ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਤੀਸਰਾ ਗਿੱਧਾ ਕੱਪ ਸਲੀਮੈਨ ਥੀਏਟਰ ਵਿਖੇ ਸ਼ਾਨਦਾਰ ਪੈੜਾਂ ਪਾਉਂਦਾ ਸੰਪੰਨ ਹੋਇਆ। ਇਸ ਦੇ ਮੁੱਖ ਮਹਿਮਾਨ ਵਜੋਂ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਬੁਲੰਦ ਅਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਗਿੱਧਾ ਕੱਪ ਪੂਰੇ ਵਿਸ਼ਵ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਚੁੱਕਾ ਹੈ। ਇਸ ਮੁਕਾਬਲੇ ਵਿਚ ਨਾਮਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ, ਜੱਜ ਪੈਨਲ ਵਿਚ ਡਾ ਹਰਪ੍ਰੀਤ ਸ਼ੇਰਗਿੱਲ, ਪ੍ਰੋ ਰਵਿੰਦਰਬੀਰ ਗਿੱਲ, ਜੋਬਨਜੀਤ ਕੌਰ, ਨਵਨੀਤ ਕੌਰ, ਹਰਜੀਤ ਕੌਰ ਅਤੇ ਅਮਨਦੀਪ ਸੰਧੂ ਨੇ ਬਹੁਤ ਹੀ ਵਧੀਆ, ਪਾਰਦਰਸ਼ੀ, ਨਿਰਪੱਖ ਅਤੇ ਪ੍ਰਵਾਨਿਤ ਭੂਮਿਕਾ ਨਿਭਾਉਂਦਿਆਂ ਸਹੀ ਫੈਸਲੇ ਕੀਤੇ।
ਇਸ ਗਿੱਧਾ ਕੱਪ ਵਿਚ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ 5 ਕੈਟਾਗਰੀ ਤਹਿਤ ਕੁੱਲ 15 ਟੀਮਾਂ ਨੇ ਭਾਗ ਲਿਆ। 10 ਸਾਲ ਤੋਂ ਘੱਟ ਉਮਰ ਦੇ ਆਡੀਓ ਗਰੁੱਪ ਵਿਚ ਪੰਜਾਬੀ ਹੈਰੀਟੇਜਰਜ ਨੇ ਪਹਿਲਾ ਸਥਾਨ, ਇਪਸਾ ਪਰੀਆਂ ਨੇ ਰੰਨਰ ਅੱਪ ਅਤੇ ਹੁਨਰ ਏ ਰੀਜੈਂਟ ਪਾਰਕ ਦੀ ਟੀਮ ਨੇ ਬੈਸਟ ਕੰਪੀਟੀਟਰ ਦਾ ਐਵਾਰਡ ਹਾਸਲ ਕੀਤਾ। 16 ਸਾਲ ਤੋਂ ਘੱਟ ਉਮਰ ਦੇ ਆਡੀਓ ਗਰੁੱਪ ਵਿਚ ਇਪਸਾ ਦੀਆਂ ਮਜ਼ਾਜਣਾਂ ਨੇ ਜੇਤੂ ਐਵਾਰਡ, ਪੰਜਾਬੀ ਹੈਰੀਟੇਜਰਜ ਨੇ ਰੰਨਰ ਅੱਪ ਅਤੇ ਮੈਲਬੌਰਨ ਦੀ ਮਿਸਜ ਬੀ ਗਿੱਧਾ ਅਕੈਡਮੀ ਨੇ ਬੈਸਟ ਕੰਪੀਟੀਟਰ ਦਾ ਐਵਾਰਡ ਹਾਸਲ ਕੀਤਾ। 