ਵਾਸ਼ਿੰਗਟਨ (ਵਾਰਤਾ): ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਤੋਂ ਬਾਅਦ ਹੁਣ 'ਹੋਰਮੁਜ਼ ਜਲਡਮਰੂਮੱਧ' ਖੁੱਲ੍ਹਣ ਦੀ ਆਸ ਬੱਝੀ ਹੈ। ਇਸ ਦੌਰਾਨ ਹੋਰਮੁਜ਼ ਤੋਂ ਲੰਘਣ ਲਈ ਦਿੱਤੇ ਜਾਣ ਵਾਲੇ ਸੰਭਾਵਿਤ ਭੁਗਤਾਨ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਯੂਨਾਨ (Greece) ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕਿਸ ਨੇ ਇਸ ਸਬੰਧੀ ਸਖ਼ਤ ਰੁਖ਼ ਅਪਣਾਉਂਦਿਆਂ ਚੇਤਾਵਨੀ ਜਾਰੀ ਕੀਤੀ ਹੈ।
ਮਿਤਸੋਤਾਕਿਸ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਹੋਰਮੁਜ਼ ਜਲਡਮਰੂਮੱਧ ਰਾਹੀਂ ਜਹਾਜ਼ਾਂ ਦੇ ਗੁਜ਼ਰਨ ਲਈ ਈਰਾਨ ਨੂੰ ਕੋਈ ਵੀ ਭੁਗਤਾਨ ਕਰਨਾ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਅਜਿਹਾ ਕੋਈ ਸਮਝੌਤਾ ਹੁੰਦਾ ਹੈ, ਤਾਂ ਇਹ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਲਈ ਇੱਕ ਬੇਹੱਦ ਖ਼ਤਰਨਾਕ ਮਿਸਾਲ ਸਾਬਤ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਹੋਰਮੁਜ਼ 'ਚ ਈਰਾਨ ਨੇ ਵਿਛਾ 'ਤੀਆਂ ਬਾਰੂਦੀ ਸੁਰੰਗਾਂ! ਜੰਗਬੰਦੀ ਦਰਮਿਆਨ ਜਹਾਜ਼ਾਂ ਲਈ ਵਧਿਆ ਖ਼ਤਰਾ
ਜ਼ਿਕਰਯੋਗ ਹੈ ਕਿਈਰਾਨ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤੇ ਹੋਮੁਰਜ਼ ਜਲਡਮਰੂਮੱਧ ਤੋਂ ਲੰਘਣ ਵਾਲੇ ਤੇਲ ਟੈਂਕਰਾਂ ਅਤੇ ਵਪਾਰਕ ਜਹਾਜ਼ਾਂ 'ਤੇ 'ਟ੍ਰਾਂਜ਼ਿਟ ਟੈਕਸ' ਲਗਾਉਣ ਦਾ ਐਲਾਨ ਕੀਤਾ ਹੈ। ਈਰਾਨ ਦੇ ਇਸ ਕਦਮ ਨੇ ਵਿਸ਼ਵ ਅਰਥਵਿਵਸਥਾ ਅਤੇ ਸਮੁੰਦਰੀ ਸੁਰੱਖਿਆ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਈਰਾਨੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਨਵੇਂ ਫ਼ਰਮਾਨ ਅਨੁਸਾਰ ਹੋਮੁਰਜ਼ ਰਾਹੀਂ ਲੰਘਣ ਵਾਲੇ ਹਰ ਤੇਲ ਟੈਂਕਰ ਨੂੰ 1 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਫੀਸ ਦੇਣੀ ਪਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਈਰਾਨ ਨੇ ਇਹ ਭੁਗਤਾਨ ਬਿਟਕੁਆਇਨ (Bitcoin) ਜਾਂ ਹੋਰ ਕ੍ਰਿਪਟੋਕਰੰਸੀ ਵਿੱਚ ਮੰਗਿਆ ਹੈ, ਤਾਂ ਜੋ ਅਮਰੀਕੀ ਬੈਂਕਿੰਗ ਪਾਬੰਦੀਆਂ ਤੋਂ ਬਚਿਆ ਜਾ ਸਕੇ। ਅਨੁਮਾਨ ਹੈ ਕਿ ਇਸ ਟੈਕਸ ਰਾਹੀਂ ਈਰਾਨ ਸਾਲਾਨਾ 70 ਤੋਂ 80 ਅਰਬ ਡਾਲਰ ਦੀ ਕਮਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਯੂਨਾਨ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਮੰਗ ਕੀਤੀ ਹੈ ਕਿ ਲੇਬਨਾਨ ਵਿੱਚ ਚੱਲ ਰਹੇ ਸੰਘਰਸ਼ ਦੀ ਜੰਗਬੰਦੀ ਵੀ ਅਮਰੀਕਾ, ਈਰਾਨ ਅਤੇ ਇਜ਼ਰਾਈਲ ਵਿਚਾਲੇ ਹੋਣ ਵਾਲੇ ਸ਼ਾਂਤੀ ਸਮਝੌਤੇ ਦਾ ਲਾਜ਼ਮੀ ਹਿੱਸਾ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਖੇਤਰ ਵਿੱਚ ਸਥਾਈ ਸ਼ਾਂਤੀ ਲਈ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਰਾਤ ਨੂੰ ਈਰਾਨ ਨਾਲ ਦੋ ਹਫ਼ਤਿਆਂ ਦੀ ਦੁਵੱਲੀ ਜੰਗਬੰਦੀ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਈਰਾਨ ਹੋਰਮੁਜ਼ ਜਲਡਮਰੂਮੱਧ ਨੂੰ ਖੋਲ੍ਹਣ ਲਈ ਵੀ ਰਾਜ਼ੀ ਹੋ ਗਿਆ ਹੈ। ਇਸ ਦੇ ਜਵਾਬ ਵਿੱਚ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਪੁਸ਼ਟੀ ਕੀਤੀ ਹੈ ਕਿ ਤੇਹਰਾਨ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਅਮਰੀਕਾ ਨਾਲ ਅਧਿਕਾਰਤ ਗੱਲਬਾਤ ਸ਼ੁਰੂ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਸਖ਼ਤੀ, ਯੂਰਪ ਦੇ ਇਸ ਦੇਸ਼ 'ਚ ਵੱਡਾ ਐਲਾਨ
NEXT STORY