ਵਾਸ਼ਿੰਗਟਨ (ਏਜੰਸੀ)— ਅਮਰੀਕਾ 'ਤੇ 22 ਟ੍ਰਿਲੀਅਨ ਡਾਲਰ ਭਾਵ ਤਕਰੀਬਨ 1500 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਲੋਕਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਕਰਜ਼ੇ ਦਾ ਭਾਰ ਘੱਟ ਕਰਨ ਲਈ ਅਮਰੀਕਾ ਆਪਣਾ ਮੋਨਟਾਨਾ ਸੂਬਾ ਕੈਨੇਡਾ ਨੂੰ ਵੇਚ ਦੇਵੇ। ਉਨ੍ਹਾਂ ਕਿਹਾ ਕਿ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ। ਇਸ ਸੁਝਾਅ ਨਾਲ ਸ਼ੁਰੂ ਆਨਲਾਈਨ ਪਟੀਸ਼ਨ 'ਤੇ 48 ਘੰਟਿਆਂ 'ਚ 15,000 ਤੋਂ ਜ਼ਿਆਦਾ ਲੋਕਾਂ ਨੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ ਸੰਸਦ ਮੈਂਬਰਾਂ ਦੀ ਕਮੇਟੀ ਨੇ ਇਸ ਪ੍ਰਸਤਾਵ ਨੂੰ ਤਰਕਹੀਣ ਦੱਸ ਕੇ ਖਾਰਜ ਕਰ ਦਿੱਤਾ। ਅਸਲ 'ਚ ਇਕ ਅਮਰੀਕੀ ਵੈੱਬਸਾਈਟ 'ਤੇ ਇਆਨ ਹੈਮੰਡ ਨਾਂ ਦੇ ਸ਼ਖਸ ਨੇ ਸਭ ਤੋਂ ਪਹਿਲਾਂ ਇਹ ਵਿਸ਼ਾ ਰੱਖਿਆ ਤੇ ਕਿਹਾ ਕਿ ਮੋਨਟਾਨਾ ਸਾਡੇ ਲਈ ਬੇਕਾਰ ਹੈ। ਇਸ ਨੂੰ ਵੇਚ ਦੇਣਾ ਚਾਹੀਦਾ ਹੈ। ਇਸ ਨਾਲ ਅਮਰੀਕਾ ਦੇ ਕਰਜ਼ 'ਚ 71 ਲੱਖ ਕਰੋੜ ਰੁਪਏ ਤਾਂ ਘੱਟ ਹੋ ਜਾਣਗੇ। ਜਵਾਬ 'ਚ ਇਕ ਵਿਅਕਤੀ ਨੇ ਕਿਹਾ,''ਕੈਨੇਡਾ ਨੂੰ ਬਸ ਇੰਨਾ ਦੱਸ ਦਿਓ ਕਿ ਇਸ ਸੂਬੇ 'ਚ ਓਟਰ ਜਾਨਵਰ ਕਾਫੀ ਰਹਿੰਦੇ ਹਨ। ਉਹ ਉਨ੍ਹਾਂ ਤੋਂ ਬਚ ਕੇ ਰਹਿਣ ਬਾਕੀ ਇੱਥੇ ਕੋਈ ਹੋਰ ਪ੍ਰੇਸ਼ਾਨੀ ਨਹੀਂ ਹੈ।'' ਤੁਹਾਨੂੰ ਦੱਸ ਦਈਏ ਕਿ ਇਹ ਜਾਨਵਰ ਮਾਸਾਹਾਰੀ ਹੁੰਦੇ ਹਨ ਅਤੇ ਜਲ ਅਤੇ ਥਲ ਦੋਹਾਂ 'ਤੇ ਰਹਿ ਸਕਦੇ ਹਨ।
ਕੁਝ ਲੋਕ ਇਸ ਕਾਰਨ ਹੋਏ ਰਾਜ਼ੀ—
ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਮੋਨਟਾਨਾ ਸੂਬੇ ਦੀ ਜਨਸੰਖਿਆ ਕਾਫੀ ਘੱਟ ਹੈ ਅਤੇ ਉੱਥੋਂ ਦੇ ਕਈ ਲੋਕ ਖੁਦ ਨੂੰ ਅਮਰੀਕਾ ਤੋਂ ਵੱਖਰਾ ਮੰਨਦੇ ਹਨ। ਉੱਥੇ ਹੀ ਕੁਝ ਲੋਕ ਟਰੰਪ ਪ੍ਰਸ਼ਾਸਨ ਤੋਂ ਆਜ਼ਾਦੀ ਪਾਉਣ ਲਈ ਮੋਨਟਾਨਾ ਸੂਬੇ ਨੂੰ ਕੈਨੇਡਾ ਲੈ ਜਾਣ ਦੇ ਹੱਕ 'ਚ ਹਨ।
