ਨਵੀਂ ਦਿੱਲੀ/ਨਿਊਯਾਰਕ - ਕਿਊਬਾ ਨੇ ਕਿਹਾ ਹੈ ਕਿ ਕੋਈ ਵੀ ਇਕੱਲਾ ਦੇਸ਼ ਅਮਰੀਕਾ ਨੂੰ ਨਹੀਂ ਰੋਕ ਸਕਦਾ। ਭਾਰਤ ਸਮੇਤ ਸਾਰੇ ਦੇਸ਼ਾਂ ਨੂੰ ਉਸ ਦੇ ਖ਼ਿਲਾਫ਼ ਇਕੱਠੇ ਹੋਣਾ ਚਾਹੀਦਾ ਹੈ। ਭਾਰਤ ਵਿਚ ਕਿਊਬਾ ਦੇ ਰਾਜਦੂਤ ਜੁਆਨ ਕਾਰਲੋਸ ਮਾਰਸੇਨ ਐਗੁਈਲੇਰਾ ਨੇ ਵੈਨੇਜ਼ੁਏਲਾ ਵਿਚ ਅਮਰੀਕੀ ਫ਼ੌਜੀ ਮੁਹਿੰਮ ਦੀ ਸੋਮਵਾਰ ਨੂੰ ਸਖ਼ਤ ਨਿੰਦਾ ਕੀਤੀ, ਜਿਸ ਤਹਿਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਨੇ ਇਸ ਨੂੰ ਅਪਰਾਧਿਕ ਅਤੇ ਅੱਤਵਾਦੀ ਕਾਰਵਾਈ ਦੱਸਦਿਆਂ ਕਿਹਾ ਕਿ ਇਸ ਕਾਰਵਾਈ ਰਾਹੀਂ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ। ਐਗੁਈਲੇਰਾ ਨੇ ਕਿਹਾ ਕਿ ਕੋਈ ਇਕੱਲਾ ਦੇਸ਼ ਅਮਰੀਕਾ ਨੂੰ ਅਜਿਹੇ ਇੱਕਤਰਫ਼ਾ ਕਦਮ ਚੁੱਕਣ ਤੋਂ ਰੋਕ ਨਹੀਂ ਸਕਦਾ।ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਮਰੀਕਾ ਦੇ ਇਸ ਪਾਗਲਪਨ ਦਾ ਸਾਹਮਣਾ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।
ਸੰਯੁਕਤ ਰਾਸ਼ਟਰ ਵਿਚ ਚੀਨ ਵੀ ਭੜਕਿਆ-ਕੋਲੰਬੀਆ ਦੀ ਬੇਨਤੀ ’ਤੇ ਬੁਲਾਈ ਗਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਮੀਟਿੰਗ ਵਿਚ ਚੀਨ ਨੇ ਵੀ ਵੈਨੇਜ਼ੁਏਲਾ ’ਤੇ ਅਮਰੀਕੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਥਾਈ ਮਿਸ਼ਨ ਦੇ ਇੰਚਾਰਜ ਸੁਨ ਲੇਈ ਨੇ ਅਮਰੀਕਾ ਦੀ ਕਾਰਵਾਈ ’ਤੇ ਹੈਰਾਨੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਸਬਕ ਸਾਨੂੰ ਸਖ਼ਤ ਚਿਤਾਵਨੀ ਦਿੰਦੇ ਹਨ। ਅੰਨ੍ਹੇਵਾਹ ਤਾਕਤ ਦੀ ਵਰਤੋਂ ਨਾਲ ਸਿਰਫ਼ ਹੋਰ ਵੱਡੇ ਸੰਕਟ ਪੈਦਾ ਹੋਣਗੇ।
