ਫੀਨਿਕਸ : ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਉੱਤਰੀ ਫੀਨਿਕਸ (Phoenix) ਸ਼ਹਿਰ ਵਿੱਚ ਬੁੱਧਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਛੋਟਾ ਜਹਾਜ਼ ਦੋ ਘਰਾਂ ਨਾਲ ਟਕਰਾਉਣ ਤੋਂ ਬਾਅਦ ਇੱਕ ਘਰ ਦੇ ਪਿਛਲੇ ਵਿਹੜੇ ਵਿੱਚ ਜਾ ਡਿੱਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋ ਲੋਕਾਂ ਸਮੇਤ ਇੱਕ ਸਥਾਨਕ ਨਾਗਰਿਕ ਗੰਭੀਰ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ, ਇਸ 'ਪਾਈਪਰ ਪੀ-28' (Piper P-28) ਜਹਾਜ਼ ਵਿੱਚ ਇੱਕ ਸਿਖਾਂਦਰੂ ਪਾਇਲਟ ਅਤੇ ਇੱਕ ਫਲਾਈਟ ਇੰਸਟ੍ਰਕਟਰ ਸਵਾਰ ਸਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਦੀ ਇੱਕ ਖੰਭ ਪਹਿਲੇ ਘਰ ਦੀ ਟਾਈਲਾਂ ਵਾਲੀ ਛੱਤ 'ਤੇ ਹੀ ਟੁੱਟ ਕੇ ਰਹਿ ਗਈ। ਇਸ ਤੋਂ ਬਾਅਦ ਜਹਾਜ਼ ਦੂਜੇ ਘਰ ਦੇ ਪਿਛਲੇ ਵਿਹੜੇ ਵਿੱਚ ਸਵਿਮਿੰਗ ਪੂਲ ਦੇ ਬਿਲਕੁਲ ਨੇੜੇ ਮੂਧੇ ਮੂੰਹ (Nose-down) ਜਾ ਡਿੱਗਿਆ।
ਫਾਇਰ ਵਿਭਾਗ ਦੇ ਬੁਲਾਰੇ ਕੈਪਟਨ ਟੌਡ ਕੈਲਰ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਇੰਸਟ੍ਰਕਟਰ ਅਤੇ ਸਿਖਾਂਦਰੂ ਪਾਇਲਟ ਤੋਂ ਇਲਾਵਾ ਘਰ ਦੇ ਅੰਦਰ ਮੌਜੂਦ ਇੱਕ ਵਿਅਕਤੀ ਵੀ ਜ਼ਖਮੀ ਹੋਇਆ ਹੈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਨੇੜੇ ਹੀ ਸਥਿਤ ਡੀਅਰ ਵੈਲੀ ਏਅਰਪੋਰਟ (Deer Valley Airport) ਵੱਲ ਜਾ ਰਿਹਾ ਸੀ।
ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਆਈ ਸੀ ਜਾਂ ਇਹ ਪਾਇਲਟ ਦੀ ਕਿਸੇ ਗਲਤੀ ਕਾਰਨ ਹਾਦਸਾਗ੍ਰਸਤ ਹੋਇਆ।
ਈਰਾਨ ਦੇ ਆਸਮਾਨ 'ਤੇ ਹੋਵੇਗਾ ਅਮਰੀਕਾ-ਇਜ਼ਰਾਈਲ ਦਾ ਕੰਟਰੋਲ, ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਦਾਅਵਾ
NEXT STORY