ਮਾਸਕੋ (ਏ. ਪੀ.)– ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਆਪਣੇ ਟੀਚਿਆਂ ਨੂੰ ਹਾਸਲ ਕਰਨ ਤਕ ਯੂਕਰੇਨ ’ਚ ਆਪਣੀ ਫੌਜੀ ਕਾਰਵਾਈ ਜਾਰੀ ਰੱਖੇਗਾ। ਉਨ੍ਹਾਂ ਨੇ ਪਾਬੰਦੀਆਂ ਰਾਹੀਂ ਰੂਸ ਨੂੰ ਅਲੱਗ-ਥਲੱਗ ਕਰਨ ਸਬੰਧੀ ਪੱਛਮੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਦਾ ਮਖੌਲ ਵੀ ਉਡਾਇਆ।
ਪੁਤਿਨ ਨੇ ਸੁਦੂਰ ਪੂਰਬੀ ਪੋਰਟ ਸ਼ਹਿਰ ਵਲਾਦਿਵੋਸਤੋਕ ’ਚ ਆਰਥਿਕ ਮੰਚ ਦੀ ਸਾਲਾਨਾ ਬੈਠਕ ’ਚ ਕਿਹਾ ਕਿ ਯੂਕਰੇਨ ’ਚ ਫੌਜ ਭੇਜਣ ਦੇ ਪਿੱਛੇ 8 ਸਾਲ ਦੀ ਲੜਾਈ ਤੋਂ ਬਾਅਦ ਉਸ ਦੇਸ਼ ਦੇ ਪੂਰਬੀ ਇਲਾਕੇ ’ਚ ਲੋਕਾਂ ਦੀ ਰੱਖਿਆ ਕਰਨਾ ਮੁੱਖ ਟੀਚਾ ਸੀ। ਉਨ੍ਹਾਂ ਕਿਹਾ, ‘‘ਅਸੀਂ ਉਹ ਲੋਕ ਨਹੀਂ ਹਾਂ, ਜਿਨ੍ਹਾਂ ਨੇ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ, ਅਸੀਂ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’
ਉਨ੍ਹਾਂ ਨੇ ਆਪਣੇ ਇਸ ਤਰਕ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਯੂਕਰੇਨ ’ਚ ਰੂਸ ਸਮਰਥਿਤ ਵੱਖਵਾਦੀ ਇਲਾਕਿਆਂ ਦੀ ਰੱਖਿਆ ਲਈ ਯੂਕਰੇਨ ’ਚ ਫੌਜ ਭੇਜੀ, ਜਿਨ੍ਹਾਂ ਨੇ 2014 ’ਚ ਕ੍ਰੀਮੀਆ ਦੇ ਰੂਸ ਦੇ ਕਬਜ਼ੇ ਤੋਂ ਬਾਅਦ ਭੜਕੇ ਸੰਘਰਸ਼ ’ਚ ਯੂਕਰੇਨੀ ਫੌਜ ਨਾਲ ਲੜਾਈ ਲੜੀ ਹੈ।
ਇਹ ਖ਼ਬਰ ਵੀ ਪੜ੍ਹੋ : ਇਮਰਾਨ ਖ਼ਾਨ ਦੀ ਪਾਰਟੀ ਨੂੰ ਵਿਦੇਸ਼ੀ ਫੰਡਿੰਗ 'ਤੇ ਜਵਾਬ ਦੇਣ ਦਾ ਮਿਲਿਆ ਆਖਰੀ ਮੌਕਾ
ਪੁਤਿਨ ਨੇ ਕਿਹਾ, ‘‘ਸਾਡੀਆਂ ਸਾਰੀਆਂ ਕਾਰਵਾਈਆਂ ਦਾ ਟੀਚਾ ਡੋਨਬਾਸ ’ਚ ਰਹਿਣ ਵਾਲੇ ਲੋਕਾਂ ਦੀ ਮਦਦ ਕਰਨਾ ਹੈ, ਇਹ ਸਾਡਾ ਫਰਜ਼ ਹੈ ਤੇ ਅਸੀਂ ਇਸ ਟੀਚੇ ਨੂੰ ਹਾਸਲ ਕਰਕੇ ਰਹਿਣਗੇ।’’ ਪੁਤਿਨ ਨੇ ਕਿਹਾ ਕਿ ਰੂਸ ਨੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਦਿਆਂ ਆਪਣੀ ਪ੍ਰਭੂਸੱਤਾ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ, ‘‘ਰੂਸ ਨੇ ਪੱਛਮ ਦੇ ਆਰਥਿਕ, ਵਿੱਤੀ ਤੇ ਤਕਨੀਕੀ ਹਮਲੇ ਦਾ ਜਵਾਬ ਦਿੱਤਾ ਹੈ।’’
ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਕੁਝ ਨਹੀਂ ਗੁਆਇਆ ਹੈ ਤੇ ਅਸੀਂ ਕੁਝ ਵੀ ਨਹੀਂ ਗੁਆਵਾਂਗੇ। ਸਭ ਤੋਂ ਸਾਕਾਰਾਤਮਕ ਗੱਲ ਇਹ ਹੈ ਕਿ ਸਾਡੀ ਪ੍ਰਭੂਸੱਤਾ ਤੇ ਮਜ਼ਬੂਤ ਹੋਈ ਹੈ।’’ ਰੂਸੀ ਨੇਤਾ ਨੇ ਕਿਹਾ ਕਿ ਰੂਸ ’ਚ ਆਰਥਿਕ ਤੇ ਵਿੱਤੀ ਸਥਿਤੀ ਸਥਿਰ ਹੋ ਗਈ ਹੈ, ਖਪਤਕਾਰ ਮੁੱਲ ਮਹਿੰਗਾਈ ਘੱਟ ਹੋ ਗਈ ਹੈ ਤੇ ਬੇਰੁਜ਼ਗਾਰੀ ਦਰ ਵੀ ਘੱਟ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਰੂਸ ਆਪਣੇ ਵਿਸ਼ਵ ਪੱਧਰੀ ਪ੍ਰਭੂਸੱਤਾ ਨੂੰ ਬਣਾਈ ਰੱਖਣ ਲਈ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਵਲੋਂ ਕੀਤੇ ਗਏ ਕਿਸੇ ਵੀ ਮਾੜੇ ਕੰਮ ਦਾ ਸਾਹਮਣਾ ਕਰਦਿਆਂ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨਾ ਜਾਰੀ ਰੱਖੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਮਰਾਨ ਖ਼ਾਨ ਦੀ ਪਾਰਟੀ ਨੂੰ ਵਿਦੇਸ਼ੀ ਫੰਡਿੰਗ 'ਤੇ ਜਵਾਬ ਦੇਣ ਦਾ ਮਿਲਿਆ ਆਖਰੀ ਮੌਕਾ
NEXT STORY