16 ਸਾਲ ਤੋਂ ਉੱਪਰ ਦੇ ਉਮਰ ਲਾਈਵ ਗਰੁੱਪ ਵਿਚ ਮਹਿਕ ਪੰਜਾਬ ਦੀ ਟੀਮ ਨੇ ਜੇਤੂ ਸਥਾਨ, ਇਪਸਾ ਦੀ ਟੀਮ ਅਤੇ ਪੰਜਾਬੀ ਹੈਰੀਟੇਜਰਜ ਦੀ ਟੀਮ ਨੇ ਸਾਂਝੇ ਰੂਪ ਵਿਚ ਦੂਸਰਾ ਸਥਾਨ ਹਾਸਲ ਕੀਤਾ। 16 ਸਾਲ ਤੋਂ ਉੱਪਰ ਦੇ ਆਡੀਓ ਵਰਗ ਵਿਚ ਪੰਜਾਬੀ ਹੈਰੀਟੇਜਰਜ ਨੇ ਪਹਿਲਾ ਸਥਾਨ, ਇਪਸਾ ਰਾਣੀਆਂ ਨੇ ਦੂਸਰਾ ਸਥਾਨ ਅਤੇ ਮਿਸਜ ਬੀ ਗਿੱਧਾ ਅਕੈਡਮੀ ਮੈਲਬੌਰਨ ਨੇ ਬੈਸਟ ਕੰਪੀਟੀਟਰ ਦਾ ਖ਼ਿਤਾਬ ਜਿੱਤਿਆ।

ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਇਸ ਵਾਰ ਸ਼ੁਰੂਆਤ ਕੀਤਾ ਗਿਆ ਗਿੱਧਾ ਗੌਰਵ ਪੁਰਸਕਾਰ ਹਰਜੀਤ ਕੌਰ ਨਿਊਜ਼ੀਲੈਂਡ ਨੂੰ ਦਿੱਤਾ ਗਿਆ। ਪੰਜਾਬ ਗੌਰਵ ਪੁਰਸਕਾਰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਲਈ ਬ੍ਰਿਸਬੇਨ ਦੀ ਨਾਮੀ ਹਸਤੀ ਪਰਮਜੀਤ ਸਰਾਏ ਨੂੰ ਪ੍ਰਦਾਨ ਕੀਤਾ ਗਿਆ। ਗਿੱਧਾ ਕੱਪ ਦੇ ਸਵਾਗਤੀ ਬੋਲ ਅਮਨ ਸੰਧੂ ਅਤੇ ਰਮਨ ਢੀਂਡਸਾ ਵੱਲੋਂ ਬੋਲ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪ੍ਰੋਗਰਾਮ ਦੌਰਾਨ ਅਲਕਾ ਸ਼ਰਮਾ ਅਤੇ ਬੀਰਪਾਲ ਧਾਲੀਵਾਲ ਨੇ ਗਿੱਧਾ ਕੱਪ ਦਰਸ਼ਕਾਂ ਨੂੰ ਸੰਬੋਧਨ ਕੀਤਾ। ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਸੰਸਥਾ ਦੀ ਪ੍ਰਧਾਨ ਸੋਨਾ ਖਹਿਰਾ ਅਤੇ ਹਰਮਨ ਦੁੱਗਲ ਵੱਲੋਂ ਆਪਣੀਆਂ ਤਕਰੀਰਾਂ ਪੇਸ਼ ਕੀਤੀਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ ! GIC 'ਚ ਹੋਇਆ ਵਾਧਾ
ਇਸ ਸਾਲ ਪਿਛਲੇ ਗਿੱਧਾ ਕੱਪਾਂ ਦੀਆਂ ਗ਼ਲਤੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਦਿਆਂ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੀ ਮੌਜੂਦਾ ਟੀਮ ਬਹੁਤ ਮਿਹਨਤ ਕੀਤੀ ਤੇ 29 ਅਗੱਸਤ ਦਾ ਦਿਨ ਬ੍ਰਿਸਬੇਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ। ਤੀਸਰਾ ਗਿੱਧਾ ਕੱਪ 9 ਵਜੇ ਸ਼ੁਰੂ ਹੋ ਕੇ ਪੂਰੇ 8 ਵਜੇ ਨਿਰਧਾਰਤ ਸਮੇਂ ਵਿੱਚ ਸੰਪੂਰਨ ਹੋਇਆ। ਬਹੁਤ ਹੀ ਵਧੀਆ ਪੱਧਰ ਦਾ ਗਿੱਧਾ ਵੇਖਣ ਨੂੰ ਮਿਲਿਆ, ਇੰਟਰ ਸਟੇਟ ਅਤੇ ਇੰਟਰਨੈਸ਼ਨਲ ਟੀਮਾਂ ਨੇ ਮੁਕਾਬਲੇ ਦੀ ਗਰਿਮਾ ਨੂੰ ਚਾਰ ਚੰਨ ਲਾ ਦਿੱਤੇ। ਅੰਤਲੇ ਸਮਿਆਂ ਵਿਚ ਸੁਰਾਂ ਦੀ ਮਲਿਕਾ ਰੁਪਿੰਦਰ ਹਾਂਡਾ ਨੇ ਆਪਣੀ ਗਾਇਕੀ ਨਾਲ ਸਲੀਮੈਨ ਥੀਏਟਰ ਝੂੰਮਣ ਲਾ ਦਿੱਤਾ। ਗਿੱਧਾ ਕੱਪ ਦੀ ਤਰਤੀਬ ਦੋ ਭਾਗਾਂ ਵਿਚ ਕੀਤੀ ਗਈ ਸੀ, ਪਹਿਲੇ ਸੈਸ਼ਨ ਵਿਚ ਆਡੀਓ ਵਰਗ ਅਤੇ ਦੂਸਰੇ ਸ਼ੈਸਨ ਵਿਚ ਲਾਈਵ ਗਿੱਧੇ ਦੀਆਂ ਟੀਮਾਂ ਨੇ ਪੇਸ਼ਕਾਰੀਆਂ ਕੀਤੀਆਂ। ਦੋਵਾਂ ਸੈਸ਼ਨਾਂ ਵਿਚ ਦਰਸ਼ਕਾਂ ਦੀ ਐਂਟਰੀ 1100 ਤੋਂ ਉੱਪਰ ਦਰਜ ਕੀਤੀ ਗਈ। ਸਟੇਟ ਸੈਕਟਰੀ ਦੀ ਭੂਮਿਕਾ ਵਿੱਚ ਵਿੱਚ ਅਮਨਪ੍ਰੀਤ ਟੱਲੇਵਾਲ, ਨਵੀ ਥਿੰਦ, ਜੋਤੀ ਬੈਂਸ ਗੋਰਾਇਆ ਅਤੇ ਗੁਰਦੀਪ ਜਗੇੜਾ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਸਾਰਾ ਦਿਨ ਮਨੋਰੰਜਨ ਕਰਦਿਆਂ ਪ੍ਰੋਗਰਾਮ ਨਾਲ ਜੋੜੀ ਰੱਖਿਆ। ਇਸ ਮੌਕੇ ਅਨੇਕਾਂ ਨਾਮਵਰ ਹਸਤੀਆਂ ਤੋਂ ਇਲਾਵਾ ਨੀਰੂ ਵਿਰਕ, ਅਮਨ ਟਿਵਾਣਾ, ਰੋਮਨ ਬਾਜਵਾ, ਪਿੰਦਰ ਬਾਜਵਾ, ਕੁਮਨ ਸੰਧੂ, ਮਨਵਿੰਦਰਜੀਤ ਕੌਰ ਆਦਿ ਹਸਤੀਆਂ ਨੇ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਅੰਤ ਵਿਚ ਸੰਸਥਾ ਦੇ ਸੈਕਟਰੀ ਸਰਬਜੀਤ ਸੋਹੀ ਨੇ ਸਾਰੇ ਦਰਸ਼ਕਾਂ, ਮਾਪਿਆਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਫੌਜ 'ਚ ChatGPT ਅਤੇ Grok ਦੀ ਐਂਟਰੀ! ਸੁਰੱਖਿਅਤ ਪੋਰਟਲ ਕੀਤਾ ਲਾਂਚ
NEXT STORY