ਜਲੰਧਰ, (ਨਰੇਸ਼ ਕੁਮਾਰ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਪਾਰਟੀ ਪਿਛਲੇ ਡੇਢ ਸਾਲ ਤੋਂ ਦਿੱਲੀ ’ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਅਤੇ ਫਰਵਰੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੂਰੇ ਬਹੁਮਤ ਨਾਲ ਸਰਕਾਰ ਬਣਾਵੇਗੀ।
‘ਜਗ ਬਾਣੀ’ ਨਾਲ ਖਾਸ ਗੱਲਬਾਤ ਦੌਰਾਨ ਆਰ. ਪੀ. ਸਿੰਘ ਨੇ ਕਿਹਾ ਕਿ ਭਾਜਪਾ ਨੇ ਦਿੱਲੀ ’ਚ 55 ਫੀਸਦੀ ਵੋਟਾਂ ਹਾਸਲ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਜ਼ਮੀਨੀ ਪੱਧਰ ’ਤੇ 2,14,000 ਭਾਜਪਾ ਵਰਕਰ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਪੰਨਾ ਪ੍ਰਧਾਨ ਤੋਂ ਲੈ ਕੇ ਪੋਲਿੰਗ ਬੂਥ ਇੰਚਾਰਜ, ਸ਼ਕਤੀ ਕੇਂਦਰ ਪ੍ਰਧਾਨ, ਮੰਡਲ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਦੇ ਨਾਲ-ਨਾਲ ਦਿੱਲੀ ਦੇ ਸੀਨੀਅਰ ਆਗੂ ਇਸ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਟੀ ਪ੍ਰਧਾਨ ਹੁੰਦਿਆਂ 5 ਸਾਲ ਪਹਿਲਾਂ ਪਾਰਟੀ ਦੇ ਸੰਗਠਨ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਸੀ ਅਤੇ ਹੁਣ ਸੰਗਠਨ ਦੇ ਕੰਮਕਾਜ ਦੇ ਕਈ ਸੂਬਿਆਂ ਵਿਚ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਭਾਜਪਾ ਲਗਾਤਾਰ ਚੋਣਾਂ ਜਿੱਤ ਰਹੀ ਹੈ। ਇਸ ਸਮੇਂ ਦਿੱਲੀ ਵਿਚ ਭਾਜਪਾ ਵਰਕਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪਹਿਲਾਂ ਭਾਜਪਾ 40 ਫੀਸਦੀ ਵੋਟਾਂ ਹਾਸਲ ਕਰ ਕੇ ਸਰਕਾਰ ਬਣਾ ਲੈਂਦੀ ਸੀ ਪਰ ਕਾਂਗਰਸ ਦੇ ਕਮਜ਼ੋਰ ਹੋਣ ਅਤੇ ਦਿੱਲੀ ਤੋਂ ਪੂਰੀ ਤਰ੍ਹਾਂ ਉਸ ਦਾ ਸਫਾਇਆ ਹੋਣ ਕਾਰਨ ਹੁਣ ਦਿੱਲੀ ਚੋਣਾਂ ਜਿੱਤਣ ਲਈ ਭਾਜਪਾ ਨੂੰ 50 ਫੀਸਦੀ ਤੋਂ ਵੱਧ ਵੋਟਾਂ ਦੀ ਲੋੜ ਹੈ। ਇਸ ਲਈ ਪਾਰਟੀ ਨੇ 55 ਫੀਸਦੀ ਵੋਟਾਂ ਹਾਸਲ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਦੀ ਪ੍ਰਾਪਤੀ ਲਈ ਸੰਗਠਨ ਤੇ ਕੇਂਦਰ ਸਰਕਾਰ ਦੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਦੀਆਂ ਸਕੀਮਾਂ ਦਾ ਲਾਭ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਬ) ਨੇ ਫਗਵਾੜਾ ਕਾਰਪੋਰੇਸ਼ਨ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
NEXT STORY