ਮੈਲਬੌਰਨ (ਆਸਟ੍ਰੇਲੀਆ) (AP) : ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਸਥਿਤ ਇੱਕ ਰਾਸ਼ਟਰੀ ਪਾਰਕ ਦੇ ਬੀਚ 'ਤੇ ਵੀਰਵਾਰ ਤੜਕੇ ਸਵੇਰ ਦੀ ਸੈਰ ਕਰ ਰਹੇ ਇੱਕ ਜੋੜੇ 'ਤੇ ਸ਼ਾਰਕ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸਦੇ ਸਾਥੀ ਨੂੰ ਗੰਭੀਰ ਜ਼ਖ਼ਮ ਆਏ ਹਨ। ਮਾਹਿਰਾਂ ਅਨੁਸਾਰ, ਕਿਸੇ ਇੱਕ ਸ਼ਾਰਕ ਦੁਆਰਾ ਇੱਕ ਤੋਂ ਵੱਧ ਵਿਅਕਤੀਆਂ 'ਤੇ ਹਮਲਾ ਕਰਨਾ ਬੇਹੱਦ ਘੱਟ ਹੁੰਦਾ ਹੈ।
ਕ੍ਰਾਊਡੀ ਬੇ ਨੈਸ਼ਨਲ ਪਾਰਕ ਵਿਖੇ ਵਾਪਰੀ ਘਟਨਾ
ਇਹ ਹਮਲਾ ਸਿਡਨੀ ਤੋਂ 360 ਕਿਲੋਮੀਟਰ ਉੱਤਰ ਵਿੱਚ ਸਥਿਤ ਕ੍ਰਾਊਡੀ ਬੇ ਨੈਸ਼ਨਲ ਪਾਰਕ ਦੇ ਕਾਇਲੀਜ਼ ਬੀਚ (Kylies Beach) ਵਿਖੇ ਸਵੇਰੇ 6:30 ਵਜੇ ਦੇ ਕਰੀਬ ਹੋਇਆ। ਪੁਲਸ ਚੀਫ਼ ਇੰਸਪ. ਟਿਮੋਥੀ ਬੇਲੀ ਨੇ ਦੱਸਿਆ ਕਿ ਦੋ ਲੋਕਾਂ ਨੂੰ ਸ਼ਾਰਕ ਦੁਆਰਾ ਵੱਢੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਕਾਇਲੀਜ਼ ਬੀਚ 'ਤੇ ਬੁਲਾਇਆ ਗਿਆ। ਪੁਲਸ ਨੇ ਪੀੜਤਾਂ ਦੀਆਂ ਸੱਟਾਂ ਜਾਂ ਹਮਲੇ ਦੇ ਹਾਲਾਤ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਤੈਰਨ ਲਈ ਗਏ ਸਨ ਜਦੋਂ ਸ਼ਾਰਕ ਨੇ ਹਮਲਾ ਕੀਤਾ। ਇਸ ਜੋੜੇ ਦੀ ਉਮਰ ਲਗਭਗ 20 ਸਾਲ ਦੇ ਨੇੜੇ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਜੋੜਾ ਯੂਰਪੀ ਸੈਲਾਨੀ ਸੀ, ਹਾਲਾਂਕਿ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।
ਰਾਹਗੀਰ ਦੀ ਦਲੇਰੀ ਨਾਲ ਬਚੀ ਜਾਨ
