ਨਵੀਂ ਦਿੱਲੀ/ਓਟਾਵਾ— 6 ਦਿਨਾਂ ਦੇ ਦੌਰੇ 'ਤੇ ਭਾਰਤ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਾਂ ਨੂੰ ਹਵਾ ਦੇ ਦਿੱਤੀ ਹੈ। ਕੈਪਟਨ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਖਾਲਿਸਤਾਨੀ ਸਮਰਥਕ ਹੈ ਅਤੇ ਉਹ ਕਿਸੇ ਖਾਲਿਸਤਾਨੀ ਸਮਰਥਕ ਨੂੰ ਨਹੀਂ ਮਿਲਣਗੇ। ਦੂਜੇ ਪਾਸੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਉਨ੍ਹਾਂ ਨੂੰ 'ਜੰਗ ਦਾ ਹੀਰੋ' ਦੱਸਿਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸੱਜਣ ਨੇ ਕੈਨੇਡਾ ਦੀਆਂ ਫੌਜ ਵਿਚ ਸੇਵਾਵਾਂ ਨਿਭਾਉਂਦੇ ਸਮੇਂ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ ਕੀਤਾ ਅਤੇ ਕੈਨੇਡਾ ਅਤੇ ਭਾਈਚਾਰੇ ਦੀ ਸੇਵਾ ਕੀਤੀ। ਅਫਗਾਨਿਸਤਾਨ ਵਿਚ ਉਨ੍ਹਾਂ ਨੇ ਉਸ ਸਮੇਂ ਸੇਵਾਵਾਂ ਨਿਭਾਈਆਂ, ਜਦੋਂ ਉੱਥੇ ਤਾਲਿਬਾਨ ਦੇ ਅੱਤਵਾਦ ਦੀ ਅੱਗ ਭੜਕ ਰਹੀ ਸੀ। ਅਫਗਾਨਿਸਤਾਨ ਦੇ ਫੌਜੀ ਮਿਸ਼ਨ ਵਿਚ ਦਿਖਾਈ ਬਹਾਦਰੀ ਕਰਕੇ ਉਨ੍ਹਾਂ ਨੂੰ 'ਰੋਲ ਆਫ ਆਨਰ' ਨਾਲ ਵੀ ਸਨਮਾਨਤ ਕੀਤਾ ਗਿਆ। ਅਫਗਾਨਿਸਤਾਨ 'ਚ ਤਿੰਨ ਮਿਸ਼ਨ ਪੂਰੇ ਕਰਨ ਵਾਲੇ ਉਹ ਪਹਿਲੇ ਸਿੱਖ ਹਨ। ਹਰਜੀਤ ਸਿੰਘ ਸੱਜਣ ਦੇ ਭਾਰਤ ਤੋਂ ਜਾ ਕੇ ਕੈਨੇਡਾ ਵਿਚ ਰੱਖਿਆ ਮੰਤਰੀ ਬਣਨ ਤੱਕ 'ਤੇ ਇਕ ਝਾਤ ਮਾਰਦੇ ਹਾਂ—
1. ਹਰਜੀਤ ਸਿੰਘ ਸੱਜਣ ਪੰਜ ਸਾਲ ਦੀ ਉਮਰ ਵਿਚ ਪੰਜਾਬ ਤੋਂ ਕੈਨੇਡਾ ਆਏ ਸਨ। ਉਨ੍ਹਾਂ ਦਾ ਸੰਬੰਧ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਬੰਬੇਲੀ ਨਾਲ ਹੈ।
2. ਵੈਨਕੂਵਰ ਪੁਲਸ ਵਿਭਾਗ ਵਿਚ ਉਨ੍ਹਾਂ ਨੇ 11 ਸਾਲਾਂ ਤੱਕ ਸੇਵਾਵਾਂ ਨਿਭਾਈਆਂ। ਇਸ ਦੌਰਾਨ ਉਹ 'ਗੈਂਗ ਕ੍ਰਾਈਮ ਯੂਨਿਟ' ਵਿਚ ਬਤੌਰ ਜਾਸੂਸ ਵੀ ਕੰਮ ਕਰਦੇ ਰਹੇ।
3. 1989 ਵਿਚ ਉਹ ਕੈਨੇਡਾ ਦੀ ਫੌਜ ਵਿਚ ਸ਼ਾਮਲ ਹੋਏ। ਕੈਨੇਡੀਅਨ ਆਰਮਡ ਫੋਰਸਜ਼ ਵਿਚ ਉਨ੍ਹਾਂ ਨੇ ਉਪ-ਕਰਨਲ ਦੇ ਤੌਰ 'ਤੇ ਸੇਵਾ ਨਿਭਾਈ।
4. ਅਫਗਾਨਿਸਤਾਨ ਵਿਚ ਉਨ੍ਹਾਂ ਨੇ ਉਸ ਸਮੇਂ ਕੰਮ ਕੀਤਾ, ਜਦੋਂ ਤਾਲਿਬਾਨ ਦਾ ਜ਼ੋਰ ਸੀ। ਅਫਗਾਨਿਸਤਾਨ ਤੋਂ ਇਲਾਵਾ ਬੋਸਨੀਆ ਅਤੇ ਹਰਜ਼ੇਗੋਵੀਨਾ ਵਿਖੇ ਵੀ ਫੌਜੀ ਮਿਸ਼ਨ 'ਤੇ ਭੇਜਿਆ ਗਿਆ। ਹਰਜੀਤ ਸਿੰਘ ਸੱਜਣ ਦੀ ਬਹਾਦਰੀ ਕਰਕੇ ਉਨ੍ਹਾਂ ਨੂੰ ਕਈ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ।
5. 2011 ਵਿਚ ਪਹਿਲੇ ਅਜਿਹੇ ਸਿੱਖ ਬਣੇ, ਜਿਨ੍ਹਾਂ ਨੂੰ ਕੈਨੇਡਾ ਦੀ ਰੈਜ਼ੀਮੈਂਟ ਦੀ ਕਮਾਨ ਸੰਭਾਲਣ ਦਾ ਮੌਕਾ ਮਿਲਿਆ।
6. 2013 ਵਿਚ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਐਵਾਰਡ ਸਮੇਤ ਕਈ ਮਾਣ-ਸਨਮਾਨ ਦੇ ਕੇ ਸਨਮਾਨਤ ਕੀਤਾ ਗਿਆ। ਉਹ ਤਾਲਿਬਾਨ ਖਿਲਾਫ ਗੁਪਤ ਸੂਚਨਾ ਇਕੱਠੀ ਕਰਨ ਵਿਚ ਮਾਹਰ ਸਨ।
7. 2015 ਵਿਚ ਉਹ ਕੈਨੇਡਾ ਦੇ ਰੱਖਿਆ ਮੰਤਰੀ ਚੁਣੇ ਗਏ।
ਹਰਜੀਤ ਸਿੰਘ ਸੱਜਣ ਦਾ ਵਿਆਹ ਡਾ. ਕੁਲਜੀਤ ਕੌਰ ਨਾਲ ਹੋਇਆ ਹੈ। ਉਨ੍ਹਾਂ ਦਾ ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦੇ ਪਿਤਾ ਵੀ ਕੁੰਦਨ ਸਿੰਘ ਸੱਜਣ ਵੀ ਪੰਜਾਬ ਪੁਲਸ ਅਧਿਕਾਰੀ ਸਨ ਅਤੇ ਹੁਣ ਸਰੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਹਨ।
ਯੂ. ਏ. ਈ. 'ਚ ਭਾਰਤੀ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY