ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਵਜੋਂ ਪੂਰੀ ਤਰ੍ਹਾਂ ਇਲੈਕਟ੍ਰਿਕ ਡਬਲ-ਡੈਕਰ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ । 1.7 ਮਿਲੀਅਨ ਪੌਂਡ ਦਾ ਇਹ ਪ੍ਰੋਜੈਕਟ 2030 ਤੱਕ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਨ ਵੱਲ ਲਿਜਾਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਹ ਨਵੀਆਂ ਬੱਸਾਂ ਬ੍ਰਿਟੇਨ ਦੇ ਸਭ ਤੋਂ ਵੱਡੇ ਬੱਸ ਨਿਰਮਾਤਾ ਐਲਗਜ਼ੈਡਰ ਡੇਨੀਸ ਵੱਲੋਂ ਫਾਲਕਿਰਕ ਫੈਕਟਰੀ ਵਿਖੇ ਬਣਾਈਆਂ ਗਈਆਂ ਹਨ। ਇਹਨਾਂ ਬੱਸਾਂ ਵਿੱਚ ਇੱਕ ਸਮਾਰਟ ਮੈਨੇਜਮੈਂਟ ਪ੍ਰਣਾਲੀ ਹੈ, ਜੋ ਗ੍ਰੀਨ ਹਾਉਸ ਗੈਸਾਂ ਦੇ ਨਿਕਾਸ ਅਤੇ ਊਰਜਾ ਦੀ ਖਪਤ ਨੂੰ ਘੱਟ ਕਰਦੀ ਹੈ।
ਸ਼ੁਰੂਆਤੀ ਤੌਰ 'ਤੇ ਐਡਿਨਬਰਾ ਨੂੰ ਮਿਲੀਆਂ ਚਾਰ ਨਵੀਆਂ ਇਲੈਕਟ੍ਰਿਕ ਡਬਲ-ਡੈਕਰ ਬੱਸਾਂ ਨੂੰ ਰੂਟ 10 'ਤੇ ਚਲਾਇਆ ਜਾਵੇਗਾ, ਜੋ ਸ਼ਹਿਰ ਦੇ ਬਾਹਰਲੇ ਹਿੱਸਿਆਂ ਵੈਸਟਰਨ ਹਾਰਬਰ ਅਤੇ ਬੋਨਾਲੀ ਨੂੰ ਐਡਿਨਬਰਾ ਸ਼ਹਿਰ ਦੇ ਕੇਂਦਰ ਨਾਲ ਜੋੜਣਗੀਆਂ। ਇਹਨਾਂ ਬੱਸਾਂ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ ਟਰਾਂਸਪੋਰਟ ਮੰਤਰੀ ਗ੍ਰੇਮ ਡੇ ਅਨੁਸਾਰ ਸਕਾਟਲੈਂਡ ਵਿਸ਼ਵ 'ਚ ਜਲਵਾਯੂ ਐਮਰਜੈਂਸੀ ਐਲਾਨਣ ਵਾਲੇ ਦੁਨੀਆ ਦੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ ਅਤੇ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਨਾਲ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਵਚਨਬੱਧ ਹੈ। ਸਕਾਟਲੈਂਡ ਵਿੱਚ ਸ਼ੁਰੂ ਪੂਰੀ ਤਰ੍ਹਾਂ ਇਲੈਕਟ੍ਰਿਕ ਸੇਵਾ ਐਡਿਨਬਰਾ ਦੇ ਬੱਸ ਯਾਤਰੀਆਂ ਅਤੇ ਵਾਤਾਵਰਣ ਦੋਵਾਂ ਲਈ ਫਾਇਦੇਮੰਦ ਹੈ।
ਯੂਕੇ: ਪ੍ਰਿੰਸ ਫਿਲਿਪ ਦੀ ਯਾਦ 'ਚ ਨਵਾਂ 5 ਪੌਂਡ ਦਾ ਸਿੱਕਾ ਜਾਰੀ
NEXT STORY