ਇਟਲੀ( ਦਲਵੀਰ ਸਿੰਘ ਕੈਂਥ)- ਇਟਲੀ ਦੀ ਸਭ ਤੋਂ ਵੱਡੀ ਮਜ਼ਦੂਰ ਜਥੇਬੰਦੀ ਸੀਜੀਐਲ ਦੇ 120 ਸਾਲ ਪੂਰੇ ਹੋਣ ਮੌਕੇ ਬੀਤੇ ਦਿਨੀਂ ਮਿਲਾਨ ਦੇ ਪ੍ਰਸਿੱਧ ਤੇਆਤ੍ਰੋ ਆਲਾ ਸਕਾਲਾ ਵਿਖੇ ਹੋਏ ਸਮਾਗਮ ਨੇ ਇਟਲੀ ਦੀ ਮਜ਼ਦੂਰ ਲਹਿਰ ਦੇ ਲੰਮੇ ਇਤਿਹਾਸ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲੈ ਆਂਦਾ ਹੈ। 30 ਸਤੰਬਰ ਨੂੰ ਹੋਏ ਇਸ ਸਮਾਗਮ ਵਿੱਚ ਇਟਲੀ ਦੇ ਰਾਸ਼ਟਰਪਤੀ ਸਰਜੋ ਮਾਤਾਰੇਲਾ ਅਤੇ ਸੀਜੀਐਲ ਦੇ ਜਨਰਲ ਸਕੱਤਰ ਮੌਰੀਤਸਿਓ ਲਾਂਦੀਨੀ ਸਮੇਤ ਮਜ਼ਦੂਰ ਲਹਿਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਸਮਾਗਮ ਦੌਰਾਨ ਕੰਮ ਦੀ ਸੁਰੱਖਿਆ, ਮਜ਼ਦੂਰੀ, ਨਵੀਂ ਤਕਨਾਲੋਜੀ, ਨਕਲੀ ਬੁੱਧੀ, ਪਰਵਾਸੀਆਂ ਅਤੇ ਕੰਮ ਦੀ ਇੱਜ਼ਤ ਵਰਗੇ ਮੁੱਦੇ ਵੀ ਚਰਚਾ ਵਿੱਚ ਰਹੇ। ਲਾਂਦੀਨੀ ਵੱਲੋਂ ਕਿਹਾ ਗਿਆ, “ਕੰਮ ਨਾਲ ਜੀਉਣਾ ਚਾਹੀਦਾ ਹੈ, ਕੰਮ ਕਰਦਿਆਂ ਮਰਨਾ ਨਹੀਂ।”
ਸੀਜੀਐਲ ਦੀ 120 ਸਾਲਾਂ ਦੀ ਯਾਤਰਾ ਆਪਣੇ ਆਪ ਵਿੱਚ ਇਟਲੀ ਦੇ ਮਜ਼ਦੂਰ ਵਰਗ ਦੇ ਸੰਘਰਸ਼ ਦੀ ਇੱਕ ਲੰਮੀ ਕਹਾਣੀ ਹੈ। 1906 ਵਿੱਚ ਜਦੋਂ ਇਹ ਜਥੇਬੰਦੀ ਬਣੀ ਸੀ, ਉਸ ਵੇਲੇ ਇਟਲੀ ਦੇ ਕਾਰਖਾਨਿਆਂ, ਖੇਤਾਂ ਅਤੇ ਉਦਯੋਗਾਂ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਮੁੱਖ ਤੌਰ ’ਤੇ ਇਟਾਲੀਅਨ ਸੀ। ਪਰ 2026 ਵਿੱਚ ਇਟਲੀ ਦੇ ਮਜ਼ਦੂਰ ਦੀ ਤਸਵੀਰ ਕਾਫ਼ੀ ਬਦਲ ਚੁੱਕੀ ਹੈ। ਅੱਜ ਫੈਕਟਰੀਆਂ, ਖੇਤਾਂ, ਗੋਦਾਮਾਂ, ਉਸਾਰੀ, ਸਫ਼ਾਈ, ਹੋਟਲਾਂ ਅਤੇ ਦੁੱਧ ਵਾਲੇ ਫਾਰਮਾਂ ਵਿੱਚ ਪੰਜਾਬੀ ਅਤੇ ਹੋਰ ਦੇਸ਼ਾਂ ਤੋਂ ਆਏ ਪਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਕੰਮ ਕਰ ਰਹੇ ਹਨ। ਇਸੇ ਬਦਲਦੇ ਮਜ਼ਦੂਰ ਚਿਹਰੇ ਵੱਲ ਇਸ਼ਾਰਾ ਕਰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰਤੀ ਪੰਜਾਬੀ ਮਜ਼ਦੂਰ ਆਗੂ ਪਰਮਜੀਤ ਸਿੰਘ ਦੁਸਾਂਝ ਨੇ ਕਿਹਾ ਕਿ ਸੀਜੀਐਲ ਦੀ 120 ਸਾਲਾਂ ਦੀ ਇਤਿਹਾਸਕ ਯਾਤਰਾ ਦਾ ਸਨਮਾਨ ਕਰਨਾ ਜ਼ਰੂਰੀ ਹੈ, ਪਰ ਇਸ ਦੇ ਨਾਲ ਇੱਕ ਸਵਾਲ ਪੁੱਛਣਾ ਵੀ ਓਨਾ ਹੀ ਜ਼ਰੂਰੀ ਹੈ ਕਿ ਅੱਜ ਦੇ ਨਵੇਂ ਮਜ਼ਦੂਰ ਤੱਕ ਇਹ ਜਥੇਬੰਦੀ ਕਿੰਨੀ ਪਹੁੰਚੀ ਹੈ?
