ਨਿਊਯਾਰਕ (ਰਾਜ ਗੋਗਨਾ): ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 400ਵਾਂ ਜਨਮ ਦਿਹਾੜਾ ਵਰਲਡ ਸਿੱਖ ਪਾਰਲੀਮੈਂਟ ਦੀਆਂ ਧਰਮ, ਸਿਵਲ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕੌਂਸਲਾਂ ਵੱਲੋਂ ਨਿਊਯਾਰਕ ਸਿੱਖ ਸੈਂਟਰ ਦੇ ਗੁਰਦੁਆਰਾ ਸਾਹਿਬ 'ਚ ਮਨਾਇਆ ਗਿਆ। ਇਸ ਮੌਕੇ ਨਿਊਯਾਰਕ ਦੇ ਰਾਜ ਅਤੇ ਸ਼ਹਿਰੀ ਅਫਸਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਮਾਨਤਾ ਦਿੱਤੀ ਗਈ।
ਨਿਊਯਾਰਕ ਵਿਧਾਨ ਸਭਾ ਦੀ ਮੈਂਬਰ ਕੈਟਾਲੀਨਾ ਕਰੂਜ਼ ਨੇ ਇਸ ਮੌਕੇ ਅਧਿਕਾਰਤ ਪੱਤਰ ਪੜ੍ਹਿਆ, ਜਿਸ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਮਨੁੱਖੀ ਅਧਿਕਾਰਾਂ ਅਤੇ ਇਨਸਾਫ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ ਹੈ।ਕੈਟਾਲੀਨਾ ਕਰੂਜ਼ ਨੇ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸਾਰੀਆਂ ਸਿੱਖ ਜਥੇਬੰਦੀਆਂ ਦੁਆਰਾ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਚੱਲ ਰਹੇ ਭਲਾਈ ਕਾਰਜਾਂ ਨੂੰ ਵੀ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ।ਕੈਟਾਲੀਨਾ ਕਰੂਜ਼ ਮੈਂਬਰ ਨਿਊਯਾਰਕ ਸਟੇਟ ਅਸੈਂਬਲੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਨਿਊਯਾਰਕ ਵਿਧਾਨ ਸਭਾ 'ਚ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ਸਦੀਵੀ ਮਾਨਤਾ ਦੇਣ ਲਈ ਇੱਕ ਮਤਾ ਲਿਆਂਦਾ ਜਾਵੇਗਾ।
ਉਹਨਾਂ ਵੱਲੋਂ ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਦਿਨ ਵਜੋਂ ਮਨਾਉਣ ਲਈ ਵੀ ਹਾਮੀ ਭਰੀ ਗਈ ।ਇਸ ਮੌਕੇ ਨਿਊਯਾਰਕ ਵਿਧਾਨ ਸਭਾ ਨਾਲ ਸੰਬੰਧਤ ਜੈਸਿਕਾ ਗੋਂਜ਼ਲੇਜ਼-ਰੋਜਸ, ਡੋਨੋਵਾਨ ਰਿਚਰਡਜ਼ ਕੁਈਨਜ਼ ਦੇ ਬੋਰੋ ਦੇ ਪ੍ਰਧਾਨ, ਜ਼ੋਹਰਾਨ ਮਮਦਾਨੀ ਅਤੇ ਫੂਡ ਪੈਂਟਰੀ ਨਾਲ ਸੰਬੰਧਤ ਡੈਨੀਅਲ ਨੇ ਵੀ ਸ਼ਿਰਕਤ ਕੀਤੀ ਅਤੇ ਸਿੱਖ ਕੌਮ ਦੇ ਬਸ਼ਿੰਦਿਆਂ ਵੱਲੋਂ ਮਨੁੱਖੀ ਅਧਿਕਾਰਾਂ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਨਿਊਯਾਰਕ ਵਿਧਾਨ ਸਭਾ ਦੇ ਸਮੁੱਚੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੀਆਂ ਕੌਂਸਲਾਂ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਣਾ ਵੀ ਯਕੀਨੀ ਬਣਾਇਆ।
ਇੱਥੇ ਇਹ ਵਰਨਣਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਪ੍ਰਕਾਸ਼ ਦਿਹਾੜੇ ਨੂੰ ਨਿਊਯਾਰਕ ਦੀ ਵਿਧਾਨ ਸਭਾ ਤੋਂ ਅਧਿਕਾਰਤ ਮਾਨਤਾ ਦਿਵਾਉਣ 'ਚ ਹਿੰਮਤ ਸਿੰਘ ਦਾ ਖ਼ਾਸ ਯੋਗਦਾਨ ਰਿਹਾ।ਇਸ ਸੰਬੰਧੀ ਗੱਲਬਾਤ ਦੌਰਾਨ ਹਿੰਮਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹਰ ਸਿੱਖ ਨੂੰ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਲਈ ਜੂਝਦੇ ਰਹਿਣਾ ਸਿਖਾਉਂਦੀ ਹੈ।ਇਸ ਮੌਕੇ ਬੋਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਇਤਿਹਾਸਿਕ ਹਵਾਲੇ ਦਿੰਦੇ ਹੋਏ ਰਾਜਨੀਤਿਕ ਤੌਰ 'ਤੇ ਸਰਗਰਮ ਰਹਿਣ ਦੀ ਮਹੱਤਤਾ ਨੂੰ ਉਭਾਰਿਆ। ਉਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਵੀ ਇਸ ਮੁਬਾਰਕ ਦਿਹਾੜੇ ਨੂੰ ਮਾਨਤਾ ਦੇਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖਬਰ- ਸੱਤ ਮਹੀਨਿਆਂ ਬਾਅਦ ਪੱਛਮੀ ਆਸਟ੍ਰੇਲੀਆ 'ਚ ਸ਼ੁਰੂ ਹੋਈਆਂ ਘਰੇਲੂ ਉਡਾਣਾਂ
ਈਸਟ ਕੋਸਟ ਤੋਂ ਵੀ ਬਹੁਤ ਸਾਰੇ ਸਿੱਖ ਆਗੂਆਂ ਨੇ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੁਆਰਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਕੁਰਬਾਨੀ ਅੱਗੇ ਸਿਜਦਾ ਕੀਤਾ।ਇਹ ਪ੍ਰੋਗਰਾਮ ਵਰਲਡ ਸਿੱਖ ਪਾਰਲੀਮੈਂਟ ਦੇ ਯੂ ਐੱਸ ਏ 'ਚ ਰਹਿ ਰਹੇ ਮੈਂਬਰਾਂ ਦੇ ਸਹਿਯੋਗ ਸਦਕਾ ਸਫਲਤਾ ਸਹਿਤ ਸੰਪੂਰਨ ਹੋਇਆ।
ਰਿਪਬਲਿਕਨ ਨੇ ਸਪੱਸਟ ਨਹੀਂ ਸੋਚਿਆ ਸੀ ਕਿ ਧੋਖਾਧੜੀ ਚੱਲ ਰਹੀ ਹੈ : ਬਰਾਕ ੳਬਾਮਾ
NEXT STORY