਾਰਮਿਕ ਭੇਦਭਾਵ, ਨਫ਼ਰਤੀ ਪ੍ਰਚਾਰ ਜਾਂ ਧਮਕੀਆਂ ਦੀਆਂ ਘਟਨਾਵਾਂ ਨੂੰ ਦਰਜ ਕਰਨ ਅਤੇ ਲੋੜਵੰਦਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਹੈਲਪਲਾਈਨ ਅਤੇ ਕਾਨੂੰਨੀ ਮਾਹਿਰਾਂ ਦੀ ਟੀਮ ਬਣਾਉਣ ਦੀ ਤਜਵੀਜ਼ ਵੀ ਸਾਹਮਣੇ ਆਈ। ਬੱਚਿਆਂ ਅਤੇ ਨੌਜਵਾਨਾਂ ਲਈ ਪੰਜਾਬੀ ਤੇ ਗੁਰਮਤਿ ਸਿੱਖਿਆ ਦੇ ਨਾਲ ਉੱਚ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਸਬੰਧੀ ਮਾਰਗਦਰਸ਼ਨ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਪੰਜਾਬੀ ਸਕੂਲਾਂ ਲਈ ਇੱਕਸਾਰ ਪਾਠਕ੍ਰਮ ਅਤੇ ਜਰਮਨ ਭਾਸ਼ਾ ਵਿੱਚ ਪ੍ਰਮਾਣਿਕ ਸਿੱਖ ਸਾਹਿਤ ਤਿਆਰ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਗਿਆ।
ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧਾਂ ਅਤੇ ਪੰਥਕ ਫ਼ੈਸਲਾ ਪ੍ਰਕਿਰਿਆ ਵਿੱਚ ਬੀਬੀਆਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਦੀ ਲੋੜ ਦੱਸੀ। ਇਸ ਦੇ ਨਾਲ ਨਸ਼ਿਆਂ, ਮਾਨਸਿਕ ਤਣਾਅ, ਘਰੇਲੂ ਹਿੰਸਾ, ਪੀੜ੍ਹੀਆਂ ਵਿਚਲੇ ਪਾੜੇ ਅਤੇ ਬਜ਼ੁਰਗਾਂ ਦੀ ਸੰਭਾਲ ਵਰਗੇ ਸਮਾਜਿਕ ਮਸਲਿਆਂ ਲਈ ਪੇਸ਼ੇਵਰ ਸਹਾਇਤਾ ਅਤੇ ਮਾਰਗਦਰਸ਼ਨ ਦੇ ਪ੍ਰਬੰਧ ਵਿਕਸਿਤ ਕਰਨ ਬਾਰੇ ਵੀ ਚਰਚਾ ਹੋਈ।

ਇਕੱਤਰਤਾ ਵਿੱਚ ਭਾਈ ਬਲਦੇਵ ਸਿੰਘ ਬਾਜਵਾ (ਲਾਈਪਿਸਕ), ਭਾਈ ਮੁਖਤਿਆਰ ਸਿੰਘ (ਕੈਮਨਿਸਟ), ਭਾਈ ਤਰਸੇਮ ਸਿੰਘ (ਮਿਉਨਚਿਨ), ਭਾਈ ਅਨੂਪ ਸਿੰਘ (ਫਰੈਕਫੋਰਟ), ਭਾਈ ਦਿਲਬਾਗ ਸਿੰਘ (ਨਿਉਨਿਬਰਗ), ਭਾਈ ਗੁਰਪਾਲ ਸਿੰਘ ਪਾਲਾ (ਕਲੋਨ), ਭਾਈ ਨਰਿੰਦਰ ਸਿੰਘ (ਰੀਗਨਸਬਰਗ), ਭਾਈ ਰਵੇਲ ਸਿੰਘ (ਸਟੁਟਗਾਟ), ਭਾਈ ਲਖਵੀਰ ਸਿੰਘ (ਨਿਉਨਕਿਰਚਨ), ਭਾਈ ਅਵਤਾਰ ਸਿੰਘ (ਲਾਰ), ਭਾਈ ਹਰਪ੍ਰੀਤ ਸਿੰਘ (ਡਿਉਸਬਰਗ), ਭਾਈ ਜਸਵਿੰਦਰ ਸਿੰਘ (ਉਲਮ) ਅਤੇ ਭਾਈ ਪੋਪਿੰਦਰ ਸਿੰਘ (ਹਿਲਬਰੋਨ) ਸਮੇਤ ਵੱਖ-ਵੱਖ ਗੁਰਦੁਆਰਿਆਂ ਨਾਲ ਸਬੰਧਤ ਪ੍ਰਬੰਧਕਾਂ ਨੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਭਾਈ ਅਜਮੇਲ ਸਿੰਘ ਗਾੜਾ, ਭਾਈ ਬਲਕਾਰ ਸਿੰਘ, ਗੁਰਦੁਆਰਾ ਫਰੈਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਨਰਿੰਦਰ ਸਿੰਘ ਘੋਤੜਾ, ਸਿੱਖ ਪ੍ਰਚਾਰਕ ਭਾਈ ਰਵਿੰਦਰ ਸਿੰਘ ਆਲਮਗੀਰ, ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਸਤਿਕਰਤਾਰ ਸਿੰਘ, ਸਿੰਘ ਸਭਾ ਜਰਮਨੀ ਦੇ ਪ੍ਰਧਾਨ ਭਾਈ ਮਲਕੀਤ ਸਿੰਘ ਅਤੇ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਦੇ ਸਾਬਕਾ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਨੇ ਵੀ ਆਪਣੇ ਸੁਝਾਅ ਰੱਖੇ।
ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੁਹਿਰਦ ਸਿੱਖਾਂ ’ਤੇ ਆਧਾਰਿਤ 31 ਮੈਂਬਰੀ ਕਮੇਟੀ ਬਣਾਈ ਗਈ। ਇਹ ਕਮੇਟੀ ਅਗਲੀ ਪੰਥਕ ਇਕੱਤਰਤਾ ਤੱਕ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਵਿਸਥਾਰ ਦੇਣ ਦੇ ਨਾਲ ਜਰਮਨੀ ਵਿੱਚ ਇਸ ਨੂੰ ਵਿਧੀਵਤ ਰਜਿਸਟਰ ਕਰਵਾਉਣ ਲਈ ਸੰਵਿਧਾਨ, ਕਾਰਜ-ਪ੍ਰਣਾਲੀ ਅਤੇ ਸਮੁੱਚੀ ਰੂਪ-ਰੇਖਾ ਤਿਆਰ ਕਰੇਗੀ।
ਪਹਿਲੇ ਪੜਾਅ ਵਿੱਚ ਗੁਰਮਤਿ ਪ੍ਰਚਾਰ, ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ, ਸਿੱਖ ਖੇਡਾਂ ਅਤੇ ਨੌਜਵਾਨ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ, ਸੈਮੀਨਾਰ ਕਰਵਾਉਣ, ਸਿੱਖਿਆ ਅਤੇ ਕਾਨੂੰਨੀ ਸਹਾਇਤਾ ਦੇ ਪ੍ਰਬੰਧ ਵਿਕਸਿਤ ਕਰਨ ਅਤੇ ਜਰਮਨ ਸਰਕਾਰੀ ਤੇ ਜਮਹੂਰੀ ਸੰਸਥਾਵਾਂ ਨਾਲ ਸੰਵਾਦ ਵਧਾਉਣ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਗਿਆ।
ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ ਮੁਨੀਰ
NEXT STORY