ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਲਹਿੰਦੇ ਪੰਜਾਬ ਦੀ ਜੰਮੀ ਜਾਈ ਲੇਖਿਕਾ ਸ਼ਗੁਫ਼ਤਾ ਗਿੰਮੀ ਲੋਧੀ ਦੇ ਗੁਰਮੁਖੀ ਵਿੱਚ ਛਪੇ ਨਾਵਲ ‘ਝੱਲੀ’ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਸਾਊਥਾਲ ਦੇ ਨੌਰਵੁੱਡ ਹਾਲ ਵਿਖੇ ਹੋਇਆ। ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਨੂੰ ਸਾਂਝੇ ਪੰਜਾਬ ਦਾ ਰੁਤਬਾ ਦਿਵਾਉਣ ਵਰਗਾ ਇਹ ਸਮਾਗਮ ਬਹੁਤ ਕੁੱਝ ਨਵਾਂ ਸਿਰਜ ਗਿਆ। ਸਮਾਗਮ ਦੀ ਸ਼ੁਰੂਆਤ ਸ਼ਗੁਫ਼ਤਾ ਗਿੰਮੀ ਲੋਧੀ ਨੇ ਆਪਣੇ ਸ਼ੁਰੂਆਤੀ ਸੰਬੋਧਨ ਦੌਰਾਨ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਮਰਹੂਮ ਬੇਟੀ ਲਾਲੀ ਕੁੱਸਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਗੁਫ਼ਤਾ ਗਿੰਮੀ ਦੀ ਬੇਨਤੀ ‘ਤੇ ਹਾਜ਼ਰੀਨ ਨੇ ਖੜ੍ਹੇ ਹੋ ਕੇ, ਇੱਕ ਮਿੰਟ ਦਾ ਮੌਨ ਧਾਰ ਕੇ ਲਾਲੀ ਕੁੱਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇੱਥੇ ਬਹੁਤ ਹੀ ਮਾਣ ਨਾਲ ਦੱਸਣਾ ਬਣਦਾ ਹੈ ਕਿ ਸ਼ਗੁਫ਼ਤਾ ਗਿੰਮੀ ਲੋਧੀ ਦੇ ਪਤੀ ਸਹਿਜ਼ਾਦ ਲੋਧੀ, ਬੇਟਾ ਹਮਜ਼ਾ ਲੋਧੀ, ਬੇਟੀ ਡਾਕਟਰ ਸਮਨ ਹੇਵਾ ਸਾਹਿਤ ਨਾਲ ਡੂੰਘੇ ਜੁੜੇ ਹੋਏ ਹਨ।
ਸਭ ਤੋਂ ਪਹਿਲਾਂ ਗਿੰਮੀ ਲੋਧੀ ਪਰਿਵਾਰ ਵੱਲੋਂ ਮੰਚ ਸੰਚਾਲਕ ਜਸਵੀਰ ਜੱਸ ਨੇ ਯੂਰਪੀਅਨ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪੰਜਾਬੀ ਮੀਡੀਆ ਗਰੁੱਪ ਲਾਹੌਰ ਵੱਲੋਂ ਪੰਜਾਬੀ ਤਹਿਰੀਕ ਦੇ ਫਾਊਂਡਰ ਮੁਦੱਸਰ ਇਕਬਾਲ ਬੱਟ ਅਤੇ ਸਾਊਥਾਲ ਈਲਿੰਗ ਤੋਂ ਬਤੌਰ ਮੈਂਬਰ ਪਾਰਲੀਮੈਂਟ ਪੰਜ ਵਾਰ ਸੇਵਾਵਾਂ ਨਿਭਾ ਚੁੱਕੇ ਵੀਰੇਂਦਰ ਸ਼ਰਮਾ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸੋਬਿਤ ਹੋਣ ਦਾ ਸੱਦਾ ਦਿੱਤਾ। ਮੁੱਖ ਮਹਿਮਾਨ ਵਜੋਂ ਮੇਅਰ ਕੇਰਨ ਸਮਿੱਥ ਅਤੇ ਉਨ੍ਹਾਂ ਦੇ ਪਤੀ ਨੇ ਸ਼ਿਰਕਤ ਕੀਤੀ। ਬੁਲਾਰਿਆਂ ਵਿੱਚ ਯੂ.