ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿਚੋਂ ਗਰੀਬੀ ਹਟਾਉਣ ਲਈ ਇਕ ਨਵੀਂ ਯੋਜਨਾ ਪੇਸ਼ ਕੀਤੀ। ਇਸ ਯੋਜਨਾ ਦੇ ਤਹਿਤ ਗਰੀਬ ਔਰਤਾਂ ਨੰ ਅੰਡਾ ਅਤੇ ਚਿਕਨ ਦਿੱਤਾ ਜਾਵੇਗਾ। ਪਰ ਉਨ੍ਹਾਂ ਦੀ ਇਹ ਯੋਜਨਾ ਸ਼ਾਇਦ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗੀ ਜਿਸ ਕਾਰਨ ਟਵਿੱਟਰ 'ਤੇ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਆਪਣੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਹੋਏ ਸੰਮੇਲਨ ਦੌਰਾਨ ਇਮਰਾਨ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਗਰੀਬ ਔਰਤਾਂ ਨੂੰ ਅੰਡਾ ਤੇ ਚਿਕਨ ਉਪਲਬਧ ਕਰਵਾਏਗੀ। ਇਸ ਨਾਲ ਉਹ ਮੁਰਗੀ ਪਾਲਨ ਦਾ ਕਾਰੋਬਾਰ ਸ਼ੁਰੂ ਕਰ ਸਕਣਗੀਆਂ। ਉਨ੍ਹਾਂ ਨੇ ਕਿਹਾ,''ਯੋਜਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਸਰਕਾਰ ਉਨ੍ਹਾਂ ਨੂੰ ਟੀਕਾ ਵੀ ਦੇਵੇਗੀ ਜਿਸ ਨਾਲ ਉਹ ਮੁਰਗੀਆਂ ਦੀ ਗਿਣਤੀ ਵਧਾ ਸਕਣ।'' ਪਰ ਟਵਿੱਟਰ 'ਤੇ ਪਾਕਿ ਪੀ.ਐੱਮ. ਦੀ 'ਚਿਕਨ ਤੇ ਅੰਡਾ ਯੋਜਨਾ' ਦਾ ਕਾਫੀ ਮਜ਼ਾਕ ਉੱਡਿਆ।
ਆਪਣੀ ਯੋਜਨਾ ਦਾ ਟਵਿੱਟਰ 'ਤੇ ਮਜ਼ਾਕ ਉੱਡਦੇ ਦੇਖ ਹੁਣ ਇਮਰਾਨ ਖਾਨ ਬਚਾਅ ਵਿਚ ਆਏ। ਉਨ੍ਹਾਂ ਨੇ ਟਵਿੱਟਰ 'ਤੇ ਇਕ ਲੇਖ ਸਾਂਝਾ ਕੀਤਾ ਜੋ ਬਿੱਲ ਗੇਟਸ ਦੀ ਚਿਕਨ ਯੋਜਨਾ ਨਾਲ ਸਬੰਧਤ ਸੀ। ਇਸ ਲੇਖ ਨੂੰ ਸ਼ੇਅਰ ਕਰਦਿਆਂ ਇਮਰਾਨ ਨੇ ਲਿਖਿਆ,''ਬਸਤੀਵਾਦ ਵਿਚ ਵਿਸ਼ਵਾਸ ਕਰਨ ਵਾਲਿਆਂ ਲਈ ਜੇ ਕੋਈ ਦੇਸੀ ਗਰੀਬੀ ਨੂੰ ਖਤਮ ਕਰਨ ਲਈ ਚਿਕਨ ਦੀ ਗੱਲ ਕਰੇ ਤਾਂ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਜੇ ਕੋਈ 'ਵਿਲਾਇਤੀ' ਗੱਲ ਕਰੇ ਤਾਂ ਉਸ ਨੂੰ ਉਸ ਦੀ ਪ੍ਰਤਿਭਾ ਸਮਝਿਆ ਜਾਂਦਾ ਹੈ।''

ਉੱਥੇ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਵੀ ਉਨ੍ਹਾਂ ਦੀ ਯੋਜਨਾ ਦਾ ਸਮਰਥਨ ਕਰਦਿਆਂ ਟਵੀਟ ਕੀਤਾ ਅਤੇ ਲਿਖਿਆ,''ਮਾਈਕ੍ਰੋਸਾਫਟ ਦੇ ਬਾਨੀ ਬਿੱਲ ਗੇਟਸ ਨੇ ਅਫਰੀਕਾ ਵਿਚ ਗਰੀਬ ਲੋਕਾਂ ਦੀ ਮਦਦ ਲਈ ਇਕ ਮੁਹਿੰਮ ਚਲਾਈ ਸੀ। ਜਿਸ ਦੇ ਤਹਿਤ ਲੋਕਾਂ ਨੂੰ ਚਿਕਨ ਦਿੱਤੇ ਗਏ ਸਨ। ਭਾਵੇਂਕਿ ਜਦੋਂ ਇਮਰਾਨ ਨੇ ਇਸ ਬਾਰੇ ਵਿਚ ਕਿਹਾ ਤਾਂ ਇਹ ਮੁੱਦਾ ਬਣ ਗਿਆ। ਪ੍ਰਚਾਰਕ ਅਸਲ ਵਿਚ ਆਪਣੀ ਨਫਰਤ ਤੋਂ ਉੱਪਰ ਨਹੀਂ ਉੱਠ ਸਕਦੇ ਹਨ।'' ਜਾਣਕਾਰੀ ਮੁਤਾਬਕ ਇਮਰਾਨ ਖਾਨ ਦੀ ਇਸ ਯੋਜਨਾ ਬਾਰੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਗਵਾਦਲਹਾਰਾ 'ਚ ਅਮਰੀਕੀ ਵਣਜ ਦੂਤਘਰ 'ਤੇ ਵਿਸਫੋਟਕ ਹਮਲਾ
NEXT STORY