ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ (75) ਵੀਰਵਾਰ ਨੂੰ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਆਪਣੇ ਵਿਰੁੱਧ ਚੱਲ ਰਹੇ ਦੇਸ਼ਧ੍ਰੋਹ ਦੇ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਨਹੀਂ ਹੋਏ। ਇਸ ਦੇ ਬਾਅਦ ਵਿਸ਼ੇਸ਼ ਅਦਾਲਤ ਨੇ ਸੁਣਵਾਈ ਨੂੰ ਰਮਜ਼ਾਨ ਦੇ ਬਾਅਦ ਤੱਕ ਮੁਲਤਵੀ ਕਰ ਦਿੱਤਾ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਦੇ ਸਾਬਕਾ ਮਿਲਟਰੀ ਤਾਨਾਸ਼ਾਹ ਮੁਸ਼ੱਰਫ ਵੱਲੋਂ ਉਨ੍ਹਾਂ ਦੇ ਵਕੀਲ ਸਫਦਰ ਨੇ ਇਕ ਐਪਲੀਕੇਸ਼ਨ ਦਾਇਰ ਕਰ ਕੇ ਕਿਹਾ ਕਿ ਪਾਕਿਸਤਾਨ ਪਰਤਣ ਦੀ ਮਜ਼ਬੂਤ ਇੱਛਾ ਦੇ ਬਾਵਜੂਦ ਉਹ ਜਾਨਲੇਵਾ ਬੀਮਾਰੀਆਂ ਅਤੇ ਮੈਡੀਕਲ ਮੁਸ਼ਕਲਾਂ ਕਾਰਨ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਨਹੀਂ ਹੋ ਸਕੇ।
ਸਾਬਕਾ ਰਾਸ਼ਟਰਪਤੀ ਮੁਸ਼ੱਰਫ ਨੇ ਅਦਾਲਤ ਵਿਚ ਪੇਸ਼ ਨਾ ਹੋ ਸਕਣ ਕਾਰਨ ਮਾਫੀ ਵੀ ਮੰਗੀ ਅਤੇ ਰਮਜ਼ਾਨ ਖਤਮ ਹੋਣ ਤੱਕ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ। ਰਮਜ਼ਾਨ ਦੇ 4 ਜੂਨ ਨੂੰ ਖਤਮ ਹੋਣ ਦੀ ਸੰਭਾਵਨਾ ਹੈ। ਸਫਦਰ ਨੇ ਕਿਹਾ,''ਮੁਸ਼ੱਰਫ ਨੂੰ ਪੇਸ਼ ਹੋਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਨਿਆਂ ਹੋ ਸਕੇ।'' ਵਕੀਲ ਨੇ ਦੱਸਿਆ ਕਿ ਮੁਸ਼ੱਰਫ ਬੋਲ ਵੀ ਨਹੀਂ ਪਾ ਰਹੇ ਅਤੇ ਉਹ ਅਦਾਲਤ ਵਿਚ ਮਦਦ ਦੇ ਬਿਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ। ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਨਿਆਂਮੂਰਤੀ ਤਾਹਿਰ ਸਫਦਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਮੁਸ਼ੱਰਫ ਦੀ ਅਰਜ਼ੀ ਸਵੀਕਾਰ ਕਰ ਲਈ ਅਤੇ ਸੁਣਵਾਈ ਨੂੰ 12 ਜੂਨ ਤੱਕ ਮੁਲਤਵੀ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ ਵਿਚ ਮੁਸ਼ੱਰਫ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸਰਕਾਰ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ।
ਕੈਨੇਡਾ ਦੇ ਨੋਟ ਨੂੰ ਮਿਲਿਆ 'Bank Note of the Year ' ਦਾ ਖਿਤਾਬ
NEXT STORY