ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਅਤੇ ਅਫਗਾਨ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਵੀਰਵਾਰ ਨੂੰ ਇਸਤਾਂਬੁਲ 'ਚ ਮੁੜ ਸ਼ੁਰੂ ਹੋ ਰਹੀ ਹੈ, ਜਿਸਦਾ ਉਦੇਸ਼ ਸਰਹੱਦ ਪਾਰ ਅੱਤਵਾਦ ਦੇ ਮੁੱਦੇ ਨੂੰ ਹੱਲ ਕਰਨਾ ਤੇ ਦੋਵਾਂ ਧਿਰਾਂ ਵਿਚਕਾਰ ਤਣਾਅ ਨੂੰ ਹੋਰ ਵਧਣ ਤੋਂ ਰੋਕਣਾ ਹੈ। 11 ਅਕਤੂਬਰ ਨੂੰ ਸਰਹੱਦੀ ਫੌਜਾਂ ਵਿਚਕਾਰ ਹੋਈ ਝੜਪ 'ਚ ਦੋਵਾਂ ਪਾਸਿਆਂ ਦੇ ਲੋਕ ਮਾਰੇ ਗਏ ਸਨ।
ਪਾਕਿਸਤਾਨ ਦਾ ਦਾਅਵਾ ਹੈ ਕਿ ਇਸ ਝੜਪ ਵਿੱਚ ਘੱਟੋ-ਘੱਟ 206 ਅਫਗਾਨ ਤਾਲਿਬਾਨ ਅਤੇ 110 ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮੈਂਬਰ ਮਾਰੇ ਗਏ ਸਨ, ਜਦੋਂ ਕਿ 23 ਪਾਕਿਸਤਾਨੀ ਫੌਜੀ ਵੀ ਮਾਰੇ ਗਏ ਸਨ। 15 ਅਕਤੂਬਰ ਨੂੰ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ 'ਤੇ ਸਹਿਮਤੀ ਬਣੀ ਸੀ, ਜਿਸ ਨੂੰ 19 ਅਕਤੂਬਰ ਨੂੰ ਦੋਹਾ ਅਤੇ 25 ਅਕਤੂਬਰ ਨੂੰ ਇਸਤਾਂਬੁਲ ਵਿੱਚ ਗੱਲਬਾਤ ਦੌਰਾਨ ਵਧਾ ਦਿੱਤਾ ਗਿਆ ਸੀ। ਅਸਥਾਈ ਜੰਗਬੰਦੀ ਅਜੇ ਵੀ ਲਾਗੂ ਹੈ, ਪਰ ਦੋਵਾਂ ਧਿਰਾਂ ਦੇ ਅਧਿਕਾਰੀਆਂ ਅਤੇ ਸੋਸ਼ਲ ਮੀਡੀਆ 'ਤੇ ਬਿਆਨਾਂ 'ਚ ਆਪਸੀ ਕੜਵਾਹਟ ਸਪੱਸ਼ਟ ਹੈ।
ਇਸਤਾਂਬੁਲ 'ਚ ਗੱਲਬਾਤ ਅਸਫਲਤਾ ਦੇ ਕੰਢੇ 'ਤੇ ਸੀ, ਪਰ ਤੁਰਕੀ ਦੇ ਦਖਲ ਨਾਲ ਸਥਿਤੀ ਸਥਿਰ ਹੋ ਗਈ ਤੇ ਗੱਲਬਾਤ ਦੇ ਇੱਕ ਹੋਰ ਦੌਰ 'ਤੇ ਸਮਝੌਤਾ ਹੋਇਆ, ਜਿਸ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀ ਇਸਤਾਂਬੁਲ ਪਹੁੰਚੇ ਹਨ। ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦੇ ਡਾਇਰੈਕਟਰ ਜਨਰਲ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਅਸੀਮ ਮਲਿਕ ਦੀ ਅਗਵਾਈ ਹੇਠ ਇੱਕ ਪਾਕਿਸਤਾਨੀ ਵਫ਼ਦ ਗੱਲਬਾਤ ਦੇ ਤੀਜੇ ਦੌਰ ਵਿੱਚ ਹਿੱਸਾ ਲੈ ਰਿਹਾ ਹੈ।
ਵਫ਼ਦ 'ਚ ਫੌਜ, ਖੁਫੀਆ ਏਜੰਸੀਆਂ ਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਇਹ ਗੱਲਬਾਤ ਤੁਰਕੀ ਤੇ ਕਤਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਜਾ ਰਹੀ ਹੈ। ਅਫਗਾਨ ਤਾਲਿਬਾਨ ਵਫ਼ਦ 'ਚ ਡਾਇਰੈਕਟੋਰੇਟ ਜਨਰਲ ਆਫ਼ ਇੰਟੈਲੀਜੈਂਸ (ਜੀਡੀਆਈ) ਦੇ ਮੁਖੀ ਅਬਦੁਲ ਹੱਕ ਵਸੀਕ, ਉਪ ਗ੍ਰਹਿ ਮੰਤਰੀ ਰਹਿਮਤੁੱਲਾ ਨਜੀਬ, ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ, ਅਨਸ ਹੱਕਾਨੀ, ਕਹਿਰ ਬਲਖੀ, ਜ਼ਾਕਿਰ ਜਲਾਲੀ ਅਤੇ ਅੰਕਾਰਾ ਵਿੱਚ ਅਫਗਾਨ ਰਾਜਦੂਤ-ਇੰਚਾਰਜ ਸ਼ਾਮਲ ਹਨ। ਗੱਲਬਾਤ ਦੋ ਦਿਨ ਚੱਲਣ ਦੀ ਉਮੀਦ ਹੈ।
ਭਾਰਤ-ਪਾਕਿ ਸੰਘਰਸ਼ 'ਚ 8 ਜਹਾਜ਼ ਡੇਗੇ! ਡੋਨਾਲਡ ਟਰੰਪ ਦਾ ਵੱਡਾ ਦਾਅਵਾ
NEXT STORY