ਇੰਟਰਨੈਸ਼ਨਲ ਡੈਸਕ : ਤੁਰਕੀ 'ਚ ਆਏ ਵਿਨਾਸ਼ਕਾਰੀ ਭੂਚਾਲ ਦੇ 6 ਦਿਨਾਂ ਬਾਅਦ ਬਚਾਅ ਕਰਮੀਆਂ ਨੇ ਇਕ ਗਰਭਵਤੀ ਔਰਤ ਤੇ 2 ਬੱਚਿਆਂ ਸਮੇਤ ਕੁਝ ਲੋਕਾਂ ਨੂੰ ਇਮਾਰਤਾਂ ਦੇ ਮਲਬੇ 'ਚੋਂ ਬਾਹਰ ਕੱਢਿਆ। ਇਸ ਦੌਰਾਨ ਤੁਰਕੀ ਦੇ ਨਿਆਇਕ ਅਧਿਕਾਰੀ ਗੈਰ-ਕਾਨੂੰਨੀ ਨਿਰਮਾਣ ਗਤੀਵਿਧੀਆਂ ਵਿੱਚ ਕਥਿਤ ਤੌਰ 'ਤੇ ਸ਼ਾਮਲ 130 ਤੋਂ ਵੱਧ ਲੋਕਾਂ ਦੀ ਜਾਂਚ ਕਰ ਰਹੇ ਹਨ। ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 33,179 ਹੋ ਗਈ, ਜਦੋਂ ਕਿ 92,600 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਬਚਾਅ ਕਾਰਜ ਅਜੇ ਵੀ ਜਾਰੀ ਹਨ।
ਇਹ ਵੀ ਪੜ੍ਹੋ : ਤੁਰਕੀ-ਸੀਰੀਆ ਭੂਚਾਲ: 50 ਹਜ਼ਾਰ ਤੋਂ ਉਪਰ ਜਾ ਸਕਦੈ ਮੌਤਾਂ ਦਾ ਅੰਕੜਾ, ਤ੍ਰਾਸਦੀ ਦੌਰਾਨ ਵਧੀ ਲੁੱਟ-ਖੋਹ
ਪਿਛਲੇ 5 ਦਿਨਾਂ ਤੋਂ ਬਚਾਅ ਕਰਮਚਾਰੀ ਕੜਾਕੇ ਦੀ ਠੰਡ ਵਿੱਚ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਤੁਰਕੀ ਦੇ ਨਿਆਂ ਮੰਤਰੀ ਬੇਕਿਰ ਬੋਜ਼ਦਾਗ ਨੇ ਐਤਵਾਰ ਨੂੰ ਕਿਹਾ ਕਿ ਭੂਚਾਲ 'ਚ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਨਿਰਮਾਣ 'ਚ ਕਥਿਤ ਜ਼ਿੰਮੇਵਾਰੀ ਲਈ 134 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 7 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਮਾਰਤਾਂ ਦੇ ਢਹਿਣ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਚੀਨ ਦਾ ਦੌਰਾ ਕਰਨਗੇ ਈਰਾਨ ਦੇ ਰਾਸ਼ਟਰਪਤੀ, ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਦੇਣਗੇ ਜ਼ੋਰ
