ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨੀਮ ਫੌਜੀ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਵਰਕਰਾਂ ਨੇ ਇਸਲਾਮਾਬਾਦ ਵਿੱਚ ਪ੍ਰਦਰਸ਼ਨ ਅਤੇ ਹੰਗਾਮਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਪੁਲਸ ਨੇ ਸ਼ਹਿਰ ਵਿੱਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ। ਇਸਲਾਮਾਬਾਦ ਪੁਲਸ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ 'ਚ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ।
ਇਮਰਾਨ ਖਾਨ ਨੂੰ ਅਰਧ ਸੈਨਿਕ ਬਲਾਂ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ 'ਚ ਮੌਜੂਦ ਸਨ। ਇਸ ਤੋਂ ਇਕ ਦਿਨ ਪਹਿਲਾਂ ਖਾਨ ਨੇ ਦੇਸ਼ ਦੀ ਫੌਜ 'ਤੇ ਕਥਿਤ ਤੌਰ 'ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਫੌਜ ਨੇ ਦੋਸ਼ ਲਗਾਇਆ ਸੀ ਕਿ ਖਾਨ ਖੁਫੀਆ ਏਜੰਸੀ ਆਈਐੱਸਆਈ ਦੇ ਇਕ ਸੀਨੀਅਰ ਅਧਿਕਾਰੀ 'ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਪੁੰਛ 'ਚ ਖੱਡ 'ਚ ਡਿੱਗੀ BSF ਦੀ ਗੱਡੀ, ਇਕ ਜਵਾਨ ਸ਼ਹੀਦ, 6 ਜ਼ਖ਼ਮੀ
ਪਾਰਟੀ ਦੀ ਸੀਨੀਅਰ ਨੇਤਾ ਸ਼ੀਰੀਨ ਮਜ਼ਾਰੀ ਦੇ ਅਨੁਸਾਰ ਪੀਟੀਆਈ ਮੁਖੀ ਖਾਨ, ਜੋ ਲਾਹੌਰ ਤੋਂ ਸੰਘੀ ਰਾਜਧਾਨੀ ਇਸਲਾਮਾਬਾਦ ਪਹੁੰਚੇ ਸਨ, ਅਦਾਲਤ ਵਿੱਚ ਬਾਇਓਮੈਟ੍ਰਿਕ ਪ੍ਰਕਿਰਿਆ 'ਚੋਂ ਲੰਘ ਰਹੇ ਸਨ, ਜਦੋਂ ਅਰਧ ਸੈਨਿਕ ਬਲਾਂ ਨੇ ਸ਼ੀਸ਼ੇ ਦੀ ਖਿੜਕੀ ਤੋੜ ਦਿੱਤੀ ਤੇ ਵਕੀਲਾਂ ਅਤੇ ਖਾਨ ਦੇ ਸੁਰੱਖਿਆ ਕਰਮਚਾਰੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ (ਖਾਨ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੇ ਪੂਰੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਦੰਗੇ ਵਰਗੀ ਸਥਿਤੀ ਪੈਦਾ ਕਰ ਦਿੱਤੀ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਪੀਟੀਆਈ ਵਰਕਰਾਂ ਨੇ ਲਾਹੌਰ ਵਿੱਚ ਵੀ ਸੜਕਾਂ ਜਾਮ ਕੀਤੀਆਂ ਅਤੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਭਾਰਤੀ ਸਰਹੱਦ 'ਚ 10 ਮਿੰਟ ਠਹਿਰਿਆ ਰਿਹਾ ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼, ਜਾਣੋ ਵਜ੍ਹਾ
ਇਸਲਾਮਾਬਾਦ ਪੁਲਸ ਨੇ ਇੰਸਪੈਕਟਰ ਜਨਰਲ (ਆਈਜੀ) ਅਕਬਰ ਨਾਸਿਰ ਖਾਨ ਦੇ ਹਵਾਲੇ ਨਾਲ ਇਕ ਬਿਆਨ ਵਿਚ ਕਿਹਾ ਕਿ ਖਾਨ ਨੂੰ ਉਸ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਖਾਨ ਅਤੇ ਉਸ ਦੀ ਪਤਨੀ ਨੂੰ ਇਕ ਰੀਅਲ ਅਸਟੇਟ ਕੰਪਨੀ ਤੋਂ ਅਰਬਾਂ ਰੁਪਏ ਮਿਲੇ ਹਨ। ਪੁਲਸ ਮੁਖੀ ਨੇ ਇਹ ਵੀ ਕਿਹਾ ਕਿ ਇਸਲਾਮਾਬਾਦ ਵਿੱਚ ਸਥਿਤੀ 'ਆਮ' ਹੈ। ਉਨ੍ਹਾਂ ਕਿਹਾ ਕਿ ਸੰਘੀ ਰਾਜਧਾਨੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ ਅਤੇ ਚੀਨ CPEC ਨੂੰ ਅਫਗਾਨਿਸਤਾਨ ਤੱਕ ਵਧਾਉਣ 'ਤੇ ਹੋਏ ਸਹਿਮਤ
NEXT STORY