ਬੋਗੋਟਾ (ਇੰਟ.)– ਕਾਂਗਰਸ ਨੇਤਾ ਰਾਹੁਲ ਗਾਂਧੀ ਦੱਖਣੀ ਅਮਰੀਕੀ ਦੇਸ਼ਾਂ ਦੇ ਦੌਰੇ ’ਤੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਤੰਤਰ ’ਤੇ ਹੋ ਰਿਹਾ ਹਮਲਾ ਹੈ। ਕੋਲੰਬੀਆ ਯੂਨੀਵਰਸਿਟੀ ਦੇ ਈ. ਆਈ. ਏ. ਵਿਖੇ ਇਕ ਸਮਾਗਮ ’ਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਢਾਂਚਾਗਤ ਖਾਮੀਆਂ ਦੇ ਮੁੱਦੇ ਨੂੰ ਉਜਾਗਰ ਕੀਤਾ ਅਤੇ ਸੁਝਾਅ ਦਿੱਤਾ ਕਿ ਦੇਸ਼ ਦੀਆਂ ਵੱਖ-ਵੱਖ ਪ੍ਰੰਪਰਾਵਾਂ ਨੂੰ ਵਧਣ-ਫੁੱਲਣ ਦਿੱਤਾ ਜਾਣਾ ਚਾਹੀਦਾ ਹੈ।
ਰਾਹੁਲ ਨੇ ਕਿਹਾ ਕਿ ਭਾਰਤ ਵਿਚ ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ’ਚ ਮਜ਼ਬੂਤ ਸਮਰੱਥਾਵਾਂ ਹਨ, ਇਸ ਲਈ ਮੈਂ ਦੇਸ਼ ਪ੍ਰਤੀ ਬਹੁਤ ਆਸ਼ਾਵਾਦੀ ਹਾਂ ਪਰ ਇਸ ਦੇ ਨਾਲ ਹੀ ਕੁਝ ਢਾਂਚਾਗਤ ਖਾਮੀਆਂ ਹਨ, ਜਿਨ੍ਹਾਂ ਨੂੰ ਭਾਰਤ ਨੂੰ ਹੱਲ ਕਰਨਾ ਚਾਹੀਦਾ ਹੈ। ਸਭ ਤੋਂ ਵੱਡੀ ਚੁਣੌਤੀ ਭਾਰਤ ’ਚ ਲੋਕਤੰਤਰ ’ਤੇ ਹੋ ਰਿਹਾ ਹਮਲਾ ਹੈ। ਉਨ੍ਹਾਂ ਨੇ ਭਾਰਤ ਦੀ ਦੁਨੀਆ ਦੀ ਅਗਵਾਈ ਕਰਨ ਦੀ ਯੋਗਤਾ ’ਤੇ ਵੀ ਸਵਾਲ ਉਠਾਏ ਹਨ।
ਰਾਹੁਲ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਭਾਰਤ ਆਪਣੇ-ਆਪ ਨੂੰ ਦੁਨੀਆ ਦੀ ਅਗਵਾਈ ਕਰਨ ਵਾਲਾ ਮੰਨਦਾ ਹੈ। ਸਾਡਾ ਇਕ ਵਿਸ਼ਾਲ ਦੇਸ਼ ਹਾਂ ਅਤੇ ਅਸੀਂ ਸਾਂਝੇਦਾਰੀ ਵਿਚ ਵਿਸ਼ਵਾਸ ਰੱਖਦੇ ਹਾਂ। ਅਸੀਂ ਇੰਨੇ ਹੰਕਾਰੀ ਨਹੀਂ ਹਾਂ ਕਿ ਇਹ ਮੰਨ ਲਈਏ ਕਿ ਸਾਨੂੰ ਦੁਨੀਆ ਦੀ ਅਗਵਾਈ ਕਰਨੀ ਚਾਹੀਦੀ ਹੈ।’ ਇਹ ਵਿਚਾਰ ਕਿ ਭਾਰਤ ਨੂੰ ਦੁਨੀਆ ਦੀ ਅਗਵਾਈ ਕਰਨੀ ਚਾਹੀਦੀ ਹੈ, ਭਾਰਤ ਆਪਣੇ-ਆਪ ਨੂੰ ਇਸ ਤਰੀਕੇ ਨਾਲ ਨਹੀਂ ਦੇਖਦਾ। ਸ਼ਾਇਦ ਚੀਨ ਆਪਣੇ-ਆਪ ਨੂੰ ਇਸ ਤਰੀਕੇ ਨਾਲ ਦੇਖਦਾ ਹੋਵੇ।
ਕਾਂਗਰਸ ਨੇਤਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਦੇ ਮੂਲ ਵਿਚ ਕਾਇਰਤਾ ਹੈ। ਰਾਹੁਲ ਨੇ ਕਿਹਾ ਕਿ ਇਹ ਭਾਜਪਾ-ਆਰ. ਐੱਸ. ਐੱਸ. ਦਾ ਸੁਭਾਅ ਹੈ। ਜੇਕਰ ਤੁਸੀਂ ਵਿਦੇਸ਼ ਮੰਤਰੀ ਦੇ ਇਕ ਬਿਆਨ ’ਤੇ ਗੌਰ ਕਰੋ ਤਾਂ ਉਨ੍ਹਾਂ ਕਿਹਾ, ‘ਚੀਨ ਸਾਡੇ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਮੈਂ ਉਨ੍ਹਾਂ ਨਾਲ ਕਿਵੇਂ ਲੜ ਸਕਦਾ ਹਾਂ?’ ਇਸ ਵਿਚਾਰਧਾਰਾ ਦੇ ਮੂਲ ਵਿਚ ਕਾਇਰਤਾ ਹੈ।