ਸਰਕਾਰੀ ਵਕੀਲਾਂ ਨੇ ਉਸਾਰੀ ਵਿੱਚ ਵਰਤੀ ਗਈ ਸਮੱਗਰੀ ਬਾਰੇ ਸਬੂਤ ਲਈ ਇਮਾਰਤ ਦੇ ਮਲਬੇ ਦੇ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸਤਾਂਬੁਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਅਦਯਾਮਨ ਵਿੱਚ ਕਈ ਇਮਾਰਤਾਂ ਦੀ ਤਬਾਹੀ ਲਈ ਜ਼ਿੰਮੇਵਾਰ 2 ਠੇਕੇਦਾਰਾਂ ਨੂੰ ਹਿਰਾਸਤ ਵਿੱਚ ਲਿਆ। ਖ਼ਬਰਾਂ ਮੁਤਾਬਕ ਇਹ ਦੋਵੇਂ ਕਥਿਤ ਤੌਰ 'ਤੇ ਜਾਰਜੀਆ ਭੱਜ ਰਹੇ ਸਨ। ਡੀਐੱਚਏ ਦੀ ਰਿਪੋਰਟ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰਾਂ 'ਚੋਂ ਇਕ ਯਵੁਜ਼ ਕਾਰਾਕਸ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, "ਮੇਰੇ ਇਰਾਦੇ ਸਪੱਸ਼ਟ ਹਨ, ਮੈਂ 44 ਇਮਾਰਤਾਂ ਬਣਾਈਆਂ। ਇਨ੍ਹਾਂ 'ਚੋਂ 4 ਤਬਾਹ ਹੋ ਗਈਆਂ। ਮੈਂ ਸਭ ਕੁਝ ਨਿਯਮਾਂ ਮੁਤਾਬਕ ਕੀਤਾ ਹੈ।''
ਇਹ ਵੀ ਪੜ੍ਹੋ : ਮਹਾਰਾਸ਼ਟਰ: ਖੋਦਾਈ ਦੌਰਾਨ ਮਿਲੀ 12ਵੀਂ ਸਦੀ ਦੀ ਭਗਵਾਨ ਕ੍ਰਿਸ਼ਨ ਦੀ ਮੂਰਤੀ, ਲੋਕ ਰਹਿ ਗਏ ਹੈਰਾਨ
ਅਧਿਕਾਰੀਆਂ ਨੇ ਐਤਵਾਰ ਨੂੰ ਗਾਜ਼ੀਅਨਟੇਪ ਸੂਬੇ ਵਿੱਚ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ 'ਤੇ ਇਕ ਇਮਾਰਤ 'ਚ ਵਾਧੂ ਕਮਰਾ ਬਣਾਉਣ ਲਈ 'ਪਿੱਲਰ' ਨੂੰ ਕੱਟਣ ਦੇ ਸ਼ੱਕ ਹੈ। ਇਸ ਦੌਰਾਨ ਜਰਮਨ ਸਰਕਾਰ ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਪੀੜਤਾਂ ਲਈ ਅਸਥਾਈ ਤੌਰ 'ਤੇ ਵੀਜ਼ਾ ਪਾਬੰਦੀਆਂ ਨੂੰ ਸੌਖਾ ਕਰਨਾ ਚਾਹੁੰਦੀ ਹੈ। ਜਰਮਨੀ ਦੀ ਗ੍ਰਹਿ ਮੰਤਰੀ ਨੈਂਸੀ ਫੇਗਰ ਨੇ ਸ਼ਨੀਵਾਰ ਦੇਰ ਰਾਤ ਟਵੀਟ ਕੀਤਾ, "ਅਸੀਂ ਸੰਕਟ ਦੇ ਸਮੇਂ ਮਦਦ ਦਾ ਹੱਥ ਵਧਾ ਰਹੇ ਹਾਂ। ਅਸੀਂ ਜਰਮਨੀ ਵਿੱਚ ਤੁਰਕੀ ਜਾਂ ਸੀਰੀਆਈ ਪਰਿਵਾਰਾਂ ਲਈ ਤਬਾਹੀ ਵਾਲੇ ਖੇਤਰ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਲਿਆਉਣਾ ਸੰਭਵ ਬਣਾਉਣਾ ਚਾਹੁੰਦੇ ਹਾਂ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਤੁਰਕੀ-ਸੀਰੀਆ ਭੂਚਾਲ: 50 ਹਜ਼ਾਰ ਤੋਂ ਉਪਰ ਜਾ ਸਕਦੈ ਮੌਤਾਂ ਦਾ ਅੰਕੜਾ, ਤ੍ਰਾਸਦੀ ਦੌਰਾਨ ਵਧੀ ਲੁੱਟ-ਖੋਹ
NEXT STORY