ਕੇ. ਦੇ ਜੰਮਪਲ ਲੇਖਕ ਰੂਪ ਢਿੱਲੋਂ ਨੇ ਨਾਵਲ ‘ਝੱਲੀ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਦਰਸ਼ਨ ਬੁਲੰਦਵੀ ਨੇ ਨਾਵਲ ਦੇ ਵੱਖ-ਵੱਖ ਪੱਖਾਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ। ਪੰਜਾਬੀ ਕਲਮ ਅਤੇ ਆਰਟ ਗਰੁੱਪ ਦੀ ਚੇਅਰਮੈਨ ਡਾ: ਅਮਰ ਜਿਓਤੀ ਵੱਲੋਂ ਭੇਜਿਆ ਗਿਆ ਵਧਾਈ ਸੰਦੇਸ਼ ਸ਼ਾਇਰਾ ਕਿੱਟੀ ਬੱਲ ਨੇ ਪੜ੍ਹ ਕੇ ਸੁਣਾਇਆ। ਕੌਂਸਲਰ ਅਤੇ ਅਨੁਵਾਦਕ ਰਾਜ ਕੁਮਾਰ ਸੂਦ ਨੇ ਬਹੁਤ ਹੀ ਰੋਚਕ ਢੰਗ ਨਾਲ ਆਪਣੇ ਵਿਚਾਰ ਸੰਖੇਪ ਰੂਪ ਵਿੱਚ ਪੇਸ਼ ਕੀਤੇ ਅਤੇ ਵਿਦਵਾਨ ਸਾਹਿਤਕਾਰ ਮੰਗਤ ਭਾਰਦਵਾਜ ਜੀ ਵੱਲੋਂ ਕੀਤੀ ਸਮੀਖਿਆ ਬੋਲ ਕੇ ਸੁਣਾਈ ਗਈ।
ਪ੍ਰਸਿੱਧ ਕਾਲਮ ਨਵੀਸ ਡਾ: ਹਰੀਸ਼ ਮਲਹੋਤਰਾ ਨੇ ਬਹੁਤ ਹੀ ਬੇਬਾਕੀ ਨਾਲ ਨਾਵਲ ‘ਝੱਲੀ’ ਦੇ ਕੱਲੇ-ਕੱਲੇ ਪੱਖ ਨੂੰ ਫਰੋਲਦਿਆਂ ਉਸਾਰੂ ਗੱਲਬਾਤ ਕੀਤੀ। ਉਨ੍ਹਾਂ ਦੀ ਬੇਬਾਕੀ ਦੀ ਤਰੀਫ਼ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਪੰਜਾਬੀ ਸਾਹਿਤਕ ਸਮਾਗਮਾਂ ਵਿੱਚ ਤਹਿਜ਼ੀਬ ਦੀ ਅਣਹੋਂਦ ਦੇ ਮੁੱਦੇ ਨੂੰ ਉਭਾਰਿਆ। ਮੋਤਾ ਸਿੰਘ ਸਰਾਏ ਨੇ ਸ਼ਗੁਫ਼ਤਾ ਗਿੰਮੀ ਲੋਧੀ ਨੂੰ ‘ਝੱਲੀ’ ਨਾਵਲ ਦੀ ਆਮਦ ‘ਤੇ ਹਾਰਦਿਕ ਵਧਾਈ ਪੇਸ਼ ਕਰਦਿਆਂ ਭਵਿੱਖ ਵਿੱਚ ਪੰਜਾਬੀ ਸੱਥ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ‘ਪੰਜ ਦਰਿਆ’ ਯੂ.ਕੇ. ਦੇ ਸੰਪਾਦਕ ਤੇ ਟੀ.ਵੀ. ਜਰਨਲਿਸਟ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜਿੱਥੇ ਯੂ.ਕੇ. ਦੇ ਕਿਸੇ ਵੀ ਸਾਹਿਤਕ ਸਮਾਗਮ ਵਿੱਚ ਸ਼ਿਵਚਰਨ ਜੱਗੀ ਕੁੱਸਾ ਪਰਿਵਾਰ ਨਾਲ ਹਮਦਰਦੀ ਦੇ ਦੋ ਬੋਲ ਵੀ ਨਦਾਰਦ ਰਹੇ ਉੱਥੇ ਸ਼ਗੁਫ਼ਤਾ ਗਿੰਮੀ ਲੋਧੀ ਵੱਲੋਂ ਆਪਣੇ ਨਾਵਲ ਦਾ ਲੋਕ ਅਰਪਣ ਸਮਾਗਮ ਮਰਹੂਮ ਲਾਲੀ ਕੁੱਸਾ ਨੂੰ ਸਮਰਪਿਤ ਕਰਨਾ ਬੇਹੱਦ ਸ਼ਲਾਘਾ ਯੋਗ ਕਦਮ ਹੈ। ਪ੍ਰਸਿੱਧ ਨਾਵਲਕਾਰ/ ਕਾਰੋਬਾਰੀ ਅਤੇ ਫਿਲਮ ਨਿਰਮਾਤਾ ਗੁਰਚਰਨ ਸੱਗੂ ਨੇ ਬਹੁਤ ਹੀ ਭਾਵਪੂਰਤ ਅਤੇ ਵਿਲੱਖਣ ਅੰਦਾਜ਼ ਵਿੱਚ ਹਾਜ਼ਰੀਨ ਨੂੰ ‘ਝੱਲੀ’ ਨਾਵਲ ਨੂੰ ਪੜ੍ਹਣ ਲਈ ਪ੍ਰੇਰਿਤ ਕੀਤਾ।
ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨੇ ਕਿਸੇ ਪੁਸਤਕ ਨੂੰ ਪ੍ਰਕਾਸ਼ਨਾ ਤੱਕ ਪਹੁੰਚਣ ਤੋਂ ਪਹਿਲਾਂ ਦੋਸਤਾਂ ਮਿੱਤਰਾਂ ਦੀਆਂ ਸਲਾਹਾਂ ਲੈਣ, ਕਾਹਲ ਨਾ ਕਰਨ, ਅਨੁਵਾਦ ਸਮੇਂ ਖਾਸ ਖ਼ਿਆਲ ਰੱਖਣ ਵਰਗੇ ਵਿਸ਼ਿਆਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ। ਈਲਿੰਗ ਕੌਂਸਲ ਦੀ ਸਾਬਕਾ ਮੇਅਰ ਅਤੇ ਕੌਂਸਲਰ ਮਹਿੰਦਰ ਕੌਰ ਮਿੱਢਾ ਨੇ ਬਹੁਤ ਹੀ ਖੁਸ਼ਨੁਮਾ ਅੰਦਾਜ਼ ਵਿੱਚ ਨਾਵਲ ਦੀ ਆਮਦ ‘ਤੇ ਵਧਾਈ ਪੇਸ਼ ਕੀਤੀ। ਮੁਦੱਸਰ ਇਕਬਾਲ ਬੱਟ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੇਖਿਕਾ ਦੀ ਇਸ ਗਲਵੱਕੜੀ ਨੂੰ ਪੰਜਾਬੀ ਮਾਂ ਬੋਲੀ ਦੀ ਸ਼ਾਨ ਉੱਚੀ ਕਰਨ ਵੱਲ ਮੁਬਾਰਕ ਕਦਮ ਦੱਸਿਆ। ਲਾਰਡ ਐੱਮ ਕੇ ਪਾਸ਼ਾ ਨੇ ਯੂਕੇ ਦੇ ਨਾਲ-ਨਾਲ ਯੂਰਪੀਅਨ ਮੁਲਕਾਂ ਵਿੱਚ ਵੀ ਸਾਹਿਤਕ ਸਰਗਰਮੀਆਂ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼ਿਵਚਰਨ ਜੱਗੀ ਕੁੱਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੇਸ਼ੱਕ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਗੱਲ ਕਰਕੇ ਅਸੀ ਸਾਂਝੇ ਪੰਜਾਬ ਦੀਆਂ ਵੰਡੀਆਂ ਦਾ ਮੁੱਢ ਬੰਨ ਲੈਂਦੇ ਹਾਂ ਪਰ ਮੈਂ ਲਹਿੰਦੇ ਪੰਜਾਬ ਦੀ ਜੰਮਪਲ ਭੈਣ ਸ਼ਗੁਫ਼ਤਾ ਗਿੰਮੀ ਲੋਧੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਦੇਣਦਾਰ ਰਹਾਂਗਾ ਜਿਨ੍ਹਾਂ ਨੇ ਕੁੱਸਾ ਪਰਿਵਾਰ ਦੇ ਜ਼ਖ਼ਮਾਂ ‘ਤੇ ਫੈਹਾ ਧਰਿਆ ਹੈ। ਜਦਕਿ ਆਪਣੇ ਸਮਝੇ ਜਾਂਦੇ ਬਹੁਤਾਤ ਸਾਹਿਤਕਾਰਾਂ ਤੇ ਸੰਸਥਾਵਾਂ ਵੱਲੋਂ ਹਮਦਰਦੀ ਭਰੇ ਦੋ ਬੋਲ ਵੀ ਨਾ ਸਰੇ।
