ਨਿਊਯਾਰਕ— ਅਮਰੀਕਾ ਵਿਚ ਸ਼ਰਾਬ ਦੇ ਨਸ਼ੇ ਵਿਚ ਟੱਲੀ ਯਾਤਰੀਆਂ ਨੇ 25 ਸਾਲਾ ਸਿੱਖ ਕੈਬ ਡਰਾਈਵਰ ਨਾਲ ਕੁੱਟਮਾਰ ਕਰਕੇ ਉਸ ਦੀ ਪੱਗ ਲਾਹ ਦਿੱਤੀ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸੰਭਾਵਿਤ ਨਸਲੀ ਅਪਰਾਧ ਦੇ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਘਟਨਾ ਐਤਵਾਰ ਦੀ ਹੈ। ਪੀੜਤ ਹਰਕੀਰਤ ਸਿੰਘ ਤਿੰਨ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ। ਘਟਨਾ ਤੋਂ ਬਾਅਦ ਉਹ ਕਾਫੀ ਘਬਰਾਇਆ ਹੋਇਆ ਹੈ। ਹਰਕੀਰਤ ਨੇ ਇਕ ਅਖਬਾਰ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਉਹ ਬਹੁਤ ਘਬਰਾਇਆ ਹੋਇਆ ਹੈ ਅਤੇ ਹੁਣ ਇੱਥੇ ਕੰਮ ਨਹੀਂ ਕਰਨਾ ਚਾਹੁੰਦਾ। ਇਹ ਮੇਰੇ ਧਰਮ ਅਤੇ ਮੇਰੀ ਆਸਥਾ ਦਾ ਅਪਮਾਨ ਹੈ। ਇਹ ਬਹੁਤ ਭਿਆਨਕ ਹੈ।'
ਨਿਊਯਾਰਕ ਦੇ ਮੇਅਰ ਨੇ ਕੀਤਾ ਹਰਕੀਰਤ ਦਾ ਸਮਰਥਨ—
ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਹਰਕੀਰਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ 'ਹਰਕੀਰਤ ਇੱਥੇ ਤੁਹਾਡਾ ਸੁਆਗਤ ਹੈ। ਤੁਹਾਡੇ ਨਾਲ ਜੋ ਵੀ ਹੋਇਆ, ਉਹ ਗਲਤ ਸੀ। ਤੁਸੀਂ ਨਿਊਯਾਰਕ ਪੁਲਸ ਵਿਭਾਗ ਨੂੰ ਬੁਲਾ ਕੇ ਸਹੀ ਕੰਮ ਕੀਤਾ।'
ਹਰਕੀਰਤ ਨੇ ਦੱਸਿਆ ਕਿ ਐਤਵਾਰ ਨੂੰ ਮੈਡੀਸਨ ਸੁਕੇਅਰ ਗਾਰਡਨ ਤੋਂ ਸਵੇਰੇ ਪੰਜ ਵਜੇ ਦੇ ਕਰੀਬ ਤਿੰਨ ਲੜਕੇ ਅਤੇ ਇਕ ਲੜਕੀ ਉਸ ਦੀ ਕੈਬ ਵਿਚ ਸਵਾਰ ਹੋਏ। ਜਦੋਂ ਉਹ ਆਪਣੀ ਮੰਜ਼ਿਲ 'ਤੇ ਪਹੁੰਚੇ ਤਾਂ ਕਹਿਣ ਲੱਗੇ ਕਿ ਉਹ ਉਨ੍ਹਾਂ ਨੂੰ ਗਲਤ ਪਤੇ 'ਤੇ ਲੈ ਕੇ ਆਇਆ ਹੈ। ਚਾਰਾਂ ਨੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਸੀ। ਉਹ ਹਰਕੀਰਤ ਨੂੰ ਗਾਲ੍ਹਾਂ ਕੱਢਣ ਲੱਗੇ ਅਤੇ ਉਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਫਿਰ ਹਕੀਰਤ ਦੇ ਸਿਰ ਤੋਂ ਪੱਗ ਖਿੱਚ ਲਈ। ਉਨ੍ਹਾਂ ਨੇ ਹਰਕੀਰਤ ਦਾ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ।
ਇੱਥੇ ਦੱਸ ਦੇਈਏ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਨ੍ਹਾਂ ਘਟਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਭਾਈਚਾਰੇ ਦੇ ਲੋਕਾਂ ਨੇ ਬੀਤੇ ਹਫਤੇ ਹੀ ਇੱਥੇ ਇਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਹਾਲ ਹੀ ਵਿਚ ਅਮਰੀਕਾ ਦੇ ਟਾਈਮਜ਼ ਸੁਕੇਅਰ ਵਿਖੇ ਵੀ ਸਿੱਖਾਂ ਨੇ 8000 ਲੋਕਾਂ ਨੂੰ ਪੱਗਾਂ ਪਹਿਨਾਅ ਕੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਪਰ ਇਸ ਦੇ ਬਾਵਜੂਦ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਚਿੰਤਾ ਦਾ ਵਿਸ਼ਾ ਹੈ।
ਵਿਆਹ ਕਰਵਾਉਣ ਜਾ ਰਹੇ ਜੋੜੇ ਨੂੰ ਜ਼ਬਰਦਸਤੀ ਜਹਾਜ਼ ਤੋਂ ਉਤਾਰਿਆ
NEXT STORY