ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਰਾਸ਼ਟਰਵਾਦੀ ਪਾਰਟੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਸਿੰਧ ਨੂੰ ਵੰਡਣ ਜਾਂ ਨਵੇਂ ਸੂਬੇ ਬਣਾਉਣ ਦੀ ਕਿਸੇ ਵੀ ਤਜਵੀਜ਼ 'ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਪੂਰੇ ਸੂਬੇ 'ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਆਗੂਆਂ ਨੇ ਇਸ ਮੁੱਦੇ 'ਤੇ ਰੈਫਰੈਂਡਮ ਕਰਵਾਉਣ ਦੇ ਵਿਚਾਰ ਨੂੰ ਵੀ ਸਿਰੇ ਤੋਂ ਰੱਦ ਕਰ ਦਿੱਤਾ ਹੈ।
ਐਤਵਾਰ ਨੂੰ 'ਜੀਏ ਸਿੰਧ ਰਹਿਬਰ ਕਮੇਟੀ' ਵੱਲੋਂ ਕਰਾਚੀ 'ਚ ਡਰਿੱਗ ਰੋਡ ਤੋਂ ਮੈਟਰੋਪੋਲ ਤੱਕ ਇੱਕ ਵਿਸ਼ਾਲ ਰੈਲੀ ਕੱਢੀ ਗਈ, ਜਿਸ ਵਿੱਚ ਰਾਸ਼ਟਰਵਾਦੀ ਆਗੂਆਂ, ਵਕੀਲਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਡਾ. ਨਿਆਜ਼ ਕਲਾਨੀ, ਰਿਆਜ਼ ਚਾਂਡੀਓ ਅਤੇ ਵਕੀਲ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਸਿੰਧ ਦੀ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੀਆਂ ਮੌਜੂਦਾ ਹੱਦਾਂ ਵਿੱਚ ਕੋਈ ਵੀ ਤਬਦੀਲੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਰਾਏਸ਼ੁਮਾਰੀ ਦੀ ਵਰਤੋਂ ਪਹਿਲਾਂ ਤੋਂ ਤੈਅ ਸਿਆਸੀ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਜਾ ਸਕਦੀ ਹੈ।
ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਸਿੰਧ ਦੀ ਵੰਡ ਦਾ ਵਿਰੋਧ ਕਿਸੇ ਵੀ ਨਸਲੀ ਜਾਂ ਭਾਸ਼ਾਈ ਭਾਈਚਾਰੇ ਦੇ ਖ਼ਿਲਾਫ਼ ਨਹੀਂ ਹੈ। ਉਨ੍ਹਾਂ ਉਰਦੂ-ਭਾਸ਼ੀ ਵਸਨੀਕਾਂ ਸਮੇਤ ਸਾਰੇ ਭਾਈਚਾਰਿਆਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਕੁਝ ਸਿਆਸੀ ਧਿਰਾਂ 'ਤੇ ਆਪਣੇ ਸਵਾਰਥਾਂ ਲਈ ਭਾਸ਼ਾਈ ਵਖਰੇਵੇਂ ਭੜਕਾਉਣ ਦਾ ਦੋਸ਼ ਲਾਇਆ। ਸੂਫ਼ੀ ਸ਼ਾਇਰ ਸ਼ਾਹ ਅਬਦੁਲ ਲਤੀਫ਼ ਭਿਟਾਈ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਸੂਬੇ ਦੀ ਖ਼ੁਦਮੁਖ਼ਤਿਆਰੀ ਦੀ ਰਾਖੀ ਲਈ ਸੰਵਿਧਾਨਕ, ਕਾਨੂੰਨੀ ਅਤੇ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਦੱਖਣੀ ਚੀਨ ਸਾਗਰ 'ਤੇ ਚੀਨ ਤੇ ਆਸੀਆਨ ਦੇਸ਼ਾਂ ਵਿਚਕਾਰ ਆਚਾਰ ਸੰਹਿਤਾ 'ਤੇ ਗੱਲਬਾਤ ਅਧੂਰੀ
NEXT STORY