ਸਾਬਕਾ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਸਾਥ ਅਤੇ ਸਹਿਯੋਗ ਦੀ ਪ੍ਰਤੀਬੱਧਤਾ ਦੁਹਰਾਈ। ਸ਼ਾਇਰਾ ਮਨਜੀਤ ਕੌਰ ਪੱਡਾ ਨੇ ਲੋਧੀ ਪਰਿਵਾਰ ਦੇ ਉੱਦਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਲੋਧੀ ਪਰਿਵਾਰ ਨੇ ਮਾਂ ਬੋਲੀ ਦੇ ਸੱਚੇ ਸਪੂਤ ਹੋਣ ਦਾ ਫਰਜ਼ ਅਦਾ ਕੀਤਾ ਹੈ। ਸਮਾਗਮ ਦੇ ਅੰਤਲੇ ਪਲਾਂ ਵਿੱਚ ਮਹੌਲ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਵਿਸ਼ਵ ਪ੍ਰਸਿੱਧ ਮਰਹੂਮ ਸਾਹਿਤਕਾਰ ਅਮੀਨ ਮਲਿਕ ਦੀ ਜੀਵਨ ਸਾਥਣ ਰਾਣੀ ਮਲਿਕ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੇ ਪਤੀ ਦੇ ਵਿਛੋੜੇ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਅਮੀਨ ਮਲਿਕ ਦੇ ਸਾਹਾਂ ਵਿੱਚ ਪੰਜਾਬ ਧੜਕਦਾ ਸੀ ਤੇ ਪੰਜਾਬੀ ਪਿਆਰਿਆਂ ਦਾ ਹਰ ਛੋਟੇ ਤੋਂ ਛੋਟਾ ਉੱਦਮ ਵੀ ਅਮੀਨ ਮਲਿਕ ਦੀ ਰੂਹ ਨੂੰ ਸਕੂਨ ਦਿੰਦਾ ਹੋਵੋਗਾ। ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਲੰਡਨ ਵੱਲੋਂ ਸ਼ਿਵਦੀਪ ਕੌਰ ਢੇਸੀ ਨੇ ਹਾਜ਼ਰੀ ਲਗਵਾਈ। ਕੌਮਾਂਤਰੀ ਚਰਚਾ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਮੁਰਾਦਵਾਲਾ ਨੇ ਕਿਹਾ ਕਿ ਗਿੰਮੀ ਲੋਧੀ ਦੇ ਨਾਵਲ ਵਿਚਲੀ ਝੱਲੀ ਵਾਂਗ ਸਾਡੇ ਸਮਾਜ ਨੂੰ ਅਜਿਹੇ ਝੱਲਿਆਂ ਤੇ ਝੱਲੀਆਂ ਦੀ ਸਖ਼ਤ ਲੋੜ ਹੈ। ਇਸ ਸਮੇਂ ਨਾਵਲ ਝੱਲੀ ਦੇ ਨਾਲ ਨਾਲ ਗੁਰਚਰਨ ਸੱਗੂ ਦੇ ਨਾਵਲ "ਕਰਮਾਂ ਵਾਲੀ ਧੀ" ਨੂੰ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੇ ਅਖੀਰ ਵਿੱਚ ਲੋਧੀ ਪਰਿਵਾਰ ਵੱਲੋਂ ‘ਝੱਲੀ’ ਨਾਵਲ ਦੇ ਲੋਕ ਅਰਪਣ ਸਮਾਗਮ ਦੀ ਸਫਲਤਾ ‘ਤੇ ਹਾਰਦਿਕ ਧੰਨਵਾਦ ਕੀਤਾ ਗਿਆ।
ਸੰਗਤ ਨੂੰ ਦਸ਼ਮੇਸ਼ ਪਿਤਾ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਗੁ. ਸਿੰਘ ਸਭਾ ਨੋਵੇਲਾਰਾ ਪੁੱਜੇ ਭਾਈ ਜਸਵੀਰ ਸਿੰਘ
NEXT STORY