ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਪੰਜਾਬ ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਡਾ. ਬਰਨਾਰਡ ਮਲਿਕ, ਲਾਰੈਂਸ ਮਲਿਕ, ਹਰਪ੍ਰੀਤ ਸਿੰਘ ਕੋਹਲੀ, ਐਡਵੋਕੇਟ ਗੁਰਪ੍ਰੀਤ ਬੱਲ, ਜਗਦੀਪ ਸਿੰਘ ਸੰਧੂ, ਅਮਰਦੀਪ ਸਿੰਘ ਸੰਧੂ, ਰੋਹਿਤ ਪਾਠਕ, ਰੌਕੀ ਭੁੱਲਰ ਕਾਂਗਰਸੀ ਆਗੂਆਂ, ਵਰਕਰਾਂ ਅਤੇ ਪੰਜਾਬੀ ਭਾਈਚਾਰੇ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ : ਭਾਰਤ ਅਮਰੀਕਾ ਤੋਂ ਨਹੀਂ ਖਰੀਦੇਗਾ F-35 ਜੈੱਟ ਲੜਾਕੂ ਜਹਾਜ਼! bloomberg ਦੀ ਰਿਪੋਰਟ 'ਚ ਦਾਅਵਾ
ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਸਵਾਗਤ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਰਾਜਨੀਤੀ ਵਿੱਚ ਨੇਤਾ ਦੇ ਤੌਰ 'ਤੇ ਪੰਜਾਬ, ਪੰਜਾਬੀਅਤ ਦੇ ਵਿਕਾਸ ਲਈ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਬਾਜਵਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮਾਨ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਭਗਵੰਤ ਮਾਨ ਸਿਰਫ ਨਾ ਦੇ ਹੀ ਮੁੱਖ ਮੰਤਰੀ ਹਨ। ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ, ਵੈਭਵ ਕੁਮਾਰ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਵਲੋਂ ਹੀ ਚਲਾਇਆ ਜਾ ਰਿਹਾ ਹੈ। ਆਪ ਨੇ ਲੋਕਾਂ ਨਾਲ ਵਾਅਦਾ-ਖਿਲਾਫੀ ਕੀਤੀ ਗਈ ਹੈ ਅਤੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ। ਜਿੱਥੇ ਲੋਕ ਭਲਾਈ ਦੀਆਂ ਨੀਤੀਆਂ 'ਤੇ ਲੀਕ ਫੇਰ ਕੇ ਪੰਜਾਬ ਦਾ ਖਜ਼ਾਨਾ ਦਿੱਲੀ ਦੇ ਹਾਰੇ ਹੋਏ ਲੋਕਾਂ ਅਤੇ ਦੂਜੇ ਸੂਬਿਆਂ 'ਚ ਰੈਲੀਆਂ ਕਰ ਕੇ ਲੁਟਾਇਆ ਜਾ ਰਿਹਾ ਹੈ, ਉੱਥੇ ਮਾਨ ਸਰਕਾਰ ਭੂਮੀ ਮਾਫੀਏ ਨਾਲ ਮਿਲ ਕੇ ਪੰਜਾਬ ਵਿੱਚ ਧੱਕੇ ਨਾਲ ਲੈਂਡ ਪੂਲਿੰਗ ਨੀਤੀ ਲਾਗੂ ਕਰਕੇ ਕਿਸਾਨਾਂ ਨੂੰ ਆਪਣੀ ਮਾਂ-ਭੂਮੀ ਤੇ ਘਰਾਂ ਤੋਂ ਬੇਘਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।

ਪੰਜਾਬ 'ਚ ਲੁੱਟਾਂ-ਖੋਹਾਂ ਅਤੇ ਮਾਰ-ਧਾੜ ਕਾਰਨ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਇਸ ਸਰਕਾਰ ਤੋਂ ਵਪਾਰੀ, ਮੁਲਾਜ਼ਮ, ਕਿਸਾਨ, ਮਜ਼ਦੂਰ ਤੇ ਹਰ ਵਰਗ ਦੇ ਲੋਕ ਦੁਖੀ ਹਨ, ਜਿਸ ਦਾ ਜਵਾਬ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ਖਾਸਕਰ ਪੰਜਾਬੀ ਭਾਈਚਾਰੇ ਵਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰ ਜੋ ਬੁਲੰਦੀਆਂ ਹਾਸਲ ਕੀਤੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਪ੍ਰਵਾਸੀ ਜਿੱਥੇ ਵਿਦੇਸ਼ਾਂ 'ਚ ਮਾਂ-ਬੋਲੀ ਪੰਜਾਬੀ ਤੇ ਆਪਣੇ ਸੱਭਿਆਚਾਰ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰ ਰਹੇ ਹਨ, ਉੱਥੇ ਆਪਣੀ ਜਨਮਭੂਮੀ ਪ੍ਰਤੀ ਆਪਣਾ ਫਰਜ਼ ਤੇ ਧਰਮ ਸਮਝਦਿਆਂ ਆਪਣਿਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਿਆਂ ਮਦਦ ਲਈ ਵੀ ਹਮੇਸ਼ਾ ਤੱਤਪਰ ਰਹਿੰਦੇ ਹਨ। ਪ੍ਰਵਾਸੀ ਇਸੇ ਤਰ੍ਹਾਂ ਦੇਸ਼-ਵਿਦੇਸ਼ ਵਿੱਚ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਵਲੋਂ ਦਿੱਤੇ ਗਏ ਪਿਆਰ ਲਈ ਹਮੇਸ਼ਾ ਹੀ ਰਿਣੀ ਰਹਿਣਗੇ ਅਤੇ ਕਾਂਗਰਸ ਪਾਰਟੀ ਹਮੇਸ਼ਾ ਪ੍ਰਵਾਸੀਆਂ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ : ਹੱਜ 2026 ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 'ਚ ਵਾਧਾ, ਹੁਣ ਇਸ ਤਰੀਕ ਤਕ ਭਰ ਸਕਦੇ ਹੋ ਆਨਲਾਈਨ ਫਾਰਮ
ਇਸ ਮੌਕੇ 'ਰਿਸਰਚ ਐਂਡ ਪਾਲਸੀ ਹਾਊਸ ਥਿੰਕ ਟੈਂਕ' ਵਲੋਂ ਲਿਬਰਲ-ਨੈਸ਼ਨਲ ਪਾਰਟੀ ਦੇ ਸਾਬਕਾ ਆਗੂ, ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਲੰਘੀਆਂ ਫੈਡਰਲ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪੀਟਰ ਡੱਟਨ, ਅਮੈਂਡਾ ਸਟੋਕਰ ਮੰਤਰੀ ਕੁਈਨਜ਼ਲੈਂਡ, ਡਾ. ਬਰਨਾਰਡ ਮਲਿਕ, ਲਾਰੈਂਸ ਮਲਿਕ ਤੇ ਹਰਪ੍ਰੀਤ ਸਿੰਘ ਕੋਹਲੀ, ਜਸਵੀਰ ਸਿੰਘ ਗੁਰਾਇਆ ਵਲੋਂ ਸਾਂਝੇ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ ਵਲੋਂ ਦੇਸ਼ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਉਨ੍ਹਾਂ ਨੂੰ 'ਕੈਨੇਡੀ ਲੀਡਰਸ਼ਿਪ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਵਿਚ ਹਰ 5 ’ਚੋਂ 2 ਲੋਕ ਇਕੱਲੇਪਣ ਦਾ ਸ਼ਿਕਾਰ
NEXT STORY