ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਸੁਪਰੀਮ ਕੋਰਟ ਈਸ਼ਨਿੰਦਾ ਮਾਮਲੇ ਵਿਚ ਰਿਹਾਅ ਕੀਤੀ ਗਈ ਆਸੀਆ ਬੀਬੀ ਵਿਰੁੱਧ ਦਾਇਰ ਸਮੀਖਿਆ ਪਟੀਸ਼ਨ 'ਤੇ 29 ਜਨਵਰੀ ਨੂੰ ਸੁਣਵਾਈ ਕਰੇਗੀ। ਮੁੱਖ ਜੱਜ ਆਸਿਫ ਸਈਦ ਖੋਸਾ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਬੈਂਚ ਇਸ ਮਾਮਲੇ ਵਿਚ ਅਗਲੇ ਹਫਤੇ ਮੰਗਲਵਾਰ ਨੂੰ ਸੁਣਵਾਈ ਕਰੇਗਾ। ਅਦਾਲਤ ਨੇ ਇਹ ਫੈਸਲਾ ਵੀਰਵਾਰ ਨੂੰ ਲਿਆ। ਕਾਰੀ ਮੁਹੰਮਦ ਸਲਾਮ ਵੱਲੋਂ ਦਾਇਰ ਇਸ ਪਟੀਸ਼ਨ ਦੀ ਸੁਣਵਾਈ ਵਿਚ ਜੱਜ ਕਾਜ਼ੀ ਫਾਇਜ਼ ਇਸਾ ਅਤੇ ਮਜ਼ਹਰ ਆਲਮ ਖਾਨ ਮਿਯਾਖੇਲ ਵੀ ਸ਼ਾਮਲ ਰਹਿਣਗੇ।
ਉੱਚ ਅਦਾਲਤ ਨੇ ਈਸ਼ਨਿੰਦਾ ਮਾਮਲੇ ਵਿਚ ਸਜ਼ਾ-ਏ-ਮੌਤ ਦੀ ਸਜ਼ਾ ਤੋਂ ਆਸੀਆ ਨੂੰ ਰਿਹਾਅ ਕਰ ਦਿੱਤਾ ਸੀ। ਉਸ ਸਮੇਂ ਦੇ ਮੁੱਖ ਜੱਜ ਮੀਆਂ ਸਾਕਿਬ ਨਿਸਾਰ ਨੇ ਆਸੀਆ ਦੀ ਤੁਰੰਤ ਰਿਹਾਈ ਦਾ ਆਦੇਸ਼ ਦਿੱਤਾ ਅਤੇ ਕਿਹਾ ਸੀ ਕਿ ਸਰਕਾਰੀ ਵਕੀਲ ਪੱਖ ਦੋਸ਼ੀ ਵਿਰੁੱਧ ਈਸ਼ਨਿੰਦਾ ਮਾਮਲੇ ਦਾ ਕੋਈ ਵੀ ਸਬੂਤ ਪੇਸ਼ ਕਰਨ ਵਿਚ ਅਸਫਲ ਰਿਹਾ ਹੈ। ਅਜਿਹੇ ਵਿਚ ਸ਼ੱਕ ਦੇ ਆਧਾਰ 'ਤੇ ਸਜ਼ਾ ਨਹੀਂ ਸੁਣਾਈ ਜਾ ਸਕਦੀ। ਕਾਰੀ ਸਲਾਮ ਨੇ ਬੀਤੇ ਸਾਲ 1 ਨਵੰਬਰ ਨੂੰ ਮੁੜ ਵਿਚਾਰ ਪਟੀਸ਼ਨ ਦਾਖਲ ਕੀਤੀ ਸੀ। ਉਸ ਨੇ ਪਟੀਸ਼ਨ ਦੀ ਸੁਣਵਾਈ ਹੋਣ ਤੱਕ ਆਸੀਆ ਦਾ ਨਾਮ ਦੇਸ਼ ਛੱਡ ਕੇ ਨਾ ਜਾ ਸਕਣ ਵਾਲੇ ਲੋਕਾਂ ਦੀ ਸੂਚੀ ਵਿਚ ਪਾਉਣ ਦੀ ਅਪੀਲ ਕੀਤੀ ਸੀ।
ਆਸੀਆ ਦੀ ਰਿਹਾਈ ਦੇ ਬਾਅਦ ਤਹਿਰੀਕ-ਏ-ਲਬੈਕ ਦੀ ਅਗਵਾਈ ਵਿਚ ਤਿੰਨ ਦਿਨਾਂ ਤੱਕ ਦੇਸ਼ ਪੱਧਰੀ ਅੰਦੋਲਨ ਵੀ ਕੀਤਾ ਗਿਆ ਸੀ। ਆਸੀਆ ਦੇ ਦੇਸ਼ ਛੱਡ ਕੇ ਨਾ ਜਾਣ ਸਬੰਧੀ ਸਰਕਾਰ ਅਤੇ ਧਾਰਮਿਕ-ਸਿਆਸੀ ਪਾਰਟੀਆਂ ਦੇ ਨਾਲ ਇਕ ਸਮਝੌਤੇ ਦੇ ਬਾਅਦ ਅੰਦੋਲਨ ਖਤਮ ਕੀਤਾ ਗਿਆ। ਸਰਕਾਰ ਭਾਵੇਂਕਿ ਆਸੀਆ ਦਾ ਨਾਮ ਦੇਸ਼ ਛੱਡਣ 'ਤੇ ਪਾਬੰਦੀ ਲਗਾਏ ਗਏ ਲੋਕਾਂ ਦੀ ਸੂਚੀ ਵਿਚ ਪਾਉਣ ਲਈ ਸਿਰਫ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਹਿਮਤ ਹੋਈ ਸੀ। ਸਰਕਾਰ ਬਾਅਦ ਵਿਚ ਇਸ ਗੱਲ 'ਤੇ ਵੀ ਰਾਜ਼ੀ ਹੋ ਗਈ ਕਿ ਆਸੀਆ ਦੀ ਰਿਹਾਈ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਮੁੜ ਵਿਚਾਰ ਪਟੀਸ਼ਨ ਦਾ ਵਿਰੋਧ ਨਹੀਂ ਕਰੇਗੀ। ਮੁਲਤਾਨ ਦੀ ਮਹਿਲਾ ਜੇਲ ਵਿਚੋਂ ਬੀਤੇ ਸਾਲ 7 ਨਵੰਬਰ ਨੂੰ ਰਿਹਾਅ ਹੋਣ ਦੇ ਬਾਅਦ ਆਸੀਆ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਇਸਲਾਮਾਬਾਦ ਲਿਆਂਦਾ ਗਿਆ ਸੀ ਅਤੇ ਸੁਰੱਖਿਆ ਕਾਰਨਾਂ ਕਾਰਨ ਉਸ ਨੂੰ ਅਣਜਾਣ ਟਿਕਾਣੇ 'ਤੇ ਰੱਖਿਆ ਗਿਆ।
ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਜਿੱਠਣ 'ਚ ਪਿਛੜ ਰਿਹੈ ਵਿਸ਼ਵ
NEXT STORY