ਇਕ ਯੂਜ਼ਰ ਨੇ ਲਿਖਿਆ ਕਿ ਕੈਨੇਡਾ ਨਾਲ ਜੁੜਨ ਨਾਲ ਸਾਨੂੰ ਕਾਨੂੰਨੀ ਤੌਰ 'ਤੇ ਭੰਗ ਪੀਣ ਦੀ ਆਜ਼ਾਦੀ ਮਿਲ ਜਾਵੇਗੀ ਅਤੇ ਹੈਲਥ ਕੇਅਰ ਵੀ ਮਿਲੇਗੀ। ਉੱਥੇ ਹੀ ਕੈਨੇਡਾ ਦੇ ਇਕ ਯੂਜ਼ਰ ਨੇ ਕਿਹਾ ਕਿ ਮੋਨਟਾਨਾ ਦਾ ਸਾਡੇ ਨਾਲ ਜੁੜਨਾ ਚੰਗਾ ਅਨੁਭਵ ਰਹੇਗਾ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਸੂਬੇ ਨੂੰ ਵੱਖ ਕਰਨ ਦੀ ਕੋਸ਼ਿਸ਼ ਨੂੰ ਬੇਇੱਜ਼ਤੀ ਦੱਸ ਰਹੇ ਹਨ।
ਸੰਸਦ ਮੈਂਬਰਾਂ ਵਿਚਕਾਰ ਚਰਚਾ—
ਮੋਨਟਾਨਾ ਦੇ ਸੰਸਦ ਮੈਂਬਰਾਂ ਨੇ ਵੀ ਸਟੇਟ ਹਾਊਸ ਕਮੇਟੀ ਦੀ ਬੈਠਕ 'ਚ ਇਸ 'ਤੇ ਚਰਚਾ ਕੀਤੀ ਗਈ। 20 ਮੈਂਬਰਾਂ ਵਾਲੀ ਕਮੇਟੀ ਨੇ ਮੋਨਟਾਨਾ ਵੇਚਣ ਦਾ ਪ੍ਰਸਤਾਵ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਸ 'ਚ ਕੋਈ ਤਰਕ ਨਹੀਂ ਹੈ, ਇਸ ਨੂੰ ਵੇਚੇ ਜਾਣ ਦੇ ਵਿਰੋਧ 'ਚ 15 ਮੈਂਬਰ ਸਨ।
ਮੋਨਟਾਨਾ ਦੀ ਆਬਾਦੀ 10 ਲੱਖ—
ਮੋਨਟਾਨਾ ਅਮਰੀਕਾ ਦੇ ਪੱਛਮੀ ਖੇਤਰ 'ਚ ਸਥਿਤ ਹੈ। ਇਸ ਸੂਬੇ ਦਾ ਨਾਂ ਸਪੈਨਿਸ਼ ਸ਼ਬਦ ਮੋਨਟਾਨਾ ਤੋਂ ਲਿਆ ਗਿਆ ਹੈ। ਮੋਨਟਾਨਾ ਦਾ ਮਤਲਬ ਪਰਬਤ ਹੁੰਦਾ ਹੈ। ਇਹ 3 ਕੈਨੇਡੀਅਨ ਸੂਬਿਆਂ ਦੀਆਂ ਸਰਹੱਦਾਂ ਨਾਲ ਲੱਗਦਾ ਹੈ। ਇਹ ਸੂਬਾ ਅਮਰੀਕਾ ਦੇ ਸੂਬਿਆਂ ਦੇ ਆਕਾਰ ਦੇ ਹਿਸਾਬ ਨਾਲ ਚੌਥੇ ਨੰਬਰ 'ਤੇ ਆਉਂਦਾ ਹੈ। ਜਦਕਿ ਆਬਾਦੀ ਦੇ ਹਿਸਾਬ ਨਾਲ ਇਸ ਦਾ 48ਵਾਂ ਸਥਾਨ ਹੈ। 2015 'ਚ ਕੀਤੀ ਗਈ ਜਨਗਣਨਾ ਮੁਤਾਬਕ ਇਸ ਸੂਬੇ ਦੀ ਆਬਾਦੀ 10 ਲੱਖ ਦੇ ਕਰੀਬ ਹੈ।
ਸਿੰਗਾਪੁਰ 'ਚ ਭਾਰਤੀ ਭਾਈਚਾਰੇ ਨੇ ਪੁਲਵਾਮਾ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY