ਐਡੀਲੇਡ, (ਕਰਨ ਬਰਾੜ)- ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਬਿੱਲਾਂ ਦਾ ਸਾਰੇ ਦੇਸ਼ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੱਲੀ ਵਿਰੋਧ ਦੀ ਇਹ ਲਹਿਰ ਦੂਜੇ ਦੇਸ਼ਾਂ ਵਿਚ ਵੀ ਫੈਲ ਚੁੱਕੀ ਹੈ।
ਦੁਨੀਆ ਭਰ ਦੇ ਬਾਸ਼ਿੰਦਿਆਂ ਵੱਲੋਂ ਭਾਰਤ ਸਰਕਾਰ ਦੇ ਇਸ ਫ਼ੈਸਲੇ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਇਸੇ ਦੇ ਚੱਲਦਿਆਂ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨਾਂ ਦੀ ਇਕ ਲੜੀ ਤੁਰ ਪਈ ਹੈ। ਐਡੀਲੇਡ 'ਚ ਕੱਲ ਕਿਸਾਨ ਮਾਰੂ ਬਿੱਲਾਂ ਦੇ ਵਿਰੋਧ 'ਚ ਵੱਡੇ ਰੋਸ ਪ੍ਰਦਰਸ਼ਨਾਂ ਦਾ ਲਗਾਤਾਰ ਤੀਜਾ ਦਿਨ ਸੀ। ਦਿੱਲੀ ਧਰਨੇ 'ਤੇ ਬੈਠੇ ਆਪਣੇ ਹਮਸਾਇਆਂ ਦੀ ਹਿਮਾਇਤ ਲਈ ਸ਼ਹਿਰ ਦੇ ਵਿਕਟੋਰੀਆ ਸਕੁਅੇਰ ਵਿਚ ਸਾਊਥ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਸਾਰੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਨੌਜਵਾਨਾਂ ਮੁੰਡਿਆਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਉਲੀਕੇ ਇਸ ਪ੍ਰੋਗਰਾਮ ਚ ਵਿਦਿਆਰਥੀ ਮੁੰਡੇ ਕੁੜੀਆਂ ਦਾ ਉਤਸ਼ਾਹ ਵੇਖਣ ਵਾਲਾ ਬਣਦਾ ਸੀ। ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਲੋਕਾਂ ਨੇ ਬੈਨਰਾਂ, ਪੋਸਟਰਾਂ ਅਤੇ ਹੱਥ ਲਿਖਤ ਤਖ਼ਤੀਆਂ ਰਾਹੀਂ ਮੋਦੀ ਸਰਕਾਰ ਦੇ ਧੱਕੇ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲਏ ਜਾਣ ਅਤੇ ਦੇਸ਼ ਦੇ ਕਿਸਾਨਾਂ ਨੂੰ ਆਪਣਾ ਬਣਦਾ ਹੱਕ ਦਿੱਤਾ ਜਾਵੇ।
ਰੋਸ ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਗੱਲ ਬਾਤ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਅਸੀਂ ਇਹਨਾਂ ਦੇਸ਼ਾਂ ਵਿਚ ਨਵੇਂ ਆਏ ਹਾਂ ਪਰ ਵੱਡਿਆਂ ਦੇ ਸਾਥ ਸਦਕਾ ਆਪਣੇ ਦੇਸ਼ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਾਂਗੇ। ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਕਿਸਾਨਾਂ ਦੀਆ ਮੰਗਾਂ ਨਾ ਮੰਨੀਆਂ ਤਾਂ ਆਉਣ ਆਲੇ ਦਿਨਾਂ ਵਿਚ ਇਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ 'ਤੇ ਇਵੇਂ ਹੀ ਜਾਰੀ ਰਹਿਣਗੇ।
ਬਰੈਂਪਟਨ ਦੇ ਗੁਰੂਘਰ ਵਿਖੇ ਬੇਅਦਬੀ ਦੀ ਖ਼ਬਰ, ਪੁਲਸ ਦੋਸ਼ੀਆਂ ਦੀ ਭਾਲ 'ਚ ਜੁਟੀ
NEXT STORY