ਨਿਊਯਾਰਕ (ਬਿਊਰੋ)— ਦੁਨੀਆ ਦਾ ਹਰ ਜੋੜਾ ਆਪਣੇ ਵਿਆਹ ਨੂੰ ਸਪੈਸ਼ਲ ਬਣਾਉਣਾ ਚਾਹੁੰਦਾ ਹੈ। ਜ਼ਿੰਦਗੀ ਦੇ ਇਸ ਪਲ ਨੂੰ ਹਸੀਨ ਅਤੇ ਖੂਬਸੂਰਤ ਬਣਾਉਣ ਲਈ ਲੰਬੀ ਪਲਾਨਿੰਗ ਕੀਤੀ ਜਾਂਦੀ ਹੈ ਪਰ ਜੇ ਕਿਸੇ ਜੋੜੇ ਸਾਹਮਣੇ ਅਜਿਹੀ ਮਜਬੂਰੀ ਆ ਜਾਵੇ ਕਿ ਉਸ ਨੂੰ ਟਾਇਲਟ ਵਿਚ ਵਿਆਹ ਕਰਵਾਉਣਾ ਪਵੇ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਵਿਆਹ ਬਾਰੇ ਦੱਸ ਰਹੇ ਹਾਂ ਜਿੱਥੇ ਜੋੜੇ ਨੂੰ ਮਜਬੂਰੀ ਵਿਚ ਟਾਇਲਟ ਵਿਚ ਵਿਆਹ ਕਰਵਾਉਣਾ ਪਿਆ।
ਅਮਰੀਕਾ ਦੇ ਨਿਊ ਜਰਸੀ ਵਿਚ ਲਾੜੇ-ਲਾੜੀ ਲਈ ਅਸਧਾਰਨ ਸਥਿਤੀ ਪੈਦਾ ਹੋ ਗਈ ਅਤੇ ਉਨ੍ਹਾਂ ਨੂੰ ਅਦਾਲਤ ਦੇ ਟਾਇਲਟ ਵਿਚ ਹੀ ਵਿਆਹ ਕਰਨਾ ਪਿਆ। ਬ੍ਰਾਇਨ ਅਤੇ ਮਾਰੀਆ ਸ਼ੂਲਜ਼ ਮਾਨਮਾਊਥ ਕਾਊਂਟੀ ਕੋਰਟ ਹਾਊਸ ਵਿਚ ਆਪਣੇ ਵਿਆਹ ਲਈ ਪਰਿਵਾਰ ਅਤੇ ਦੋਸਤਾਂ ਸਮੇਤ ਇੱਕਠੇ ਹੋਏ ਸਨ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਬ੍ਰਾਇਨ ਦੀ ਮਾਂ ਨੂੰ ਅਸਥਮਾ ਅਟੈਕ ਆ ਗਿਆ। ਮੌਕੇ 'ਤੇ ਮੌਜੂਦ ਅਫਸਰ ਬ੍ਰਾਇਨ ਦੀ ਮਾਂ ਨੂੰ ਤੁਰੰਤ ਟਾਇਲਟ ਵਿਚ ਲੈ ਗਏ, ਜਿੱਥੇ ਉਨ੍ਹਾਂ ਨੂੰ ਮੂੰਹ ਰਾਹੀਂ ਆਕਸੀਜਨ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ। ਸਾਰੇ ਐਂਬੂਲੈਂਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਬ੍ਰਾਇਨ ਅਤੇ ਮਾਰੀਆ ਵਿਆਹ ਵਿਚ ਵੀ ਦੇਰੀ ਨਹੀਂ ਸੀ ਕਰਨਾ ਚਾਹੁੰਦੇ। ਜੇ ਉਸ ਦਿਨ ਦੋਹਾਂ ਦਾ ਵਿਆਹ ਨਾ ਹੁੰਦਾ ਤਾਂ ਅਗਲੇ ਮੈਰਿਜ ਲਾਈਸੈਂਸ ਲਈ 45 ਦਿਨ ਦਾ ਇੰਤਜ਼ਾਰ ਕਰਨਾ ਪੈਣਾ ਸੀ।
ਵਿਆਹ ਮਾਂ ਬਿਨਾਂ ਪੂਰਾ ਨਹੀਂ ਸੀ ਹੋ ਸਕਦਾ ਕਿਉਂਕਿ ਮੈਰਿਜ ਲਾਈਸੈਂਸ 'ਤੇ ਦਸਤਖਤ ਲਈ ਉਨ੍ਹਾਂ ਦਾ ਮੌਜੂਦ ਹੋਣਾ ਜ਼ਰੂਰੀ ਸੀ। ਅਜਿਹੀ ਖਰਾਬ ਹਾਲਤ ਵਿਚ ਮਾਂ ਨੂੰ ਟਾਇਲਟ ਦੇ ਬਾਹਰ ਲਿਜਾਣਾ ਖਤਰਨਾਕ ਹੋ ਸਕਦਾ ਸੀ। ਉਨ੍ਹਾਂ ਦੋਹਾਂ ਸਾਹਮਣੇ ਕੋਈ ਦੂਜਾ ਵਿਕਲਪ ਨਹੀਂ ਸੀ। ਅਖੀਰ ਇਹ ਫੈਸਲਾ ਹੋਇਆ ਕਿ ਵਿਆਹ ਦੀਆਂ ਰਸਮਾਂ ਔਰਤਾਂ ਦੇ ਉਸ ਬਾਥਰੂਮ ਵਿਚ ਹੀ ਜਾਰੀ ਰੱਖੀਆਂ ਜਾਣਗੀਆਂ।
ਬ੍ਰਾਇਨ ਅਤੇ ਮਾਰੀਆ ਇਸ ਲਈ ਰਾਜ਼ੀ ਹੋ ਗਏ। ਇਨ੍ਹਾਂ ਰਸਮਾਂ ਦੌਰਾਨ ਜੱਜ ਕੇਟੀ ਗਮਰ ਵੀ ਵਿਆਹ ਦੀ ਕਾਰਵਾਈ ਜਾਰੀ ਰੱਖਣ ਲਈ ਟਾਇਲਟ ਵਿਚ ਹੀ ਮੌਜੂਦ ਰਹੇ।
ਰਸਮਾਂ ਪੂਰੀਆਂ ਹੋ ਜਾਣ ਮਗਰੋਂ ਬ੍ਰਾਇਨ ਦੀ ਮਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਠੀਕ ਹੈ।
...ਤੇ ਇਸ ਲਈ ਭਾਰਤੀ ਮੂਲ ਦੀ ਪ੍ਰਿੰਸੀਪਲ ਨੂੰ ਦਿੱਤਾ ਗਿਆ 'ਹਿਟਲਰ' ਦਾ ਨਾਂ
NEXT STORY