ਬੇਰੋਜ਼ਗਾਰਾਂ ਦੇ ਸਹਾਰੇ ਚੱਲ ਰਹੀ ਟਰੰਪ ਦੀ ਰਾਜਨੀਤੀ
ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਟਰੰਪ ਦੀ ਵੰਡਪਾਊ ਰਾਜਨੀਤੀ ਬੇਰੋਜ਼ਗਾਰਾਂ ਦੇ ਸਹਾਰੇ ਚੱਲ ਰਹੀ ਹੈ। ਰਾਹੁਲ ਨੇ ਕਿਹਾ ਕਿ ਭਾਰਤ ਵਿਚ ਆਰਥਿਕ ਵਿਕਾਸ ਦੇ ਬਾਵਜੂਦ ਅਸੀਂ ਨੌਕਰੀਆਂ ਪੈਦਾ ਕਰਨ ਵਿਚ ਅਸਫਲ ਰਹੇ ਹਾਂ ਕਿਉਂਕਿ ਸਾਡੀ ਅਰਥਵਿਵਸਥਾ ਸੇਵਾ-ਆਧਾਰਤ ਹੈ ਅਤੇ ਅਸੀਂ ਉਤਪਾਦਨ ਕਰਨ ’ਚ ਅਸਮਰੱਥ ਹਾਂ। ਟਰੰਪ ਦਾ ਸਾਥ ਦੇਣ ਵਾਲੇ ਜ਼ਿਆਦਾਤਰ ਲੋਕ ਉਹ ਹਨ, ਜਿਨ੍ਹਾਂ ਨੇ ਨਿਰਮਾਣ ਖੇਤਰ ਵਿਚ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ।
ਚੀਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਚੀਨ ਨੇ ਇਕ ਗੈਰ-ਲੋਕਤੰਤਰਿਕ ਮਾਹੌਲ ਵਿਚ ਆਪਣੀਆਂ ਉਤਪਾਦਨ ਸਮਰੱਥਾਵਾਂ ਨੂੰ ਸਾਬਿਤ ਕੀਤਾ ਹੈ ਪਰ ਸਾਨੂੰ ਇਕ ਲੋਕਤੰਤਰਿਕ ਢਾਂਚੇ ਦੇ ਅੰਦਰ ਇਕ ਉਤਪਾਦਨ ਮਾਡਲ ਵਿਕਸਤ ਕਰਨਾ ਚਾਹੀਦਾ ਹੈ, ਜੋ ਚੀਨ ਦੀ ਬਰਾਬਰੀ ਕਰ ਸਕੇ।
ਭਾਜਪਾ ਨੇ ਕੀਤਾ ਰਾਹੁਲ ’ਤੇ ਜਵਾਬੀ ਹਮਲਾ
ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਅਪਮਾਨ ਕਰਨ ਅਤੇ ਦੇਸ਼ ਨੂੰ ਨੀਵਾਂ ਦਿਖਾਉਣ ਦਾ ਦੋਸ਼ ਲਾਇਆ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਫਿਰ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਅਪਮਾਨ ਕੀਤਾ ਹੈ।
ਲੰਡਨ ਵਿਚ ਸਾਡੇ ਲੋਕਤੰਤਰ ਨੂੰ ਬਦਨਾਮ ਕਰਨ ਤੋਂ ਲੈ ਕੇ ਅਮਰੀਕਾ ਵਿਚ ਸਾਡੇ ਅਦਾਰਿਆਂ ਦਾ ਮਜ਼ਾਕ ਉਡਾਉਣ ਤਕ ਅਤੇ ਹੁਣ ਕੋਲੰਬੀਆ ਵਿਚ, ਉਹ ਕਦੇ ਵੀ ਵਿਸ਼ਵ ਪੱਧਰ ’ਤੇ ਭਾਰਤ ਦਾ ਅਪਮਾਨ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ। ਕੰਗਨਾ ਰਾਣੌਤ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ, ‘ਉਹ ਇਕ ਕਲੰਕ ਹੈ।’
ਹੋ ਗਿਆ ਵੱਡਾ ਹਮਲਾ, ਮਾਰੇ ਗਏ 57 ਨਿਰਦੋਸ਼ ਲੋਕ
NEXT STORY