ਖੇਤਰੀ ਅਸਥਿਰਤਾ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ : ਗੁਤਾਰੇਸ-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਵੈਨੇਜ਼ੁਏਲਾ ’ਤੇ ਅਮਰੀਕੀ ਕਾਰਵਾਈ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜੇ ਜਾਣ ਤੋਂ ਬਾਅਦ ਵੈਨੇਜ਼ੁਏਲਾ ਵਿਚ ਵਧ ਰਹੀ ਅਸਥਿਰਤਾ ’ਤੇ ਚਿੰਤਾ ਪ੍ਰਗਟਾਈ। ਗੁਤਾਰੇਸ ਨੇ ਕਿਹਾ ਕਿ ਉਹ ਚਿੰਤਤ ਹਨ ਕਿ 3 ਜਨਵਰੀ ਦੀ ਫ਼ੌਜੀ ਕਾਰਵਾਈ ਦੇ ਸਬੰਧ ਵਿਚ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਦਾ ਸਤਿਕਾਰ ਨਹੀਂ ਕੀਤਾ ਗਿਆ ਹੈ।
ਇਹ ਗੋਲ਼ਾਰਧ ਸਾਡਾ ਇਲਾਕਾ, ਨਹੀਂ ਚੱਲਣ ਦਿਆਂਗੇ ਕਿਸੇ ਦੀ ਦਾਦਾਗਿਰੀ: ਅਮਰੀਕਾ-ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਰਾਜਦੂਤ ਮਾਈਕ ਵਾਲਟਜ਼ ਨੇ ਸਪੱਸ਼ਟ ਕਿਹਾ ਹੈ ਕਿ ਪ੍ਰਿਥਵੀ ਦਾ ਪੱਛਮੀ ਗੋਲ਼ਾਰਧ ਸਾਡਾ ਇਲਾਕਾ ਹੈ ਅਤੇ ਅਮਰੀਕਾ ਇਸ ਇਲਾਕੇ ਵਿਚ ਕਿਸੇ ਦੀ ਦਾਦਾਗਿਰੀ ਨਹੀਂ ਚੱਲਣ ਦੇਵੇਗਾ। ਵਾਲਟਜ਼ ਨੇ ਸੰਯੁਕਤ ਰਾਸ਼ਟਰ ਦੇ ਮੰਚ ’ਤੇ ਵੈਨੇਜ਼ੁਏਲਾ ਵਿਚ ਹੋਏ ਅਮਰੀਕੀ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ।
ਵਾਲਟਜ਼ ਨੇ ਸਾਫ਼-ਸਾਫ਼ ਕਿਹਾ ਕਿ ਅਸੀਂ ਪੱਛਮੀ ਗੋਲ਼ਾਰਧ ਨੂੰ ਆਪਣੇ ਦੇਸ਼ ਦੇ ਦੁਸ਼ਮਣਾਂ, ਸਾਡੇ ਮੁਕਾਬਲੇਬਾਜ਼ਾਂ ਅਤੇ ਅਮਰੀਕਾ ਦੇ ਵਿਰੋਧੀਆਂ ਲਈ ਆਪ੍ਰੇਸ਼ਨ ਦੇ ਬੇਸ (ਅੱਡੇ) ਵਜੋਂ ਇਸਤੇਮਾਲ ਨਹੀਂ ਹੋਣ ਦਿਆਂਗੇ। ਸੰਯੁਕਤ ਰਾਜ ਅਮਰੀਕਾ ਦਾ ਇਹ ਸੁਨੇਹਾ ਰੂਸ ਅਤੇ ਚੀਨ ਲਈ ਇਕ ਸਪੱਸ਼ਟ ਸੰਦੇਸ਼ ਹੈ, ਜੋ ਵਪਾਰਕ ਸਬੰਧਾਂ ਦੇ ਤਹਿਤ ਵੈਨੇਜ਼ੁਏਲਾ ਨਾਲ ਆਪਣੇ ਸਬੰਧ ਠੀਕ ਕਰ ਰਹੇ ਸਨ।
ਕਰਾਚੀ ’ਚ 2 ਟਨ ਧਮਾਕਾਖੇਜ਼ ਪਦਾਰਥ ਬਰਾਮਦ, 3 ਗ੍ਰਿਫ਼ਤਾਰ
NEXT STORY