ਕਾਬੁਲ (ਐ.ਐੱਨ.ਆਈ.): ਅਫਗਾਨਿਸਤਾਨ ਵਿੱਚ ਤਾਲਿਬਾਨ ਪ੍ਰਸ਼ਾਸਨ ਦੇ ਉਚੇਰੀ ਸਿੱਖਿਆ ਮੰਤਰਾਲੇ ਨੇ ਵੱਡੀ ਕਾਰਵਾਈ ਕਰਦਿਆਂ 9 ਪ੍ਰਾਈਵੇਟ ਉੱਚ ਸਿੱਖਿਆ ਸੰਸਥਾਵਾਂ ਦੇ ਸੰਚਾਲਨ ਲਾਇਸੈਂਸ ਮੁਅੱਤਲ ਜਾਂ ਰੱਦ ਕਰ ਦਿੱਤੇ ਹਨ। ਇਹ ਫੈਸਲਾ ਨਿਰੀਖਣ ਦੌਰਾਨ ਸਾਹਮਣੇ ਆਈਆਂ ਪ੍ਰਸ਼ਾਸਨਿਕ ਕਮੀਆਂ ਅਤੇ ਅਕਾਦਮਿਕ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਤੋਂ ਬਾਅਦ ਲਿਆ ਗਿਆ ਹੈ।
ਖਾਮਾ ਪ੍ਰੈਸ ਦੀ ਰਿਪੋਰਟ ਅਨੁਸਾਰ ਜਾਂਚ ਦੌਰਾਨ ਕਈ ਸੰਸਥਾਵਾਂ ਵਿੱਚ 'ਗੋਸਟ ਸਟੂਡੈਂਟਸ' ਮਤਲਬ ਅਜਿਹੇ ਵਿਦਿਆਰਥੀ ਜੋ ਸਿਰਫ਼ ਰਿਕਾਰਡ ਵਿੱਚ ਸਨ ਪਰ ਹਾਜ਼ਰ ਨਹੀਂ ਹੁੰਦੇ ਸਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹਾਜ਼ਰੀ ਰਿਕਾਰਡ ਵਿੱਚ ਗੜਬੜੀ, ਪਾਬੰਦੀਸ਼ੁਦਾ ਵਿਦਿਆਰਥੀਆਂ ਨੂੰ ਫਾਈਨਲ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਦੇਣਾ ਅਤੇ ਲੋੜੀਂਦੇ ਅਕਾਦਮਿਕ ਢਾਂਚੇ ਦੀ ਘਾਟ ਵਰਗੇ ਦੋਸ਼ ਵੀ ਲਗਾਏ ਗਏ ਹਨ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਪ੍ਰਸ਼ਾਸਨ ਦੇ ਅਧੀਨ ਅਫਗਾਨਿਸਤਾਨ ਦੇ ਉੱਚ ਸਿੱਖਿਆ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ 1405 ਸੂਰਜੀ ਸਾਲ ਦੇ ਬਸੰਤ ਸਮੈਸਟਰ ਦੌਰਾਨ ਕੀਤੇ ਗਏ ਨਿਰੀਖਣ ਅਤੇ ਮੁਲਾਂਕਣਾਂ ਤੋਂ ਬਾਅਦ 7 ਸੰਸਥਾਵਾਂ ਦੇ ਲਾਇਸੈਂਸ ਇੱਕ ਸਾਲ ਲਈ ਮੁਅੱਤਲ ਕਰ ਦਿੱਤੇ ਗਏ ਹਨ, ਜਦੋਂ ਕਿ 2 ਹੋਰਾਂ ਦੇ ਲਾਇਸੈਂਸ ਸਥਾਈ ਤੌਰ 'ਤੇ ਰੱਦ ਕਰ ਦਿੱਤੇ ਗਏ ਹਨ।,

