ਇੰਟਰਨੈਸ਼ਨਲ ਡੈਸਕ– ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਹੈਲੀਕਾਪਟਰ ਹਾਦਸੇ ਤੋਂ ਬਾਅਦ ਵੀ ਘੰਟਿਆਂ ਤੱਕ ਲਾਪਤਾ ਹਨ। ਐਤਵਾਰ ਸ਼ਾਮ ਨੂੰ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ’ਚ ਰਾਇਸੀ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਈਰਾਨੀ ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਹਨੇਰੇ ’ਚ ਹੈਲੀਕਾਪਟਰ ਦੀ ਭਾਲ ਕਰ ਹੀਆਂ ਹਨ ਪਰ ਅਜੇ ਤੱਕ ਇਸ ’ਚ ਸਫ਼ਲਤਾ ਨਹੀਂ ਮਿਲੀ ਹੈ। ਹੈਲੀਕਾਪਟਰ ’ਚ ਸਵਾਰ ਲੋਕਾਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਈਰਾਨੀ ਸਮਾਚਾਰ ਏਜੰਸੀ IRNA ਦੇ ਅਨੁਸਾਰ ਰਾਇਸੀ ਦੇ ਨਾਲ ਹੈਲੀਕਾਪਟਰ ’ਚ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ ਅਬਦੁੱਲਾਯਾਨ ਤੇ ਪੂਰਬੀ ਅਜ਼ਰਬਾਈਜਾਨ ਦੇ ਗਵਰਨਰ ਮਲਿਕ ਰਹਿਮਤੀ ਸਮੇਤ ਹੋਰ ਲੋਕ ਵੀ ਸਨ। ਪਹਾੜੀ ਇਲਾਕਾ ਤੇ ਖ਼ਰਾਬ ਮੌਸਮ ਕਾਰਨ ਬਚਾਅ ਦਲ ਨੂੰ ਮੁਹਿੰਮ ਚਲਾਉਣ ’ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਰਾਨ ਨੇ ਦੱਸਿਆ ‘ਹਾਰਡ ਲੈਂਡਿੰਗ’
ਈਰਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਇਬਰਾਹਿਮ ਰਾਇਸੀ ਐਤਵਾਰ ਨੂੰ ਅਜ਼ਰਬਾਈਜਾਨ ਨਾਲ ਲੱਗਦੀ ਸਰਹੱਦ ’ਤੇ ਇਕ ਡੈਮ ਦਾ ਉਦਘਾਟਨ ਕਰਨ ਗਏ ਸਨ। ਇਸ ਸਮਾਰੋਹ ’ਚ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਤੋਂ ਪਰਤਦੇ ਸਮੇਂ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਵਰਜਾਕਾਨ ਖ਼ੇਤਰ ’ਚ ਲੈਂਡਿੰਗ ਦੌਰਾਨ ਰਾਇਸੀ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਹੀਦੀ ਨੇ ਸਰਕਾਰੀ ਟੀ. ਵੀ. ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਹੈਲੀਕਾਪਟਰ ਨੇ ਹਾਰਡ ਲੈਂਡਿੰਗ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਮਾਸੀ ਦੇ ਨਾਬਾਲਗ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭੈਣ ਨਾਲ ਕੀਤਾ ਜਬਰ-ਜ਼ਿਨਾਹ
ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਹੈਲੀਕਾਪਟਰ ਦਾ ਪਤਾ ਨਹੀਂ ਲੱਗਾ
ਰਾਸ਼ਟਰਪਤੀ ਦੇ ਹੈਲੀਕਾਪਟਰ ਦੀ ਭਾਲ ਲਈ ਦਰਜਨਾਂ ਬਚਾਅ ਟੀਮਾਂ ਨੂੰ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹੈਲੀਕਾਪਟਰ ’ਚ ਸਵਾਰ 2 ਲੋਕਾਂ ਨਾਲ ਸੰਪਰਕ ਸਥਾਪਿਤ ਕਰ ਲਿਆ ਹੈ ਪਰ ਕਈ ਘੰਟਿਆਂ ਦੀ ਕਾਰਵਾਈ ਤੋਂ ਬਾਅਦ ਵੀ ਬਚਾਅ ਟੀਮ ਕ੍ਰੈਸ਼ ਹੋਏ ਹੈਲੀਕਾਪਟਰ ਤੱਕ ਨਹੀਂ ਪਹੁੰਚ ਸਕੀ ਹੈ। ਈਰਾਨ ਦੀ ਰੈੱਡ ਕ੍ਰੀਸੈਂਟ ਸੁਸਾਇਟੀ ਨੇ ਦੱਸਿਆ ਕਿ ਇਹ ਇਲਾਕਾ ਪਹਾੜੀ ਹੈ ਤੇ ਮੌਸਮ ਵੀ ਬਹੁਤ ਖ਼ਰਾਬ ਹੈ, ਜਿਸ ਕਾਰਨ ਬਚਾਅ ਦਲ ਨੂੰ ਆਪ੍ਰੇਸ਼ਨ ਨੂੰ ਅੰਜਾਮ ਦੇਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈੱਡ ਕ੍ਰੀਸੈਂਟ ਨੇ ਕਿਹਾ ਕਿ ਪੂਰਬੀ ਅਜ਼ਰਬਾਈਜਾਨ, ਤਹਿਰਾਨ, ਅਲਬੋਰਜ਼, ਅਰਦਾਬਿਲ, ਜ਼ੰਜਾਨ ਤੇ ਪੱਛਮੀ ਅਜ਼ਰਬਾਈਜਾਨ ਸੂਬਿਆਂ ਤੋਂ 46 ਬਚਾਅ ਤੇ ਖੋਜ ਟੀਮਾਂ ਨੂੰ ਮੁਹਿੰਮ ’ਚ ਮਦਦ ਲਈ ਭੇਜਿਆ ਗਿਆ ਹੈ।
ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਸਥਾਨ ਦੀ ਪਛਾਣ
ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਐਤਵਾਰ ਦੇਰ ਰਾਤ ਐਲਾਨ ਕੀਤਾ ਕਿ ਉਨ੍ਹਾਂ ਨੇ ਹੈਲੀਕਾਪਟਰ ਦੇ ਸਿਗਨਲ ਤੇ ਇਸ ਦੇ ਚਾਲਕ ਦਲ ਦੇ ਇਕ ਫੋਨ ਤੋਂ ਸਹੀ ਸਥਿਤੀ ਦਾ ਪਤਾ ਲਗਾਇਆ ਹੈ। ਰੈੱਡ ਕ੍ਰੀਸੈਂਟ ਸੁਸਾਇਟੀ ਦੇ ਮੁਖੀ ਪੀਰ ਹੁਸੈਨ ਕੁਲੀਵੰਦ ਨੇ ਕਿਹਾ ਕਿ ਬਚਾਅ ਦਲਾਂ ਨੇ ਖੋਜ ਕਾਰਜਾਂ ਲਈ ਡਰੋਨ ਦੀ ਵਰਤੋਂ ਵੀ ਕੀਤੀ ਪਰ ਮੌਸਮ ਦੀ ਸਥਿਤੀ ਨੇ ਹਵਾਈ ਖੋਜ ਨੂੰ ਅਸੰਭਵ ਬਣਾ ਦਿੱਤਾ। ਇਲਾਕੇ ’ਚ ਪਹੁੰਚ ਕੇ ਬਚਾਅ ਟੀਮਾਂ ਨੇ ਦੇਖਿਆ ਕਿ ਵਾਹਨਾਂ ਦਾ ਅੱਗੇ ਵਧਣਾ ਮੁਸ਼ਕਿਲ ਹੈ, ਜਿਸ ਤੋਂ ਬਾਅਦ ਟੀਮ ਪੈਦਲ ਹੀ ਅੱਗੇ ਵਧੀ।
ਈਰਾਨ ਦੇ ਸਥਾਨਕ ਮੀਡੀਆ ਦੇ ਅਨੁਸਾਰ, ਮੰਨਿਆ ਜਾਂਦਾ ਹੈ ਕਿ ਹਾਦਸਾ ਪੂਰਬੀ ਅਜ਼ਰਬਾਈਜਾਨ ਦੇ ਉਜ਼ੀ ਤੇ ਪੀਰ ਦਾਉਦ ਪਿੰਡਾਂ ਦੇ ਬੀਜ ਡਿਜ਼ਮਾਰ ਖ਼ੇਤਰ ’ਚ ਹੈ, ਜੋ ਕਿ ਇਕ ਜੰਗਲੀ ਖ਼ੇਤਰ ਹੈ। ਇਲਾਕੇ ’ਚ ਕਾਫ਼ੀ ਧੁੰਦ ਹੈ, ਜਿਸ ਕਾਰਨ ਬਚਾਅ ਕਾਰਜ ਮੁਸ਼ਕਿਲ ਹੋ ਰਿਹਾ ਹੈ। ਈਰਾਨ ਦੇ ਸਿਹਤ ਮੰਤਰੀ ਬਹਿਰਾਮ ਐਨੋਲਾਹੀ ਨੇ ਐਤਵਾਰ ਨੂੰ ਕਿਹਾ ਕਿ ਹਾਦਸੇ ਵਾਲੀ ਥਾਂ ’ਤੇ ਸੰਘਣੀ ਧੁੰਦ ਹੈ, ਜਿਸ ਕਾਰਨ ਬਚਾਅ ਕਰਮਚਾਰੀਆਂ ਲਈ ਖੋਜ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਰਾਇਸੀ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ
ਰਾਇਸੀ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਸਰਕਾਰੀ ਟੈਲੀਵਿਜ਼ਨ ਨੇ ਈਰਾਨੀ ਲੋਕਾਂ ਨੂੰ ਰਾਸ਼ਟਰਪਤੀ ਤੇ ਉਨ੍ਹਾਂ ਦੇ ਸਾਥੀਆਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਵੀ ਰਾਸ਼ਟਰਪਤੀ ਦੀ ਵਾਪਸੀ ਲਈ ਦੁਆਵਾਂ ਦੀ ਅਪੀਲ ਕਰਦਿਆਂ ਕਿਹਾ, ‘‘ਹਰ ਕਿਸੇ ਨੂੰ ਇਨ੍ਹਾਂ ਲੋਕਾਂ ਦੀ ਸਿਹਤ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਜੋ ਈਰਾਨ ਦੀ ਸੇਵਾ ਕਰ ਰਹੇ ਹਨ। ਈਰਾਨ ਦੇ ਲੋਕਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਉਹ ਦੇਸ਼ ਦੇ ਕੰਮ ’ਚ ਹਨ। ਕੋਈ ਰੁਕਾਵਟ ਨਹੀਂ ਹੋਵੇਗੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੱਡੀ ਖ਼ਬਰ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼
NEXT STORY