ਮਾਸਕੋ/ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰਦਿਆਂ ਹੀ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਹਮਲੇ ਹੋਰ ਤੇਜ਼ ਹੋ ਗਏ ਹਨ। ਸ਼ਨੀਵਾਰ ਨੂੰ ਯੂਕਰੇਨ ਨੇ ਰੂਸ ਦੇ ਕਈ ਇਲਾਕਿਆਂ 'ਤੇ ਵੱਡੇ ਪੱਧਰ 'ਤੇ ਡਰੋਨ ਹਮਲੇ ਕੀਤੇ, ਜਿਸ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਰੂਸੀ ਅਧਿਕਾਰੀਆਂ ਮੁਤਾਬਕ, ਯੂਕਰੇਨੀ ਡਰੋਨਾਂ ਨੇ ਮਾਸਕੋ ਦੇ ਨੇੜੇ ਸਥਿਤ ਦੋ ਵੱਡੇ ਵੇਅਰਹਾਊਸਾਂ ਅਤੇ ਇੱਕ ਤੇਲ ਡਿਪੂ ਸਮੇਤ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪ੍ਰਮੁੱਖ ਈ-ਕਾਮਰਸ ਕੰਪਨੀ 'ਵਾਈਲਡਬੇਰੀਜ਼' ਦੇ ਦੋ ਵੇਅਰਹਾਊਸਾਂ 'ਤੇ ਹੋਏ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ। ਤਾਂਬੋਵ ਖੇਤਰ ਦੇ ਕੋਤੋਵਸਕ ਵਿੱਚ ਸਥਿਤ ਵੇਅਰਹਾਊਸ ਵਿੱਚ ਰਾਤ ਦੀ ਸ਼ਿਫਟ ਦੌਰਾਨ ਹੋਏ ਹਮਲੇ ਵਿੱਚ 7 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ।
ਇਸ ਤੋਂ ਇਲਾਵਾ, ਮਾਸਕੋ ਖੇਤਰ ਦੇ ਨੋਗਿੰਸਕ ਸ਼ਹਿਰ ਵਿੱਚ ਇੱਕ ਤੇਲ ਡਿਪੂ 'ਤੇ ਵੀ ਡਰੋਨ ਹਮਲਾ ਹੋਇਆ। ਅੱਗ ਦੇ ਖਤਰੇ ਨੂੰ ਦੇਖਦਿਆਂ ਨੇੜਲੇ ਇੱਕ ਜਣੇਪਾ ਹਸਪਤਾਲ ਅਤੇ ਰਿਹਾਇਸ਼ੀ ਇਮਾਰਤ ਨੂੰ ਸਾਵਧਾਨੀ ਵਜੋਂ ਖਾਲੀ ਕਰਵਾਇਆ ਗਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮਾਸਕੋ ਅਤੇ ਤਾਂਬੋਵ ਖੇਤਰਾਂ ਵਿੱਚ ਸਥਿਤ ਲੌਜਿਸਟਿਕ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਟਿਕਾਣਿਆਂ ਦੀ ਵਰਤੋਂ ਰੂਸ ਵੱਲੋਂ ਡਰੋਨ ਨਿਰਮਾਣ ਅਤੇ ਫੌਜੀ ਸਪਲਾਈ ਲਈ ਕੀਤੀ ਜਾ ਰਹੀ ਸੀ। ਯੂਕਰੇਨੀ ਸੈਨਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਲੈਕ ਸੀ ਅਤੇ ਆਜ਼ੋਵ ਸਾਗਰ ਵਿੱਚ ਤੇਲ ਅਤੇ ਫੌਜੀ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਦੂਜੇ ਪਾਸੇ, ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਤੋ-ਰਾਤ ਰੂਸ ਦੇ 19 ਖੇਤਰਾਂ ਅਤੇ ਕ੍ਰੀਮੀਆ ਉੱਪਰ ਉੱਡ ਰਹੇ 379 ਯੂਕਰੇਨੀ ਡਰੋਨਾਂ ਨੂੰ ਮਾਰ ਗਿਰਾਇਆ ਹੈ। ਫਿਲਹਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਮਲਿਆਂ ਦੀ ਤੀਬਰਤਾ ਵਿੱਚ ਭਾਰੀ ਵਾਧਾ ਹੋਇਆ ਹੈ।
ਵੇਨੇਜ਼ੁਏਲਾ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 5,000 ਦੇ ਪਾਰ
NEXT STORY