ਵਿਨੀਪੈੱਗ— ਕੈਨੇਡਾ ਦੇ ਵਿਨੀਪੈੱਗ ਵਿਚ ਪੰਜ ਮਹੀਨਿਆਂ ਦੀ ਬੱਚੀ, ਜਿਸ ਦਾ ਦਿਮਾਗ ਖੋਪੜੀ ਤੋਂ ਬਾਹਰ ਵਿਕਸਿਤ ਹੋ ਰਿਹਾ ਸੀ, ਦਾ ਸਫਲ ਆਪ੍ਰੇਸ਼ਨ ਕਰ ਦਿੱਤਾ ਗਿਆ। ਇਸ ਸੀਰੀਆਈ ਬੱਚੀ ਇਬਰਾਰ ਦਾ ਪਰਿਵਾਰ ਇਕ ਸਾਲ ਪਹਿਲਾਂ ਹੀ ਕੈਨੇਡਾ ਵਿਚ ਸ਼ਰਨ ਲੈਣ ਲਈ ਆਇਆ ਸੀ। ਇਬਰਾਰ ਦੀ ਮਾਂ ਸਫਾ ਜਦੋਂ 6 ਮਹੀਨਿਆਂ ਦੀ ਗਰਭਵਤੀ ਸੀ ਤਾਂ ਉਸ ਸਮੇਂ ਹੀ ਡਾਕਟਰਾਂ ਨੇ ਉਸ ਨੂੰ ਬੱਚੀ ਦੀ ਹਾਲਤ ਬਾਰੇ ਦੱਸ ਦਿੱਤਾ ਸੀ ਅਤੇ ਕਿਹਾ ਸੀ ਕਿ ਜਨਮ ਤੋਂ ਬਾਅਦ ਉਸ ਦੇ ਬਚਣ ਦੀ ਜ਼ਿਆਦਾ ਉਮੀਦ ਨਹੀਂ ਹੈ, ਇਸ ਲਈ ਉਹ ਬੱਚੀ ਨੂੰ ਜਨਮ ਨਾ ਦੇਵੇ। ਪਰ ਸਫਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਬੱਚੀ ਨੂੰ ਰੱਬ ਦਾ ਤੋਹਫਾ ਸਮਝ ਕੇ ਰੱਖੇਗੀ।
ਇਬਰਾਰ ਦੇ ਪਿਤਾ, ਜੋ ਕਿ ਤੁਰਕੀ ਤੋਂ ਹੈ, ਨੂੰ ਅਜੇ ਤੱਕ ਕੈਨੇਡਾ ਵਿਚ ਸ਼ਰਨਾਰਥੀ ਦਾ ਦਰਜਾ ਨਹੀਂ ਮਿਲਿਆ ਹੈ ਅਤੇ ਉਹ ਇਬਰਾਰ ਦੇ ਇਲਾਜ ਲਈ ਵੀਜ਼ੇ 'ਤੇ ਆਇਆ ਹੈ। ਪਰਿਵਾਰ ਨੇ ਆਪਣੇ ਉਪਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਕਾਰਨ ਸੀਰੀਆ ਵਿਚ ਰਹਿੰਦੇ ਉਨ੍ਹਾਂ ਦੇ ਬਾਕੀ ਪਰਿਵਾਰ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਇਬਰਾਰ ਦੀ ਮਾਂ ਸਫਾ ਨੇ ਦੱਸਿਆ ਕਿ ਬੱਚੀ ਦੀ ਇਸ ਬੀਮਾਰੀ ਕਰਕੇ ਉਸ ਨੂੰ ਰੋਜ਼ਾਨਾ ਉਸ ਨੂੰ ਨਹਾਉਣ ਤੋਂ ਲੈ ਕੇ ਕੱਪੜੇ ਬਦਲਣ ਤੱਕ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਉਸ ਦੀ ਬੱਚੀ ਇਸ ਤੋਂ ਕਿਤੇ ਜ਼ਿਆਦਾ ਸੰਘਰਸ਼ ਕਰ ਰਹੀ ਸੀ। ਆਪ੍ਰੇਸ਼ਨ ਵਿਚ ਬੱਚੀ ਦੇ ਬਚਣ ਦੀ ਉਮੀਦ 50-50 ਸੀ ਪਰ ਸਫਾ ਨੇ ਡਾਕਟਰਾਂ ਨੂੰ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਨੂੰ ਕਿਹਾ ਤਾਂ ਜੋ ਉਹ ਅੱਗੇ ਵਧੀਆ ਜੀਵਨ ਬਤੀਤ ਕਰ ਸਕੇ। 9 ਘੰਟਿਆਂ ਤੱਕ ਚੱਲੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਇਬਰਾਰ ਦਾ ਦਿਮਾਗ ਉਸ ਦੀ ਖੋਪੜੀ ਵਿਚ ਰੱਖ ਦਿੱਤਾ। ਹੁਣ ਉਹ ਬਿਲਕੁਲ ਠੀਕ ਹੈ। ਫਿਲਹਾਲ ਉਸ ਨੂੰ ਡਾਕਟਰਾਂ ਦੀ ਸਖਤ ਨਿਗਰਾਨੀ ਅਤੇ ਮਸ਼ੀਨਾਂ ਵਿਚ ਰੱਖਿਆ ਹੋਇਆ ਹੈ।
ਅਮਰੀਕਾ 'ਚ ਟਰੰਪ ਅਤੇ ਮੋਦੀ ਦੀ ਹੋਵੇਗੀ ਮੁਲਾਕਾਤ, ਇਹ ਹੋਣਗੇ ਚਰਚਾ ਦੇ ਮੁੱਖ ਮੁੱਦੇ
NEXT STORY