ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਸਖ਼ਤ ਪਾਬੰਦੀਆਂ ਦੌਰਾਨ ਵੀ ਬਹੁਤ ਸਾਰੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਮਿਸਾਸਾਗਾ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ 4 ਥਾਵਾਂ 'ਤੇ ਵੱਡੀ ਗਿਣਤੀ ਵਿਚ ਪਾਰਟੀਆਂ ਕਰਨ ਵਾਲੇ ਲੋਕਾਂ ਨੂੰ ਜੁਰਮਾਨੇ ਦੀਆਂ ਟਿਕਟਾਂ ਜਾਰੀ ਕੀਤੀਆਂ ਹਨ। ਪੁਲਸ ਮੁਤਾਬਕ ਐਤਵਾਰ ਨੂੰ ਲਗਭਗ 2 ਦਰਜਨ ਤੋਂ ਵੱਧ ਲੋਕ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਗਏ ਹਨ।
ਸੋਮਵਾਰ ਨੂੰ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਜੁਰਮਾਨੇ ਦੀਆਂ 37 ਟਿਕਟਾਂ ਜਾਰੀ ਕੀਤੀਆਂ ਹਨ ਤੇ 4 ਵਪਾਰਕ ਅਦਾਰਿਆਂ ਨੂੰ ਵੀ ਜੁਰਮਾਨਾ ਲੱਗਾ ਹੈ। ਕੋਰੋਨਾ ਕਾਰਨ ਲੱਗੀ ਤਾਲਾਬੰਦੀ ਦੇ 3 ਹਫ਼ਤਿਆਂ ਵਿਚ ਲੋਕਾਂ ਨੂੰ ਇੰਨਾ ਤਾਂ ਪਤਾ ਲੱਗ ਹੀ ਗਿਆ ਸੀ ਕਿ ਸਰਕਾਰ ਨੇ ਕਿਹੜੀਆਂ ਗੱਲਾਂ ਦੀ ਇਜਾਜ਼ਤ ਦਿੱਤੀ ਹੈ ਤੇ ਕਿਹੜੀਆਂ ਦੀ ਨਹੀਂ। ਦੱਸ ਦਈਏ ਕਿ 21 ਦਸੰਬਰ ਤੱਕ ਸਥਾਨਕ ਸਰਕਾਰ ਨੇ ਸੈਲੂਨ, ਬਾਰ, ਜਿੰਮ, ਮੂਵੀ ਥਿਏਟਰ ਅਤੇ ਹੋਰ ਗੈਰ-ਜ਼ਰੂਰੀ ਅਦਾਰੇ ਬੰਦ ਕੀਤੇ ਹੋਏ ਹਨ।
ਪੁਲਸ ਵਾਲਿਆਂ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਲੋਕ ਬਾਹਰ ਘੁੰਮਣ ਦੇ ਇਛੁੱਕ ਹਨ। ਇਸੇ ਲਈ ਉਹ ਚੋਰੀ-ਚੋਰੀ ਪਾਬੰਦੀਆਂ ਤੋੜ ਰਹੇ ਹਨ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹਾ ਕਰਕੇ ਉਹ ਹੋਰਾਂ ਦੀ ਜਾਨ ਵੀ ਖ਼ਤਰੇ ਵਿਚ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੁਲਸ ਨੇ ਟੋਰਾਂਟੋ ਦੇ ਇਕ ਬਾਰ ਵਿਚ 30-40 ਲੋਕਾਂ ਨੂੰ ਪਾਰਟੀ ਕਰਦਿਆਂ ਫੜਿਆ ਜੋ ਬਾਹਰੋਂ ਬਾਰ ਨੂੰ ਬੰਦ ਕਰਕੇ ਅੰਦਰ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਬਾਰ ਦੇ ਦੋ ਮਾਲਕਾਂ ਨੂੰ ਸੰਮਣ ਜਾਰੀ ਕੀਤੇ ਗਏ ਹਨ।
ਕੈਨੇਡਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 4.68 ਲੱਖ ਤੋਂ ਪਾਰ
NEXT STORY