ਓਹੀਓ— ਅਮਰੀਕਾ ਦੇ ਓਹੀਓ 'ਚ ਭਾਰਤੀ ਅਮਰੀਕੀ ਸਿੱਖ ਜਸਪ੍ਰੀਤ ਸਿੰਘ ਦੇ ਕਤਲ ਮਾਮਲੇ 'ਚ ਹੈਮਿਲਟਨ ਦੇ ਬ੍ਰੋਡਰਿਕ ਮਲਿਕ ਜੋਨਸ ਰਾਬਰਟ (21) ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ।

ਹੈਮਿਲਟਨ ਜਨਰਲ ਨਿਊਜ਼ ਰਿਪੋਰਟ ਮੁਤਾਬਕ ਰਾਬਰਟ ਨੇ ਸੁਣਵਾਈ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਇਸ ਦੌਰਾਨ ਰਾਬਰਟ ਨੂੰ ਕਈ ਅਪਰਾਧਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ, ਜਿਨ੍ਹਾਂ 'ਚ ਕਤਲ, ਹਿੰਸਕ ਲੁੱਟ, ਗੋਲੀਬਾਰੀ ਤੇ ਹਥਿਆਰ ਰੱਖਣ ਦੇ ਅਪਰਾਧ ਸ਼ਾਮਲ ਹਨ। ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਜਸਪ੍ਰੀਤ ਸਿੰਘ 12 ਮਈ 2018 ਨੂੰ ਉਸ ਵੇਲੇ ਗੋਲੀਬਾਰੀ ਦਾ ਸ਼ਿਕਾਰ ਹੋਇਆ ਜਦੋਂ ਰਾਬਰਟ ਨੇ ਲੁੱਟ ਦੀ ਕੋਸ਼ਿਸ਼ 'ਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਸਪ੍ਰੀਤ ਉਸ ਵੇਲੇ ਆਪਣੀ ਕਾਰ 'ਚ ਬੈਠਾ ਹੋਇਆ ਸੀ। ਹੈਮਿਲਟਨ ਪੁਲਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਸਿੰਘ ਨੂੰ ਗੰਭੀਰ ਹਾਲਤ 'ਚ ਫੋਰਟ ਹੈਮਿਲਟਨ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ 10 ਦਿਨ ਵੈਂਟੀਲੇਟਰ 'ਤੇ ਰਹਿਣ ਪਿਛੋਂ ਸਿੰਘ ਨੇ ਦਮ ਤੋੜ ਦਿੱਤਾ। ਰਾਬਰਟ ਨੂੰ ਪਿਛਲੇ 8 ਮਹੀਨਿਆਂ ਤੋਂ ਬਟਲਰ ਕਾਊਂਟੀ ਜੇਲ 'ਚ ਰੱਖਿਆ ਗਿਆ ਸੀ।
ਦੱਸਣਯੋਗ ਹੈ ਕਿ ਸਿੰਘ ਚਾਰ ਬੱਚਿਆਂ ਦੇ ਪਿਤਾ ਸਨ ਤੇ ਪੰਜਾਬ ਦੇ ਕਪੂਰਥਲਾ ਨੇੜੇ ਨਡਾਲਾ ਪਿੰਡ ਦੇ ਰਹਿਣ ਵਾਲੇ ਸਨ। ਉਹ ਡਰਾਈਵਰੀ ਕਰਦੇ ਸਨ ਤੇ ਪਿਛਲੇ 8 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਸਨ। ਉਹ ਓਹੀਓ ਦੇ ਵੈਸਟ ਚੈਸਟਰ ਟਾਊਨਸ਼ਿਪ ਦੀ ਗੁਰੂ ਨਾਨਕ ਸੁਸਾਇਟੀ ਲਈ ਸਰਗਰਮ ਭੂਮਿਕਾ ਨਿਭਾ ਰਿਹਾ ਸਨ।
ਉੱਤਰ ਕੋਰੀਆ 'ਤੇ ਖੂਫੀਆ ਆਕਲਨ ਨਾਲ ਟਰੰਪ ਨੂੰ ਝਟਕਾ
NEXT STORY