ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਚੋਰਾਂ ਦੇ ਇੱਕ ਗਿਰੋਹ ਵੱਲੋਂ ਮੇਨ ਬਿਜਲੀ ਸਪਲਾਈ ਦੀਆਂ ਤਾਰਾਂ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਚੋਰਾਂ ਨੇ ਤਕਰੀਬਨ 57 ਮੀਲ ਤੱਕ ਦੀ ਲੰਬਾਈ ਦੀਆਂ ਤਾਰਾਂ ਦੀ ਲੁੱਟ ਕਰਨ ਦੇ ਨਾਲ 45,000 ਘਰਾਂ ਵਿੱਚ ਹਨ੍ਹੇਰਾ ਵੀ ਕੀਤਾ।ਇਨ੍ਹਾਂ ਦੋਸ਼ੀਆਂ ਨੇ ਡੇਢ ਸਾਲ ਦੇ ਵਕਫੇ ਦੌਰਾਨ ਬਿਜਲੀ ਕੰਪਨੀ ਉੱਤਰੀ ਪਾਵਰਗਰਿੱਡ ਨਾਲ ਸਬੰਧਤ 92,000 ਮੀਟਰ ਦੀ ਤਾਂਬੇ ਦੀਆਂ ਤਾਰਾਂ ਚੋਰੀ ਕੀਤੀਆਂ ਹਨ ਅਤੇ ਛੇ ਵਿਅਕਤੀਆਂ ਦੇ ਇਸ ਗਿਰੋਹ ਨੂੰ 2013 ਤੋਂ 2015 ਦਰਮਿਆਨ 250 ਵੱਖਰੀਆਂ ਚੋਰੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ।
ਇਸ ਮਾਮਲੇ ਸੰਬੰਧੀ ਲੀਡਜ਼ ਕ੍ਰਾਊਨ ਕੋਰਟ ਨੇ ਇਸ ਹਫ਼ਤੇ ਸੁਣਵਾਈ ਕਰਦਿਆਂ ਦੱਸਿਆ ਕਿ ਚੋਰੀ ਕੀਤੀ ਤਾਰ ਨੂੰ ਮੈਟਲ ਡੀਲਰਾਂ ਨੂੰ ਵੇਚਿਆ ਜਾਂਦਾ ਸੀ। ਵੈਸਟ ਯਾਰਕਸ਼ਾਇਰ ਦੇ ਕੈਸਟਲਫੋਰਡ ਨਾਲ ਸੰਬੰਧਿਤ ਇਹ ਗੈਂਗ ਆਮ ਤੌਰ 'ਤੇ ਅੱਧੀ ਰਾਤ ਦੇ ਸਮੇਂ ਪੇਂਡੂ ਖੇਤਰਾਂ ਵਿੱਚ ਓਵਰਹੈੱਡ ਬਿਜਲੀ ਦੀਆਂ ਲਾਈਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਅਤੇ ਇਹ ਚੋਰ ਤਾਰਾਂ ਚੋਰੀ ਕਰਨ ਲਈ ਬਿਜਲੀ ਲਾਈਨ ਨੂੰ ਕਟਰਾਂ ਨਾਲ ਕੱਟ ਕੇ ਆਪਣੀ ਅਤੇ ਹੋਰਾਂ ਨੂੰ ਗੰਭੀਰ ਖਤਰੇ ਵਿੱਚ ਪਾਉਂਦੇ ਸਨ।
ਇਸ ਗਿਰੋਹ ਨੇ
ਚੋਰੀ ਦੀਆਂ ਵਾਰਦਾਤਾਂ ਰਾਹੀਂ ਲਗਭਗ 20,000 ਕਿੱਲੋਗ੍ਰਾਮ ਤੋਂ ਵੱਧ ਦੀ ਤਾਂਬੇ ਦੀਆਂ ਤਾਰਾਂ ਮੈਟਲ ਵਪਾਰੀਆਂ ਜਾਨ ਕਰੂਕਸ ਅਤੇ ਜੋਨਾਥਨ ਫਰਾਂਸ ਨੂੰ ਵੇਚ ਕੇ 70,000 ਪੌਂਡ ਦੇ ਕਰੀਬ ਪੈਸੇ ਕਮਾਏ ਹਨ। ਇਸ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਇਹਨਾਂ ਦੋਸ਼ੀਆਂ ਨੂੰ ਸਤੰਬਰ 2013 ਅਤੇ ਫਰਵਰੀ 2015 ਦਰਮਿਆਨ ਚੋਰੀ ਦੀ ਸਾਜਿਸ਼ ਰਚਣ, ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੇ ਨਾਲ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਅਪਰਾਧ ਲਈ ਦੋਸ਼ੀ ਮੰਨਦਿਆਂ ਵੱਖ ਵੱਖ ਮਿਆਦ ਦੀ ਸਜ਼ਾ ਸੁਣਾਈ ਗਈ ਹੈ।
ਕੋਲੋਰਾਡੋ 'ਚ ਸ਼ਰਾਰਤੀ ਅਨਸਰਾਂ ਨੇ ਗੈਸ ਪਾਈਪਾਂ ਨੂੰ ਤੋੜਿਆ, ਕੜਾਕੇ ਦੀ ਠੰਡ 'ਚ ਠਰੇ ਲੋਕ
NEXT STORY