ਲੰਡਨ (ਸਰਬਜੀਤ ਸਿੰਘ ਬਨੂੜ) - ਇੰਗਲੈਂਡ ’ਚ 2026 ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਨੇ ਬ੍ਰਿਟਿਸ਼ ਸਿਆਸਤ ਵਿਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਕਈ ਰਵਾਇਤੀ ਗੜ੍ਹਾਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਨਾਈਜਲ ਫਰਾਜ ਦੀ ਅਗਵਾਈ ਵਾਲੀ ਰੀਫਾਰਮ ਯੂ.ਕੇ. ਪਾਰਟੀ ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ। ਪਿਛਲੇ 14 ਸਾਲਾਂ ਤੋਂ ਬਰਮਿੰਘਮ ਸਿਟੀ ਕੌਂਸਲ, ਜੋ ਲੇਬਰ ਦੇ ਕਬਜ਼ੇ ਹੇਠ ਸੀ, ਉੱਥੇ ਵੀ ਪਾਰਟੀ ਆਪਣਾ ਕੰਟਰੋਲ ਬਚਾਉਣ ਵਿਚ ਅਸਫਲ ਰਹੀ। ਸਥਾਨਕ ਮੁੱਦੇ, ਆਰਥਿਕ ਦਬਾਅ, ਇਮੀਗ੍ਰੇਸ਼ਨ ਅਤੇ ਲੋਕਾਂ ਦੀ ਨਾਰਾਜ਼ਗੀ ਨੂੰ ਇਸ ਨਤੀਜੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਰੀਫਾਰਮ ਯੂ.ਕੇ. ਨੇ ਇਕ ਹਜ਼ਾਰ ਤੋਂ ਵੱਧ ਕੌਂਸਲ ਸੀਟਾਂ ਜਿੱਤ ਕੇ ਕਈ ਕੌਂਸਲਾਂ ’ਤੇ ਕਬਜ਼ਾ ਕਰ ਲਿਆ ਹੈ। ਲੇਬਰ ਪਾਰਟੀ ਨੇ ਸੈਂਕੜੇ ਸੀਟਾਂ ਗੁਆਈਆਂ ਹਨ, ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਵੀ ਨੁਕਸਾਨ ਝੱਲਣਾ ਪਿਆ। ਕਈ ਥਾਵਾਂ ’ਤੇ ਗ੍ਰੀਨ ਪਾਰਟੀ ਅਤੇ ਲਿਬਰਲ ਡੈਮੋਕ੍ਰੇਟਸ ਨੇ ਵੀ ਮਹੱਤਵਪੂਰਨ ਵਾਧਾ ਦਰਜ ਕੀਤਾ।

ਰੀਫਾਰਮ ਯੂ.ਕੇ. ਨੇ ਖ਼ਾਸ ਤੌਰ ’ਤੇ ਉੱਤਰੀ ਇੰਗਲੈਂਡ ਅਤੇ ਮਿਡਲੈਂਡਜ਼ ਵਿਚ ਲੇਬਰ ਦੇ ਪੁਰਾਣੇ ਵੋਟ ਬੈਂਕ ਵਿਚ ਵੱਡੀ ਸੱਟ ਮਾਰੀ ਹੈ। ਨਿਊਕੈਸਲ-ਅੰਡਰ-ਲਾਈਮ ਵਰਗੀਆਂ ਕੌਂਸਲਾਂ ਵਿਚ ਰੀਫਾਰਮ ਨੇ ਪੂਰਾ ਬਹੁਮਤ ਹਾਸਲ ਕੀਤਾ। ਲੰਡਨ ਦੇ ਈਲਿੰਗ ਕੌਂਸਲ ਵਿਚ ਲੇਬਰ ਪਾਰਟੀ ਵਿਚ ਧੀਰ ਪਰਿਵਾਰ ਦੇ ਤਿੰਨ ਮੈਂਬਰ ਕੌਂਸਲਰ ਬਣੇ ਹਨ। ਇਸੇ ਤਰ੍ਹਾਂ ਵੱਖ-ਵੱਖ ਵਾਰਡਾਂ ਵਿਚ ਜਗਜੀਤ ਸਿੰਘ ਹਰਦੋ ਪ੍ਰਹੌਲਾ, ਰਾਜੂ ਸੰਸਾਰਪੁਰੀ, ਜਸਬੀਰ ਕੌਰ ਆਨੰਦ, ਪਰਵੀਨ ਕਮਲੇਸ਼ ਆਨੰਦ, ਚਰਨ ਬਾਲਾ ਸ਼ਰਮਾ, ਕਮਲਜੀਤ, ਕਮਲਪ੍ਰੀਤ ਕੌਰ, ਟੋਨੀ ਗਿੱਲ, ਗੁਰਸ਼ਰਨ ਸਿੰਘ ਮੰਡ, ਰਣਜੀਤ ਧੀਰ, ਹਰਭਜਨ ਕੌਰ ਧੀਰ, ਕਨਵਲ ਕੌਰ ਬੈਂਸ, ਕਰਮ ਚੰਦ ਮੋਹਨ ਵੀ ਮੁੜ ਕੌਂਸਲਰ ਚੁਣੇ ਗਏ ਹਨ।


ਮਿਡਲ ਈਸਟ 'ਚ ਵਧਿਆ ਤਣਾਅ: ਬ੍ਰਿਟੇਨ ਨੇ ਹੋਰਮੁਜ਼ ਵੱਲ ਤੋਰਿਆ ਆਪਣਾ ਸਭ ਤੋਂ ਘਾਤਕ ਯੁੱਧ ਪੋਤ 'HMS Dragon'
NEXT STORY