ਕਾਬੁਲ (ਏ.ਐੱਨ.ਆਈ.): ਤਾਲਿਬਾਨ ਨੇ ਐਤਵਾਰ ਨੂੰ ਅਫਗਾਨਿਸਤਾਨ ਦੇ ਸੈਂਟਰਲ ਬੈਂਕ (ਦਾ ਅਫਗਾਨਿਸਤਾਨ ਬੈਂਕ) ਤੋਂ 1.8 ਕਰੋੜ ਡਾਲਰ (135 ਕਰੋੜ ਰੁਪਏ) ਵਿੱਤ ਮੰਤਰਾਲੇ ਨੂੰ ਟਰਾਂਸਫਰ ਕਰ ਦਿੱਤੇ। ਖਾਮਾ ਪ੍ਰੈੱਸ ਨੇ ਸੈਂਟਰਲ ਬੈਂਕ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਦੱਸਿਆ,''ਇਹ ਰਾਸ਼ੀ ਕਾਬੁਲ, ਪੰਜਸ਼ੀਰ ਅਤੇ ਲੋਗਰ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੇ ਅਧਿਕਾਰੀਆਂ ਤੋਂ ਜ਼ਬਤ ਕੀਤੀ ਗਈ ਸੀ। ਇਸ ਵਿਚ ਭਾਰੀ ਮਾਤਰਾ ਵਿਚ ਸੋਨਾ ਵੀ ਜ਼ਬਤ ਕੀਤਾ ਗਿਆ ਹੈ।''
ਇਸ ਤੋਂ ਪਹਿਲਾਂ ਤਾਲਿਬਾਨ ਨੇ ਸਾਬਕਾ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਦੇ ਘਰੋਂ 6.5 ਮਿਲੀਅਨ ਤੋਂ ਵੱਧ ਅਮਰੀਕੀ ਡਾਲਰ ਅਤੇ 18 ਸੋਨੇ ਦੀਆਂ ਇੱਟਾਂ ਜ਼ਬਤ ਕੀਤੀਆਂ ਸਨ।ਰਿਪੋਰਟ ਮੁਤਾਬਕ ਜ਼ਬਤ ਕੀਤੀ ਗਈ ਰਾਸ਼ੀ ਅਫਗਾਨਿਸਤਾਨ ਬੈਂਕ ਵਿਚ ਰੱਖੀ ਗਈ ਸੀ। ਇਸ ਨੂੰ ਹੁਣ ਵਿੱਤ ਮੰਤਰਾਲੇ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਬਿਆਨ ਮੁਤਾਬਕ ਇਸ ਵਿਚ 1.59 ਕਰੋੜ ਤੋਂ ਵੱਧ ਅਮਰੀਕੀ ਡਾਲਰ, 8.61 ਕਰੋੜ ਤੋਂ ਵੱਧ ਏ.ਐੱਫ.ਐੱਸ., 7,450 ਯੂਰੋ, 30,050 ਭਾਰਤੀ ਰੁਪਏ ਅਤੇ 300 ਯੂ.ਏ.ਈ. ਦਿਰਹਮ ਸ਼ਾਮਲ ਹਨ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿਚ ਸੋਨਾ ਵੀ ਜ਼ਬਤ ਕੀਤਾ ਗਿਆ ਹੈ ਅਤੇ ਹੁਣ ਇਸ ਨੂੰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ US ਨੂੰ ਚਿਤਾਵਨੀ, ਨਵੀਂ ਅਫਗਾਨ ਸਰਕਾਰ ਨੂੰ 'ਅਸਥਿਰ' ਕਰਨ ਦੀ ਨਾ ਕਰੇ ਕੋਸ਼ਿਸ਼
ਗੌਰਤਲਬ ਹੈ ਕਿ ਅਗਸਤ ਵਿੱਚ ਕਾਬੁਲ ਦੇ ਕਬਜ਼ੇ ਤੋਂ ਬਾਅਦ ਕਤਰ ਵਿੱਚ ਪਹਿਲੀ ਵਿਅਕਤੀਗਤ ਬੈਠਕ ਦੌਰਾਨ ਤਾਲਿਬਾਨ ਨੇ ਸੰਯੁਕਤ ਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਭੰਡਾਰ ਨੂੰ ਮੁਕਤ ਕਰੇ। ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਦੋਹਾਂ ਧਿਰਾਂ ਨੇ ਸ਼ਨੀਵਾਰ ਨੂੰ ਦੋਹਾ ਵਿੱਚ ਆਪਣੀ ਪਹਿਲੀ ਮੀਟਿੰਗ ਕੀਤੀ। ਅਗਸਤ ਦੇ ਅੱਧ ਵਿਚ ਅਫਗਾਨਿਸਤਾਨ ਤੋਂ ਅਮਰੀਕਾ ਦੇ ਹਟਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ।
ਤਾਲਿਬਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਜੁੜਨਾ ਚਾਹੁੰਦੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਇੱਕ ਦੂਜੇ ਨਾਲ ਚੰਗੇ ਸਕਾਰਾਤਮਕ ਸਬੰਧ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੁਤਾਕੀ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਿਸੇ ਨੂੰ ਵੀ ਅਫਗਾਨਿਸਤਾਨ ਦੀ ਮੌਜੂਦਾ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਦੇ ਹਵਾਈ ’ਚ ਆਇਆ 6.1 ਤੀਬਰਤਾ ਦਾ ਭੂਚਾਲ, ਘਰਾਂ ’ਚੋਂ ਬਾਹਰ ਨਿਕਲੇ ਲੋਕ
NEXT STORY