ਵਾਸ਼ਿੰਗਟਨ : ਬ੍ਰਿਟਿਸ਼ ਰੋਇਲ ਪਰਿਵਾਰ ਦੀ ਨੂੰਹ ਅਤੇ ਡਚੇਸ ਆਫ਼ ਸੁਸੈਕਸ ਮੇਘਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਸੀਨੀਅਰ (82) ਨੂੰ ਅਮਰੀਕਾ ਦੇ ਫ਼ਲੋਰਿਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨਾਲ ਸਬੰਧਤ ਗੰਭੀਰ ਦੋਸ਼ਾਂ ਹੇਠ ਸ਼ੁੱਕਰਵਾਰ, 6 ਨਵੰਬਰ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ, ਐੱਫ.ਬੀ.ਆਈ. ਨੇ ਥਾਮਸ ਮਾਰਕਲ ਨੂੰ ਫ਼ਲੋਰਿਡਾ ਦੇ ਲੇਕਲੈਂਡ ਸਥਿਤ 'ਮਾਰਾਵਿਡਾ ਸੀਨੀਅਰ ਲਿਵਿੰਗ' ਕੇਅਰ ਹੋਮ ਤੋਂ ਗ੍ਰਿਫ਼ਤਾਰ ਕੀਤਾ। ਫਿਲਹਾਲ ਉਹ ਟੈਂਪਾ ਵਿਖੇ ਪੁਲਸ ਹਿਰਾਸਤ ਵਿੱਚ ਹਨ। ਥਾਮਸ ਮਾਰਕਲ ਸਾਲ 2018 ਵਿੱਚ ਮੇਘਨ ਮਾਰਕਲ ਅਤੇ ਪ੍ਰਿੰਸ ਹੈਰੀ ਦੇ ਵਿਆਹ ਦੇ ਸਮੇਂ ਤੋਂ ਹੀ ਆਪਣੀ ਧੀ ਤੋਂ ਵੱਖ ਰਹਿ ਰਹੇ ਸਨ।
ਇਹ ਗ੍ਰਿਫ਼ਤਾਰੀ ਫ਼ਿਲਪੀਨਜ਼ ਅਤੇ ਮੈਕਸੀਕੋ ਵਿੱਚ ਥਾਮਸ ਮਾਰਕਲ ਦੇ ਟਿਕਾਣਿਆਂ ਤੋਂ ਬਾਲ ਅਸ਼ਲੀਲ ਸਮੱਗਰੀ ਮਿਲਣ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਹੋਈ ਹੈ। ਫ਼ਿਲਪੀਨਜ਼ ਪੁਲਸ ਨੇ ਉਨ੍ਹਾਂ ਦੇ ਸੇਬੂ ਸਿਟੀ ਸਥਿਤ ਘਰ ਵਿੱਚੋਂ ਕੰਪਿਊਟਰਾਂ, ਫੋਨਾਂ ਅਤੇ ਸਟੋਰੇਜ ਡਿਵਾਈਸਾਂ ਦੀ ਤਲਾਸ਼ੀ ਦੌਰਾਨ ਬਾਲ ਸ਼ੋਸ਼ਣ ਦੀਆਂ ਤਸਵੀਰਾਂ ਮਿਲਣ ਦਾ ਦਾਅਵਾ ਕੀਤਾ ਸੀ। ਇਸ ਤੋਂ ਇਲਾਵਾ ਮੈਕਸੀਕੋ ਵਿੱਚ ਉਨ੍ਹਾਂ ਦੇ ਇੱਕ ਸਟੋਰੇਜ ਯੂਨਿਟ ਵਿੱਚੋਂ ਵੀ ਅਜਿਹੀ ਸਮੱਗਰੀ ਬਰਾਮਦ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ।
ਇਨ੍ਹਾਂ ਗੰਭੀਰ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮੇਘਨ ਮਾਰਕਲ ਨੇ ਕਿਹਾ ਸੀ ਕਿ ਉਹ ਆਪਣੇ ਪਿਤਾ 'ਤੇ ਲੱਗੇ ਦੋਸ਼ਾਂ ਤੋਂ "ਡੂੰਘੇ ਦੁੱਖ" ਵਿੱਚ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਆਪਣੇ ਪਿਤਾ ਤੋਂ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਬੱਚਿਆਂ ਨੂੰ ਉਨ੍ਹਾਂ ਤੋਂ ਦੂਰ ਰੱਖਣ ਦਾ ਇੱਕੋ-ਇੱਕ ਮਨੋਰਥ ਆਪਣੇ ਬੱਚਿਆਂ ਦੀ ਸੁਰੱਖਿਆ ਕਰਨਾ ਸੀ। ਮੇਘਨ ਨੇ ਆਸ ਪ੍ਰਗਟਾਈ ਕਿ ਇਸ ਮਾਮਲੇ ਵਿੱਚ ਪੂਰਾ ਇਨਸਾਫ਼ ਹੋਵੇਗਾ ਅਤੇ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ।
ਕੈਨੇਡਾ 6,22,000 ਲੋਕਾਂ ਨੂੰ ਦੇਵੇਗਾ PR ! ਪੰਜਾਬੀਆਂ ਦੀਆਂ ਲੱਗਣਗੀਆਂ ਮੌਜ਼ਾਂ
NEXT STORY