ਹਮਲੇ ਤੋਂ ਬਾਅਦ, ਇੱਕ ਰਾਹਗੀਰ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕੀਤੀ। ਹਾਲਾਂਕਿ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਪਰ ਰਾਹਗੀਰ ਦੀ ਮਦਦ ਸਦਕਾ ਵਿਅਕਤੀ ਦੀ ਜਾਨ ਬਚ ਗਈ। ਪੈਰਾਮੈਡਿਕ ਜੋਸ਼ ਸਮਿਥ ਨੇ ਦੱਸਿਆ ਕਿ ਰਾਹਗੀਰ ਨੇ ਜ਼ਖਮੀ ਮਰਦ ਦੀ ਲੱਤ 'ਤੇ ਇੱਕ ਅਸਥਾਈ ਟੂਰਨੀਕੇਟ (makeshift tourniquet) ਬੰਨ੍ਹਿਆ, ਜਿਸ ਨੇ ਸੰਭਾਵਤ ਤੌਰ 'ਤੇ ਉਸਦੀ ਜਾਨ ਬਚਾਈ ਅਤੇ ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਪੈਰਾਮੈਡਿਕਸ ਨੂੰ ਇਲਾਜ ਕਰਨ ਦਾ ਸਮਾਂ ਦਿੱਤਾ। ਜ਼ਖਮੀ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਪਰ ਸਥਿਰ ਹੈ। ਸਮਿਥ ਨੇ ਜ਼ੋਰ ਦੇ ਕੇ ਕਿਹਾ ਕਿ ਰਾਹਗੀਰ ਦੀ ਫਸਟ ਏਡ ਕਾਰਨ ਦੋਹਰਾ ਜਾਨੀ ਨੁਕਸਾਨ ਟਲ ਗਿਆ।
ਸ਼ਾਰਕ ਦੀ ਪਛਾਣ ਤੇ ਕਾਰਵਾਈ
ਰਾਜ ਸਰਕਾਰ ਦੇ ਇੱਕ ਬਿਆਨ ਅਨੁਸਾਰ, ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਜੋੜੇ 'ਤੇ ਇੱਕ ਵੱਡੀ 'ਬੁੱਲ ਸ਼ਾਰਕ' (large bull shark) ਨੇ ਹਮਲਾ ਕੀਤਾ ਸੀ। ਸ਼ਾਰਕ ਨੂੰ ਫੜਨ ਦੀ ਕੋਸ਼ਿਸ਼ ਵਿੱਚ ਕਾਇਲੀਜ਼ ਬੀਚ ਤੋਂ ਪੰਜ 'ਡਰੱਮਲਾਈਨਜ਼' (drumlines)- ਜੋ ਕਿ ਤਰਦੇ ਹੋਏ ਡੰਡਿਆਂ ਤੋਂ ਲਟਕਦੇ ਫਸਾਉਣ ਵਾਲੇ ਹੁੱਕ ਹੁੰਦੇ ਹਨ- ਲਗਾਏ ਗਏ ਹਨ। ਪੁਲਸ ਚੀਫ਼ ਇੰਸਪ. ਬੇਲੀ ਨੇ ਐਲਾਨ ਕੀਤਾ ਕਿ ਹਮਲੇ ਵਾਲੇ ਖੇਤਰ ਦੇ ਨਾਲ ਲੱਗਦੇ ਬੀਚਾਂ ਨੂੰ ਅਗਲੇ ਹੁਕਮਾਂ ਤੱਕ ਤੈਰਾਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਫਲੋਰੀਡਾ ਯੂਨੀਵਰਸਿਟੀ ਦੇ ਸ਼ਾਰਕ ਖੋਜ ਪ੍ਰੋਗਰਾਮ ਦੇ ਡਾਇਰੈਕਟਰ, ਗੈਵਿਨ ਨੇਲਰ ਨੇ ਕਿਹਾ ਕਿ ਇੱਕੋ ਸ਼ਾਰਕ ਦੁਆਰਾ ਦੋ ਲੋਕਾਂ 'ਤੇ ਹਮਲਾ ਕਰਨਾ "ਬਹੁਤ ਅਸਾਧਾਰਨ" ਹੈ।
ਦੇਸ਼ ਭਰ ਵਿੱਚ ਲੱਗ ਸਕਦੀ ਐਮਰਜੈਂਸੀ ! ਇਮਰਾਨ ਖਾਨ ਦੀ ਮੌਤ ਦੀਆਂ ਖਬਰਾਂ ਵਿਚਾਲੇ ਸੱਦੀ ਗਈ ਹਾਈ ਲੈਵਲ ਬੈਠਕ
NEXT STORY