ਮੁੰਬਈ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ 14 ਅਪ੍ਰੈਲ ਨੂੰ ਦੋ ਬਾਈਕ ਸਵਾਰਾਂ ਨੇ ਕਈ ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ। ਉਥੇ ਹੀ ਹੁਣ ਸਲਮਾਨ ਘਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਕੁਝ ਹਫ਼ਤੇ ਬਾਅਦ ਹੀ ਲੰਡਨ ਪਹੁੰਚ ਗਏ। ਦਰਅਸਲ, ਹਾਲ ਹੀ 'ਚ ਸਲਮਾਨ ਨੇ ਬ੍ਰੈਂਟ ਨੌਰਥ ਹਲਕੇ ਤੋਂ ਯੂਕੇ ਦੇ ਸੰਸਦ ਮੈਂਬਰ ਬੈਰੀ ਗਾਰਡੀਨਰ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਬੈਰੀ ਗਾਰਡੀਨਰ ਨੇ ਐਕਸ (ਟਵਿੱਟਰ ਅਕਾਊਂਟ) 'ਤੇ ਵੈਂਬਲੇ ਸਟੇਡੀਅਮ 'ਚ ਸਲਮਾਨ ਨਾਲ ਖਿੱਚਵਾਈਆਂ ਗਈਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਲਮਾਨ ਅਤੇ ਬੈਰੀ ਗਾਰਡੀਨਰ ਵੈਂਬਲੇ ਸਟੇਡੀਅਮ ਦੇ ਅੰਦਰ ਖੜ੍ਹੇ ਹੋ ਕੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ । ਇਸ ਦੌਰਾਨ ਸਲਮਾਨ ਬਲੈਕ ਟੀ-ਸ਼ਰਟ, ਜੈਕੇਟ ਅਤੇ ਜੀਨਸ ਪਹਿਨੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਬੈਰੀ ਗਾਰਡੀਨਰ ਨੇ ਕੈਪਸ਼ਨ 'ਚ ਲਿਖਿਆ, ''ਟਾਈਗਰ ਜ਼ਿੰਦਾ ਹੈ ਅਤੇ ਲੰਡਨ 'ਚ ਹੈ। ਅੱਜ ਵੈਂਬਲੇ 'ਚ ਸਲਮਾਨ ਖ਼ਾਨ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ।'' ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਦੇ ਬਾਅਦ ਤੋਂ ਸਲਮਾਨ ਮੁੰਬਈ 'ਚ ਵੀ ਜਨਤਕ ਤੌਰ 'ਤੇ ਦੇਖੇ ਗਏ ਹਨ। ਪਿਛਲੇ ਹਫ਼ਤੇ, ਸਲਮਾਨ ਸੰਜੇ ਲੀਲਾ ਭੰਸਾਲੀ ਦੀ 'ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ' ਦੇ ਪ੍ਰੀਮੀਅਰ ਲਈ Y+ ਸੁਰੱਖਿਆ ਨਾਲ ਪਹੁੰਚੇ ਸਨ।

ਦੱਸਣਯੋਗ ਹੈ ਕਿ 14 ਅਪ੍ਰੈਲ ਨੂੰ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ ਸੀ। ਘਟਨਾ ਦੇ ਸਮੇਂ ਸਲਮਾਨ ਖ਼ਾਨ ਆਪਣੇ ਘਰ 'ਚ ਮੌਜੂਦ ਸਨ। ਬਾਈਕ 'ਤੇ ਸਵਾਰ ਦੋਵੇਂ ਮੁਲਜ਼ਮਾਂ ਨੇ ਕਈ ਰਾਊਂਡ ਫਾਇਰ ਕੀਤੇ। ਇਸ ਘਟਨਾ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਨੂੰ ਧਮਕੀ ਦੇ ਚੁੱਕੇ ਹਨ।

ਬਾਂਦਰਾ ’ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ’ਚ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੇ ਮਾਮਲੇ ’ਚ ਸਰਕਾਰੀ ਗਵਾਹ ਬਣਨ ਦੀ ਇੱਛਾ ਪ੍ਰਗਟਾਈ ਹੈ। ਮੁਲਜ਼ਮਾਂ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਸੂਤਰਾਂ ਨੇ ਦੱਸਿਆ ਕਿ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਅਨੁਸਾਰ, ਜਾਂਚ ਏਜੰਸੀ ਪਹਿਲਾਂ ਕਿਸੇ ਉੱਚ ਰੈਂਕ ਦੇ ਅਧਿਕਾਰੀ ਸਾਹਮਣੇ ਮੁਲਜ਼ਮ ਦਾ ਇਕਬਾਲੀਆ ਬਿਆਨ ਦਰਜ ਕਰੇਗੀ, ਜੋ ਚੱਲ ਰਹੀ ਜਾਂਚ ਦਾ ਹਿੱਸਾ ਨਹੀਂ ਹੈ ਅਤੇ ਬਾਅਦ ’ਚ ਉਸ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕੀਤਾ ਜਾਵੇਗਾ।

ਉਨ੍ਹਾਂ ਕਿਹਾ, ''ਇਕਬਾਲੀਆ ਬਿਆਨ ਸਬੂਤ ਦਾ ਹਿੱਸਾ ਹੋਵੇਗਾ ਅਤੇ ਇਸ ਦੀ ਵਰਤੋਂ ਉਸ ਦੇ ਨਾਲ-ਨਾਲ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਕੀਤੀ ਜਾਵੇਗੀ।'' ਸੋਮਵਾਰ ਨੂੰ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 3 ਮੁਲਜ਼ਮਾਂ ਨੂੰ 8 ਮਈ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ, ਜਦਕਿ ਚੌਥੇ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਚੀਨ ਦਾ ਨਵਾਂ ਕਦਮ, ਤੀਜੇ ਜਹਾਜ਼ ਕੈਰੀਅਰ ਦਾ ਸਮੁੰਦਰੀ ਪ੍ਰੀਖਣ ਕੀਤਾ ਸ਼ੁਰੂ
NEXT STORY