ਇੱਕ ਸਾਲ ਦੀ ਮੁਅੱਤਲੀ ਦਾ ਸਾਹਮਣਾ ਕਰਨ ਵਾਲੀਆਂ ਯੂਨੀਵਰਸਿਟੀਆਂ ਵਿੱਚ ਜੌਜ਼ਜਾਨ ਵਿੱਚ ਬਾਰਲਾਸ ਯੂਨੀਵਰਸਿਟੀ, ਬਲਖ ਵਿੱਚ ਰਾਹ-ਏ-ਸਆਦਤ ਅਤੇ ਤੁਰਕਿਸਤਾਨ ਯੂਨੀਵਰਸਿਟੀ, ਬਦਖਸ਼ਾਨ ਵਿੱਚ ਅਜ਼ਹਰ ਅਤੇ ਬਰਨਾ ਯੂਨੀਵਰਸਿਟੀ, ਫਰਿਆਬ ਵਿੱਚ ਰਸ਼ਾਦ ਯੂਨੀਵਰਸਿਟੀ ਅਤੇ ਕਾਬੁਲ ਵਿੱਚ ਪਯਾਮ ਯੂਨੀਵਰਸਿਟੀ ਸ਼ਾਮਲ ਹਨ। ਇੱਕ ਮੰਤਰਾਲੇ ਦੇ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ, ਖਾਮਾ ਪ੍ਰੈਸ ਨੇ ਕਿਹਾ ਕਿ ਕੁੰਦੂਜ਼ ਵਿੱਚ ਕੋਹਾਂਦੁਜ਼ ਯੂਨੀਵਰਸਿਟੀ ਅਤੇ ਤੱਖਰ ਵਿੱਚ ਖਾਨਾ-ਏ ਦਾਨਿਸ਼ ਯੂਨੀਵਰਸਿਟੀ ਦੇ ਲਾਇਸੈਂਸ ਸਥਾਈ ਤੌਰ 'ਤੇ ਰੱਦ ਕਰ ਦਿੱਤੇ ਗਏ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਸੰਸਥਾਵਾਂ ਵਿੱਚ ਮੈਡੀਕਲ ਵਿਦਿਆਰਥੀਆਂ ਲਈ ਪ੍ਰਯੋਗਸ਼ਾਲਾ ਦੇ ਉਪਕਰਨਾਂ ਦੀ ਭਾਰੀ ਘਾਟ ਸੀ। ਮੰਤਰਾਲੇ ਨੇ ਇਹ ਵੀ ਦੋਸ਼ ਲਾਇਆ ਕਿ ਇਹ ਯੂਨੀਵਰਸਿਟੀਆਂ ਮਨਜ਼ੂਰਸ਼ੁਦਾ ਸਿਲੇਬਸ ਨਹੀਂ ਪੜ੍ਹਾ ਰਹੀਆਂ ਸਨ ਅਤੇ ਵਿਦਿਆਰਥੀਆਂ ਨੂੰ ਹਸਪਤਾਲਾਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦੇ ਉਚਿਤ ਮੌਕੇ ਨਹੀਂ ਦਿੱਤੇ ਜਾ ਰਹੇ ਸਨ। ਕੁਝ ਥਾਵਾਂ 'ਤੇ ਤਾਂ ਕਲਾਸਾਂ ਦਾ ਸਮਾਂ ਤੈਅ ਸੀ ਪਰ ਮੌਕੇ 'ਤੇ ਕਮਰੇ ਖਾਲੀ ਪਾਏ ਗਏ। ਇਹ ਕਾਰਵਾਈ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ 2021 ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦਾ ਉਚੇਰੀ ਸਿੱਖਿਆ ਖੇਤਰ ਲਗਾਤਾਰ ਦਬਾਅ ਹੇਠ ਹੈ। ਔਰਤਾਂ ਅਤੇ ਕੁੜੀਆਂ ਦੀ ਸਿੱਖਿਆ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੇ ਪਹਿਲਾਂ ਹੀ ਨਿੱਜੀ ਸੰਸਥਾਵਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਇਸ ਨਵੀਂ ਸਖ਼ਤੀ ਨੇ ਸਿੱਖਿਆ ਪ੍ਰਣਾਲੀ ਦੇ ਭਵਿੱਖ 'ਤੇ ਹੋਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੂਤੀ ਬਾਗੀਆਂ ਦਾ ਸਾਊਦੀ ਅਰਬ ’ਤੇ ਵੱਡਾ ਹਮਲਾ, ਅਰਾਮਕੋ ਤੇਲ ਰਿਫਾਇਨਰੀ ’ਤੇ ਡਰੋਨਾਂ ਨਾਲ ਦਾਗੀਆਂ ਮਿਜ਼ਾਈਲਾਂ
NEXT STORY