ਪਰਮਜੀਤ ਸਿੰਘ ਦੁਸਾਂਝ ਨੇ ਕਿਹਾ ਕਿ ਇਟਲੀ ਨੂੰ ਆਉਣ ਵਾਲੇ ਸਾਲਾਂ ਵਿੱਚ ਵਿਦੇਸ਼ੀ ਕਾਮਿਆਂ ਦੀ ਲੋੜ ਨੂੰ ਮੰਨਦਿਆਂ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਵਿਦੇਸ਼ੀ ਮਜ਼ਦੂਰਾਂ ਲਈ ਰਾਹ ਖੋਲ੍ਹਿਆ ਜਾ ਰਿਹਾ ਹੈ। 2026 ਲਈ ਡੇਕਰੇਤੋ ਫਲੂੱਸੀ ਤਹਿਤ 1 ਲੱਖ 64 ਹਜ਼ਾਰ 850 ਦਾਖਲਿਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ 2026 ਤੋਂ 2028 ਤੱਕ ਕੁੱਲ 4 ਲੱਖ 97 ਹਜ਼ਾਰ 550 ਦਾਖਲਿਆਂ ਦਾ ਕੋਟਾ ਨਿਰਧਾਰਤ ਹੈ। ਇੱਕ ਰਿਪੋਰਟ ਮੁਤਾਬਕ ਇਸ ਸਾਲ ਸਾਢੇ ਤਿੰਨ ਲੱਖ ਬੰਦਾ ਇਟਲੀ ਦੀਆਂ ਫੈਕਟਰੀਆਂ 'ਚ ਰਿਟਾਇਰਮੈਂਟ 'ਤੇ ਜਾ ਰਿਹਾ ਹੈ। ਹਰ ਸਾਲ ਰਿਟਾਇਰਮੈਂਟ 'ਤੇ ਜਾਣ ਵਾਲਿਆਂ ਦੀ ਥਾਂ ਪੂਰਤੀ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਧੜਾ ਧੜ ਇਟਲੀ 'ਚ ਸੱਦਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ 'ਤੇ ਵੱਡੇ ਹ./ਮਲੇ ਦੀ ਤਿਆਰੀ ! 9000 ਸੈਨਿਕਾਂ ਨਾਲ ਤੀਜਾ ਏਅਰਕ੍ਰਾਫਟ ਕੈਰੀਅਰ ਰਵਾਨਾ
ਉਨ੍ਹਾਂ ਕਿਹਾ ਕਿ ਜਦੋਂ ਇਟਲੀ ਨੂੰ ਖੇਤਾਂ, ਫੈਕਟਰੀਆਂ, ਨਿਰਮਾਣ ਖੇਤਰ ਅਤੇ ਹੋਰ ਕੰਮਾਂ ਲਈ ਵਿਦੇਸ਼ੀ ਮਜ਼ਦੂਰਾਂ ਦੀ ਲੋੜ ਹੈ ਤਾਂ ਸਵਾਲ ਸਿਰਫ਼ ਇਹ ਨਹੀਂ ਹੋਣਾ ਚਾਹੀਦਾ ਕਿ ਮਜ਼ਦੂਰ ਇਟਲੀ ਕਿਵੇਂ ਆਵੇਗਾ? ਸਵਾਲ ਇਹ ਵੀ ਹੋਣਾ ਚਾਹੀਦਾ ਹੈ ਕਿ ਆਉਣ ਤੋਂ ਬਾਅਦ ਉਸ ਦੀ ਸੁਰੱਖਿਆ ਕੌਣ ਯਕੀਨੀ ਬਣਾਏਗਾ, ਉਸ ਦੀ ਮਜ਼ਦੂਰੀ ਕੌਣ ਬਚਾਏਗਾ, ਕੰਮ ਦੀ ਗਾਰੰਟੀ ਕੌਣ ਦੇਵੇਗਾ ਅਤੇ ਉਸ ਦੀ ਇੱਜ਼ਤ ਤੇ ਹੱਕਾਂ ਦੀ ਰਾਖੀ ਕੌਣ ਕਰੇਗਾ? ਦੁਸਾਂਝ ਨੇ ਕਿਹਾ ਕਿ ਪੰਜਾਬੀ ਮਜ਼ਦੂਰ ਇਟਲੀ ਦੀ ਅਰਥਵਿਵਸਥਾ ਦੇ ਕਈ ਖੇਤਰਾਂ ਵਿੱਚ ਆਪਣਾ ਪਸੀਨਾ ਵਹਾ ਰਿਹਾ ਹੈ। ਲਾਤੀਨਾ ਦੇ ਖੇਤਾਂ ਤੋਂ ਲੈ ਕੇ ਲੋਮਬਾਰਦੀਆ ਦੀਆਂ ਫੈਕਟਰੀਆਂ, ਗੋਦਾਮਾਂ, ਡੇਅਰੀ ਫਾਰਮਾਂ ਅਤੇ ਨਿਰਮਾਣ ਖੇਤਰ ਤੱਕ ਪੰਜਾਬੀ ਮਜ਼ਦੂਰ ਦੀ ਮੌਜੂਦਗੀ ਦਿਖਾਈ ਦਿੰਦੀ ਹੈ। ਪਰ ਕੀ ਇਨ੍ਹਾਂ ਮਜ਼ਦੂਰਾਂ ਦੀ ਆਪਣੀ ਭਾਸ਼ਾ ਵਿੱਚ ਮਜ਼ਦੂਰ ਜਥੇਬੰਦੀਆਂ ਤੱਕ ਪਹੁੰਚ ਹੈ? ਕੀ ਉਹ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ? ਕੀ ਯੂਨੀਅਨਾਂ ਉਨ੍ਹਾਂ ਦੇ ਕੰਮ ਵਾਲੀਆਂ ਥਾਵਾਂ ਤੱਕ ਪਹੁੰਚ ਰਹੀਆਂ ਹਨ? ਅਤੇ ਸਭ ਤੋਂ ਵੱਡਾ ਸਵਾਲ—ਕੀ ਪੰਜਾਬੀ ਮਜ਼ਦੂਰ ਸੀਜੀਐਲ ਨੂੰ ਆਪਣੀ ਜਥੇਬੰਦੀ ਸਮਝਦਾ ਹੈ?
ਉਨ੍ਹਾਂ ਕਿਹਾ ਕਿ ਇਹ ਸਵਾਲ ਕਿਸੇ ਇੱਕ ਜਥੇਬੰਦੀ ਨੂੰ ਦੋਸ਼ ਦੇਣ ਲਈ ਨਹੀਂ, ਸਗੋਂ ਮਜ਼ਦੂਰ ਲਹਿਰ ਨੂੰ ਆਪਣੇ ਆਪ ਵੱਲ ਮੁੜ ਕੇ ਦੇਖਣ ਲਈ ਹੈ। ਜੇਕਰ ਮਜ਼ਦੂਰ ਦਾ ਚਿਹਰਾ ਬਦਲ ਗਿਆ ਹੈ ਤਾਂ ਮਜ਼ਦੂਰ ਜਥੇਬੰਦੀਆਂ ਦੀ ਭਾਸ਼ਾ, ਪਹੁੰਚ ਅਤੇ ਕੰਮ ਕਰਨ ਦਾ ਢੰਗ ਵੀ ਬਦਲਣਾ ਪਵੇਗਾ। ਪੰਜਾਬੀ, ਬੰਗਲਾਦੇਸ਼ੀ, ਅਫ਼ਰੀਕੀ, ਅਰਬ ਅਤੇ ਹੋਰ ਪਰਵਾਸੀ ਮਜ਼ਦੂਰਾਂ ਨੂੰ ਸਿਰਫ਼ ਇਟਲੀ ਦੀ ਅਰਥਵਿਵਸਥਾ ਲਈ ਲੋੜੀਂਦੇ ਹੱਥਾਂ ਵਜੋਂ ਨਹੀਂ, ਸਗੋਂ ਹੱਕਾਂ ਵਾਲੇ ਮਨੁੱਖ ਅਤੇ ਮਜ਼ਦੂਰ ਵਜੋਂ ਦੇਖਣ ਦੀ ਲੋੜ ਹੈ। ਪਰਮਜੀਤ ਸਿੰਘ ਦੁਸਾਂਝ ਨੇ ਕਿਹਾ ਕਿ ਅੱਜ ਮਜ਼ਦੂਰ ਦੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਖੜ੍ਹੀ ਹੋ ਰਹੀ ਹੈ—ਮਸ਼ੀਨ, ਕੰਪਿਊਟਰ, ਆਟੋਮੇਸ਼ਨ ਅਤੇ ਨਕਲੀ ਬੁੱਧੀ। ਇੱਕ ਸਮਾਂ ਸੀ ਜਦੋਂ ਮਜ਼ਦੂਰ ਦੇ ਹੱਥ ਉਸ ਦੀ ਸਭ ਤੋਂ ਵੱਡੀ ਪੂੰਜੀ ਸਨ। ਅੱਜ ਖੇਤੀਬਾੜੀ ਤੋਂ ਲੈ ਕੇ ਡੇਅਰੀ ਫਾਰਮਾਂ ਅਤੇ ਫੈਕਟਰੀਆਂ ਤੱਕ ਮਸ਼ੀਨਾਂ ਕਈ ਕੰਮ ਆਪਣੇ ਹੱਥ ਵਿੱਚ ਲੈ ਰਹੀਆਂ ਹਨ। ਸਵਾਲ ਇਹ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮਸ਼ੀਨਾਂ ਮਨੁੱਖੀ ਮਿਹਨਤ ਦੀ ਲੋੜ ਘਟਾਉਂਦੀਆਂ ਹਨ ਤਾਂ ਬੇਰੁਜ਼ਗਾਰ ਹੋਣ ਵਾਲੇ ਮਜ਼ਦੂਰਾਂ ਦਾ ਭਵਿੱਖ ਕੀ ਹੋਵੇਗਾ? ਕੀ ਨਵੀਂ ਤਕਨਾਲੋਜੀ ਦਾ ਲਾਭ ਸਿਰਫ਼ ਉਤਪਾਦਨ ਅਤੇ ਮਾਲਕ ਦੀ ਆਮਦਨ ਵਧਾਉਣ ਤੱਕ ਸੀਮਤ ਰਹੇਗਾ ਜਾਂ ਮਜ਼ਦੂਰ ਲਈ ਵੀ ਨਵੀਂ ਸੁਰੱਖਿਆ ਅਤੇ ਨਵੇਂ ਮੌਕੇ ਪੈਦਾ ਹੋਣਗੇ?
ਉਨ੍ਹਾਂ ਕਿਹਾ ਕਿ 1906 ਵਿੱਚ ਮਜ਼ਦੂਰ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਦੀ ਲੋੜ ਸੀ। 2026 ਵਿੱਚ ਵੀ ਲੋੜ ਉਹੀ ਹੈ, ਪਰ ਮਜ਼ਦੂਰ ਦਾ ਚਿਹਰਾ ਬਦਲ ਗਿਆ ਹੈ। ਮਿੱਟੀ ਵੱਖਰੀ ਹੋ ਸਕਦੀ ਹੈ, ਭਾਸ਼ਾ ਵੱਖਰੀ ਹੋ ਸਕਦੀ ਹੈ, ਪਰ ਮਜ਼ਦੂਰ ਦੇ ਪਸੀਨੇ ਦੀ ਖੁਸ਼ਬੂ ਇੱਕੋ ਹੈ। ਦੁਸਾਂਝ ਨੇ ਕਿਹਾ ਕਿ ਸੀਜੀਐਲ ਆਪਣੇ 120 ਸਾਲਾਂ ਦੇ ਇਤਿਹਾਸ ਤੋਂ ਸਿੱਖਦਿਆਂ ਜੇਕਰ ਪੰਜਾਬੀ ਅਤੇ ਹੋਰ ਪਰਵਾਸੀ ਮਜ਼ਦੂਰਾਂ ਦੇ ਕੰਮ ਵਾਲੀਆਂ ਥਾਵਾਂ ਤੱਕ ਪਹੁੰਚ ਬਣਾਏ, ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਹੱਕਾਂ ਦੀ ਜਾਣਕਾਰੀ ਦੇਵੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਮਜ਼ਦੂਰ ਲਹਿਰ ਦਾ ਹਿੱਸਾ ਬਣਾਏ ਤਾਂ ਮਜ਼ਦੂਰਾਂ ਅਤੇ ਜਥੇਬੰਦੀਆਂ ਵਿਚਕਾਰ ਬਣੀ ਹੋ ਸਕਦੀ ਦੂਰੀ ਨੂੰ ਘਟਾਉਣ ਦਾ ਰਸਤਾ ਖੁੱਲ੍ਹ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ 'ਤੇ ਵੱਡੇ ਹਮਲੇ ਦੀ ਤਿਆਰੀ ! 9000 ਸੈਨਿਕਾਂ ਨਾਲ ਤੀਜਾ ਏਅਰਕ੍ਰਾਫਟ ਕੈਰੀਅਨ ਰਵਾਨਾ
NEXT STORY