ਓਨਟਾਰੀਓ—ਓਨਟਾਰੀਓ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ.ਸੀ.) ਪਾਰਟੀ ਦੇ ਉਮੀਦਵਾਰ ਦੇ ਸਬੰਧ ਕਥਿਤ ਤੌਰ 'ਤੇ ਡਾਟਾ ਚੋਰੀ ਸਕੈਂਡਲ 'ਚ ਫਸੇ ਵਿਅਕਤੀ ਨਾਲ ਹੋਣ ਕਾਰਨ ਓਨਟਾਰੀਓ ਦੀ ਸਿਆਸਤ 'ਚ ਭੂਚਾਲ ਜਿਹਾ ਆ ਗਿਆ ਹੈ, ਜਿਸ ਕਾਰਨ ਪੀ.ਸੀ. ਪਾਰਟੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹਰਜੀਤ ਜਸਵਾਲ, ਜੋ ਕਿ ਬਰੈਂਪਟਨ ਸੈਂਟਰ ਤੋਂ ਪੀ.ਸੀ. ਪਾਰਟੀ ਵੱਲੋਂ ਚੋਣ ਮੈਦਾਨ 'ਚ ਹਨ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਸਨੋਵਰ ਢਿੱਲੋਂ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਚ ਓਨਟਾਰੀਓ ਪੀ.ਸੀ. ਨੇਤਾ ਡਗ ਫੋਰਡ ਦੇ ਨਾਲ-ਨਾਲ ਪਾਰਟੀ ਆਗੂ ਜਗ ਬਡਵਾਲ ਵੀ ਨਜ਼ਰ ਆ ਰਹੇ ਹਨ।
ਢਿੱਲੋਂ ਪਾਰਟੀ ਦਾ ਸਾਬਕਾ ਸੰਗਠਨ ਕਰਤਾ ਹੈ ਜਿਸ ਦੀ ਕੰਪਨੀ 'ਡੀ ਮੀਡੀਆ' 'ਤੇ ਇੰਟਰਨੈੱਟ ਰਾਹੀਂ ਡਾਟਾ ਚੋਰੀ ਦੇ ਦੋਸ਼ ਲੱਗੇ ਹਨ। ਇਸ ਕੰਪਨੀ 'ਤੇ ਓਨਟਾਰੀਓ ਦੀ 407 ਪ੍ਰਾਈਵੇਟ ਫਰੀਵੇਅ ਕੰਪਨੀ ਦੇ ਗਾਹਕਾਂ ਦੀ ਜਾਣਕਾਰੀ ਚੋਰੀ ਕਰਨ ਦੇ ਦੇਸ਼ ਹਨ। ਸਿੰਮਰ ਸੰਧੂ, ਜਿਹੜਾ ਕਿ ਕੰਪਨੀ ਦਾ ਸਾਬਕਾ ਮੁਲਾਜ਼ਮ ਹੈ, ਉਹ ਪੀ.ਸੀ. ਪਾਰਟੀ ਵੱਲੋਂ ਬਰੈਂਪਟਨ ਈਸਟ ਤੋਂ ਚੋਣ ਲੜ ਰਿਹਾ ਸੀ, ਪਰ ਪਿਛਲੇ ਹਫਤੇ ਡਾਟਾ ਚੋਰੀ ਸਕੈਂਡਲ ਦੀ ਖਬਰ ਸਾਹਮਣੇ ਆਉਣ ਮਗਰੋਂ ਉਸ ਨੇ ਉਮੀਦਵਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਵੀ ਇਨ੍ਹਾਂ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ।
ਇਹ ਤਸਵੀਰਾਂ ਸੰਭਾਵੀ ਤੌਰ 'ਤੇ ਪਾਰਟੀ 'ਚ ਢਿੱਲੋਂ ਦੀ ਸ਼ਮੂਲੀਅਤ ਅਤੇ ਪੀ.ਸੀ. ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਉਸ ਦੇ ਸਬੰਧਾਂ ਬਾਰੇ ਕਈ ਸਵਾਲ ਖੜ੍ਹੇ ਕਰਦੀਆਂ ਹਨ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਨੂੰ 407 ਡਾਟਾ ਮੁਹੱਈਆ ਕਰਵਾਉਣ ਵਾਲਾ ਸੰਧੂ ਸੀ ਪਰ ਉਸ ਵੇਲੇ ਉਸ ਨੂੰ ਉਸ ਸੰਬੰਧੀ 'ਚ ਜਾਣਕਾਰੀ ਨਹੀਂ ਸੀ ਕਿ ਇਹ ਡਾਟਾ ਗਲਤ ਢੰਗ ਨਾਲ ਪ੍ਰਾਪਤ ਕੀਤਾ ਗਿਆ ਹੈ।
ਇਕ ਰਿਪੋਰਟ ਮੁਤਾਬਕ ਸੰਧੂ ਨੇ ਇਕ ਹੋਰ ਗੁੰਮਨਾਮ ਉਮੀਦਵਾਰ ਨੂੰ ਇਹ ਡਾਟਾ ਦਿੱਤਾ। ਢਿੱਲੋਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਬਰੈਂਪਟਨ ਸੈਂਟਰ ਤੋਂ ਉਮੀਦਵਾਰ ਹਰਜੀਤ ਜਸਵਾਲ ਹੈ, ਜੋ ਕਿ ਢਿੱਲੋਂ ਦਾ ਗਾਹਕ ਵੀ ਹੈ। 10 ਮਈ 2016 ਦੀ ਇਕ ਤਸਵੀਰ ਸਮੇਤ ਕਈ ਤਸਵੀਰਾਂ 'ਚ ਭਾਵੇਂ ਉਹ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ ਪਰ ਫੋਰਡ ਨੇ ਕਿਹਾ ਕਿ ਉਹ ਢਿੱਲੋਂ ਨੂੰ ਨਹੀਂ ਜਾਣਦੇ। 2016 ਦੇ ਫੋਰਡ ਫੈਸਟ ਇਵੈਂਟ 'ਚ ਢਿੱਲੋਂ ਵੀ ਇਕ ਮਹਿਮਾਨ ਸੀ ਅਤੇ ਉਸ ਸਮੇਂ ਓਟਾਵਾ ਖੇਤਰ ਤੋਂ ਪੀ.ਸੀ. ਦੀ ਉਮੀਦਵਾਰ ਲਿਸਾ ਮੈਕਲਿਓਡ ਲਈ ਫੰਡ ਇਕੱਠਾ ਕੀਤਾ ਗਿਆ ਸੀ। ਢਿੱਲੋਂ ਨੇ ਫੋਰਡ ਬਾਰੇ ਕਿਹਾ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਅਤੇ ਉਹ ਦੋਸਤ ਨਹੀਂ ਹਨ। ਢਿੱਲੋਂ ਨੇ ਕਿਹਾ ਕਿ ਉਹ ਫੋਰਡ ਨੂੰ ਸਿਰਫ ਇਕ ਸਿਆਸੀ ਨੇਤਾ ਵਜੋਂ ਜਾਣਦਾ ਹੈ ਅਤੇ ਇਸ ਤੋਂ ਵਧ ਕੁਝ ਨਹੀਂ।
ਮਿਸਰ 'ਚ ਸਰਕਾਰ ਦੀ ਆਲੋਚਨਾ ਕਰਨ ਵਾਲਾ ਬਲਾਗਰ ਗ੍ਰਿਫਤਾਰ
NEXT STORY